ਅੰਮ੍ਰਿਤਸਰ – ਦੇਸ਼, ਸਮਾਜ, ਸਰਕਾਰੀ ਜਾਂ ਗੈਰ-ਸਰਕਾਰੀ ਅਦਾਰਿਆਂ ਅਤੇ ਉਦਯੋਗ ਦੀ ਸਫ਼ਲਤਾ ’ਚ ਮਜ਼ਦੂਰ ਦੀ ਅਹਿਮ ਭੂਮਿਕਾ ਹੁੰਦੀ ਹੈ। ਜੇਕਰ ਕੰਮ ਕਰਨ ਵਾਲੇ ਵਰਕਰ ਨੂੰ ਨੌਕਰੀ ਦੌਰਾਨ ਉਸ ਨੂੰ ਬਣਦੀ ਹਰੇਕ ਵਾਜਿਬ ਸੁਵਿਧਾ, ਮਿਹਨਤ ਦਾ ਪੂਰਾ ਮੁੱਲ ਅਤੇ ਮਾਣ-ਸਤਿਕਾਰ ਦਿੱਤੇ ਜਾਵੇ ਤਾਂ ਹੀ ਅਸਲ ਮਾਇਨਿਆਂ ’ਚ ਮਜ਼ੂਦਰ ਦਿਵਸ ਮਨਾਇਆ ਜਾਣਾ ਸਫ਼ਲ ਹੈ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਇਕ ਅਜਿਹੀ ਮਾਣਮੱਤੀ ਸੰਸਥਾ ਹੈ, ਜਿਸ ਅਧੀਨ ਆਉਂਦੇ ਸਮੂੰਹ ਵਿੱਦਿਅਕ ਅਦਾਰਿਆਂ ’ਚ ਹਰੇਕ ਵਰਕਰ ਨੂੰ ਉਸ ਦਾ ਬਣਦਾ ਹੱਕ, ਮਾਣ-ਸਤਿਕਾਰ ਅਤੇ ਸਹੂਲਤਾਂ ਪ੍ਰਦਾਨ ਕਰਨ ਲਈ ਯਤਨ ਕੀਤੇ ਜਾਂਦੇ ਹਨ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਖ਼ਾਲਸਾ ਕਾਲਜ ਚਵਿੰਡਾ ਦੇਵੀ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਮਜ਼ਦੂਰ ਦਿਵਸ ਦੇ ਸਬੰਧ ’ਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਅਦਾਰਿਆਂ ’ਚ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਕ੍ਰਮਵਾਰ ਪ੍ਰਿੰਸੀਪਲ ਸ: ਗੁਰਦੇਵ ਸਿੰਘ ਅਤੇ ਸ: ਅਮਰਜੀਤ ਸਿੰਘ ਗਿੱਲ ਵੱਲੋਂ ਸਾਂਝੇ ਤੌਰ ’ਤੇ ਸਨਮਾਨਿਤ ਕਰਦਿਆਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਾਡੇ ਦੇਸ਼, ਸਮਾਜ, ਸੰਸਥਾਵਾਂ ਅਤੇ ਪਰਿਵਾਰਾਂ ਦਾ ਅਸਲੀ ਮਾਣ ਅਜਿਹੇ ਮਿਹਨਤੀ ਲੋਕ ਹਨ ਜਿਨ੍ਹਾਂ ਦੇ ਆਸਰੇ ਅਸੀਂ ਦਫਤਰਾਂ ’ਚ ਬੈਠ ਕੇ ਨਿਸ਼ਚਿੰਤ ਹੋ ਕੇ ਕੰਮ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਜਿਹੇ ਮਿਹਨਤੀ ਲੋਕਾਂ ਪ੍ਰਤੀ ਸਾਡੇ ਮਨਾਂ ’ਚ ਹਮੇਸ਼ਾਂ ਮਾਣ-ਸਤਿਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਇਕ ਮਈ ਦਾ ਦਿਹਾੜਾ ਸਭ ਤੋਂ ਪਹਿਲਾਂ ਚੇਨੱਈ ’ਚ 1 ਮਈ 1923 ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਇਸ ਨੂੰ ਮਦਰਾਸ ਦਿਵਸ ਵਜੋਂ ਪ੍ਰਵਾਨਿਤ ਕਰ ਲਿਆ ਗਿਆ ਸੀ।
ਇਸ ਮੌਕੇ ਪ੍ਰਿੰ: ਗੁਰਦੇਵ ਸਿੰਘ ਅਤੇ ਪ੍ਰਿੰ: ਸ: ਗਿੱਲ ਨੇ ਕਿਹਾ ਕਿ ਉਕਤ ਦਿਵਸ ਦੀ ਸ਼ੁਰੂਆਤ ਭਾਰਤੀ ਮਜ਼ਦੂਰ ਕਿਸਾਨ ਪਾਰਟੀ ਦੇ ਨੇਤਾ ਕਾਮਰੇਡ ਸਿੰਗਰਾਵੇਲੂ ਚੇਟਿਆਰ ਨੇ ਸ਼ੁਰੂ ਕੀਤੀ ਸੀ। ਮਦਰਾਸ ਦੇ ਹਾਈਕੋਰਟ ਸਾਹਮਣੇ ਮੁਜਾਹਰਾ ਕਰ ਕੇ ਇਕ ਮਤਾ ਪਾਸ ਕਰ ਕੇ ਇਹ ਸਹਿਮਤੀ ਬਣਾਈ ਗਈ ਕਿ ਇਸ ਦਿਵਸ ਨੂੰ ਭਾਰਤ ’ਚ ਵੀ ਕਾਮੇ ਦਿਵਸ ਵਜੋਂ ਮਨਾਇਆ ਜਾਵੇ ਅਤੇ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਪਹਿਲੀ ਮਈ ਨੂੰ ਹਿੰਦੁਸਤਾਨ ਸਮੇਤ 80 ਮੁਲਕਾਂ ’ਚ ਉਕਤ ਦਿਵਸ ਮਨਾਇਆ ਜਾਂਦਾ ਹੈ। ਚਵਿੰਡਾ ਦੇਵੀ ਵਿਖੇ ਪ੍ਰਿੰ: ਗੁਰਦੇਵ ਸਿੰਘ ਨੇ ਅਧਿਆਪਕਾਂ ਨਾਲ ਮਿਲ ਕੇ ਮਿਹਨਤੀ ਹੱਥਾਂ ਸਰਬਜੀਤ ਕੌਰ, ਲਵਪ੍ਰੀਤ ਕੌਰ, ਰਣਜੀਤ ਕੌਰ (ਸਫਾਈ ਸੇਵਿਕਾ) ਅਤੇ ਰਣਧੀਰ ਸਿੰਘ, ਕਵਲ (ਮਾਲੀ) ਨੂੰ ਅਤੇ ਪਬਲਿਕ ਸਕੂਲ ਵਿਖੇ ਪ੍ਰਿੰ: ਸ: ਗਿੱਲ ਵੱਲੋਂ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ।