Punjab

ਟਰੈਕਟਰ ਮਾਰਚ 30 ਨੂੰ: ਲੈਂਡ-ਪੂਲਿੰਗ ਖਿਲਾਫ਼ ਹਿੱਕ ਠੋਕ ਕੇ ਖੜ੍ਹ ਗਏ ਕਿਸਾਨ !

ਕਿਸਾਨਾਂ ਨੇ ਫਲੈਕਸ ਬੋਰਡਾਂ ਲਗਾ ਦਿੱਤੇ ਕਿ, 'ਲੈਂਡ ਪੂਲਿੰਗ ਸਬੰਧੀ ਸਬੰਧੀ ਝੂਠੇ ਫਾਇਦੇ ਦੱਸਣ ਵਾਲੇ ਪੰਜਾਬ ਦੇ ਕਿਸੇ ਵੀ ਮੰਤਰੀ, ਐਮ.ਐਲ.ਏ. ਜਾਂ ਕੋਈ ਹੋਰ ਆਗੂ ਦੇ ਪਿੰਡ ਠੂਠਿਆਂਵਾਲੀ ਵਿੱਚ ਵੜਨ ਦੀ ਕੋਸ਼ਿਸ ਨਾ ਕਰਨ।

ਮਾਨਸਾ – ਮਾਨਸਾ ਜਿਲ੍ਹੇ ਦੇ ਪਿੰਡ ਠੂਠਿਆਂਵਾਲੀ ਦੇ ਕਿਸਾਨਾਂ ਦੀ 212 ਏਕੜ ਜ਼ਮੀਨ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਤਹਿਤ ਰੋਕਣ ਦੇ ਕੀਤੇ ਨਾਦਰਸ਼ਾਹੀ ਫਰਮਾਨਾਂ ਖਿਲਾਫ਼ ਇੱਕਜੁੱਟ ਹੁੰਦਿਆਂ, ਕਿਸੇ ਵੀ ਕਿਸਾਨ ਵੱਲੋਂ ਜ਼ਮੀਨ ਨਾ ਦੇਣ ਦਾ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਅਤੇ ਪਿੰਡ ਦੀਆਂ ਗਲੀਆਂ ਵਿੱਚ ਲਿਖਤੀ ਫਲੈਕਸ ਬੋਰਡ ਲਾ ਦਿੱਤੇ ਹਨ। ਫਲੈਕਸ ਬੋਰਡਾਂ ‘ਤੇ ਲਿਖਿਆ ਹੈ ਕਿ ਜ਼ਮੀਨ ਰੋਕਣ ਸਬੰਧੀ ਝੂਠੇ ਫਾਇਦੇ ਦੱਸਣ ਵਾਸਤੇ ਰਾਜ ਕਰਤਾ ਪਾਰਟੀ ਦਾ ਕੋਈ ਮੰਤਰੀ, ਐਮ.ਐਲ.ਏ. ਜਾਂ ਕੋਈ ਹੋਰ ਆਗੂ ਸਾਡੇ ਪਿੰਡ ਠੂਠਿਆਂਵਾਲੀ ਵਿੱਚ ਵੜਨ ਦੀ ਕੋਸ਼ਿਸ ਨਾ ਕਰੇ। ਜੇਕਰ ਰੋਕਣ ਦੇ ਬਾਵਜੂਦ ਪਿੰਡ ਵਾਸੀਆਂ ਦੇ ਫੈਸਲੇ ਦਾ ਕੋਈ ਉਲੰਘਣ ਕਰੇਗਾ ਤਾਂ ਉਸਨੂੰ ਪਿੰਡ ਵਿੱਚ ਹੀ ਘੇਰ ਕੇ ਬਿਠਾਇਆ ਜਾਵੇਗਾ। ਪਿੰਡ ਦੀ ਜ਼ਮੀਨ ਬਚਾਓ ਸੰਘਰਸ਼ ਕਮੇਟੀ ਵੱਲੋਂ ਜ਼ੋਰ ਦੇ ਕੇ ਕਿਹਾ ਗਿਆ ਕਿ ਪਿੰਡ ਵਾਸੀ ਆਪਣੀਆਂ ਜ਼ਮੀਨਾਂ ਦੀ ਰਾਖੀ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਨ ਪਰ ਕਲੋਨੀਆਂ ਕੱਟਣ ਵਾਸਤੇ ਇੱਕ ਮਰਲਾ ਵੀ ਜ਼ਮੀਨ ਨਹੀਂ ਦਿੱਤੀ ਜਾਵੇਗੀ।

ਇਸ ਮੌਕੇ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ, ‘ਉਨ੍ਹਾਂ ਦੀ ਜਥੇਬੰਦੀ ਅਤੇ ਸਮੁੱਚਾ ਸੰਯੁਕਤ ਕਿਸਾਨ ਮੋਰਚਾ ਕਿਸਾਨਾਂ ਨਾਲ ਹਿੱਕ ਡਾਹ ਕੇ ਖੜ੍ਹਾ ਹੈ। ਸਰਕਾਰ ਦੇ ਜ਼ਮੀਨਾਂ ਖੋਹਣ ਦੇ ਫੈਸਲੇ ਖਿਲਾਫ਼ ਤਿੱਖੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। 30 ਜੁਲਾਈ ਨੂੰ ਪਿੰਡਾਂ ਵਿੱਚ ਸਰਕਾਰ ਦੇ ਖਿਲਾਫ ਟਰੈਕਟਰ ਮਾਰਚ ਕੀਤੇ ਜਾਣਗੇ। 24 ਅਗਸਤ ਨੂੰ ਲੁਧਿਆਣਾ ਜਿਲ੍ਹੇ ਦੇ ਮੁੱਲਾਂਪੁਰ ਵਿਖੇ ਸੂਬਾ ਪੱਧਰੀ ਵੱਡੀ ਰੈਲੀ ਕੀਤੀ ਜਾਵੇਗੀ। ਕਿਸਾਨ ਆਗੂ ਨੇ ਕਿਹਾ ਕਿ ਕਿਸੇ ਵੀ ਸੂਬੇ ਦੇ ਮੁੱਖ-ਮੰਤਰੀ ਦਾ ਕੰਮ ਹੁੰਦਾ ਹੈ ਕਿ ਉਹ ਲੋਕਾਂ ਦੇ ਮਸਲੇ ਹੱਲ ਕਰੇ ਪਰ ਪੰਜਾਬ ਦਾ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦਾ ਪਹਿਲਾ ਮੁੱਖ-ਮੰਤਰੀ ਹੈ ਜੋ ਸੂਬੇ ਦੇ ਕਿਸਾਨਾਂ ਲਈ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਕਰ ਰਿਹਾ ਹੈ। ਭਗਵੰਤ ਮਾਨ ਮੁੱਖ-ਮੰਤਰੀ ਨਾ ਹੋ ਕੇ ਕੰਪਨੀਆਂ ਦੇ ਲਈ ਪ੍ਰੋਪਰਟੀ ਡੀਲਰ ਦਾ ਕੰਮ ਜੋਰਸ਼ੋਰ ਨਾਲ ਕਰ ਰਿਹਾ ਹੈ। ਖੁਦ ਕਿਸਾਨਾਂ ਦੀਆਂ ਜ਼ਮੀਨਾਂ ਕਿਸਾਨਾਂ ਕੋਲੋਂ ਖੋਹ ਕੇ ਪਲਾਟ ਦੇਣ ਦੇ ਸ਼ੋਸ਼ੇ ਛੱਡ ਕੇ ਕਿਸਾਨਾਂ ਨੂੰ ਅਮੀਰ ਕਰਨ ਦੇ ਫੋਕੇ ਸਬਜ਼ਬਾਜ ਦਿਖਾ ਰਿਹਾ ਹੈ ਜਿਸਨੂੰ ਕਿਸਾਨ ਬਰਦਾਸਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤੋਂ ਲੈ ਕੇ ਪੰਜਾਬ ਸਰਕਾਰ ਦਾ ਪੂਰਾ ਅਮਲਾ-ਫੈਲਾ ਕਾਰਪੋਰੇਟ ਘਰਾਣਿਆਂ ਦਾ ਪਾਣੀ ਭਰ ਰਿਹਾ ਹੈ। ਪੰਜਾਬੀਆਂ ਕੋਲੋਂ ਜ਼ਮੀਨ ਤੋਂ ਲੈ ਕੇ ਜੋ ਕੁੱਝ ਵੀ ਹੈ ਉਸਨੂੰ ਖੋਹ ਕੇ ਸਾਮਰਾਜੀਆਂ ਦੇ ਹਵਾਲੇ ਕਰਨ ਲਈ ਪੂਰਾ ਜ਼ੋਰ ਲਾ ਰਿਹਾ ਹੈ। ਕਿਸਾਨ ਆਗੂ ਨੇ ਕਿਸਾਨਾਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਮੀਨਾਂ ਬਚਾਉਣ ਲਈ ਸ਼ੁਰੂ ਕੀਤੇ ਅੰਦੋਲਨ ਵਿੱਚ ਸ਼ਾਮਲ ਹੋਣ।’

ਇਸ ਮੌਕੇ ਜ਼ਮੀਨ ਬਚਾਓ ਕਮੇਟੀ ਦੇ 11 ਮੈਂਬਰਾਂ ਤੋਂ ਇਲਾਵਾ ਅਵਤਾਰ ਸਿੰਘ, ਮੇਜਰ ਸਿੰਘ, ਜਨਕ ਸਿੰਘ ਠੂਠਿਆਂਵਾਲੀ, ਭੋਲਾ ਸਿੰਘ ਮਾਖਾ, ਬਲਾਕ ਮਾਨਸਾ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ, ਮਹਿੰਦਰ ਸਿੰਘ, ਲਾਭ ਸਿੰਘ, ਪੱਪੀ ਸਿੰਘ ਅਤੇ ਬੀ.ਕੇ.ਯੂ. ਡਕੌਂਦਾ ਧਨੇਰ ਦੇ ਮੱਖਣ ਸਿੰਘ ਭੈਣੀ ਬਾਘਾ ਨੇ ਵੀ ਸੰਬੋਧਨ ਕੀਤਾ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਸਾਡਾ ਉਦੇਸ਼ ਪੰਜਾਬ ਦੇ ਉਦਯੋਗਾਂ ਨੂੰ ਹਰ ਉਸ ਸਹੂਲਤ ਨਾਲ ਲੈਸ ਕਰਨਾ ਹੈ: ਸੰਜੀਵ ਅਰੋੜਾ

admin

ਅਹਿੰਸਾ ਦਿਵਸ ਵਜੋਂ 27 ਅਗਸਤ ਨੂੰ ਮੀਟ ਦੀਆਂ ਦੁਕਾਨਾਂ ਤੇ ਅਹਾਤੇ ਬੰਦ ਰੱਖਣ ਦੇ ਹੁਕਮ !

admin