ਨਵੀਂ ਦਿੱਲੀ – ਰਾਸ਼ਟਰੀ ਰਾਜਧਾਨੀ ਦਿੱਲੀ ’ਚ ਦੀਵਾਲੀ ਮੌਕੇ ਪਟਾਕੇ ਚਲਾਉਣ ’ਤੇ ਬੈਨ ਲਗਾਇਆ ਗਿਆ ਹੈ। ਪਟਾਕਿਆਂ ’ਤੇ ਪਾਬੰਦੀ ਨੂੰ ਲੈ ਕੇ ਉੱਠ ਰਹੇ ਸਵਾਲਾਂ ਦਰਮਿਆਨ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ,’’ਇਹ ਤਾਂ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਪਟਾਕੇ ਨਾ ਚਲਾਓ। ਅਜਿਹਾ ਕਰ ਕੇ ਅਸੀਂ ਆਪਣੇ ਉੱਪਰ ਹੀ ਅਹਿਸਾਨ ਕਰ ਰਹੇ ਹਾਂ। ਇਸ ’ਚ ਹਿੰਦੂ ਮੁਸਲਮਾਨ ਵਰਗੀ ਕੋਈ ਗੱਲ ਨਹੀਂ ਹੈ।’’ ਕੇਜਰੀਵਾਲ ਨੇ ਕਿਹਾ ਕਿ ਪ੍ਰਦੂਸ਼ਣ ਦੇ ਮੱਦੇਨਜ਼ਰ ਸਾਨੂੰ ਪਟਾਕਿਆਂ ਦੇ ਬਦਲੇ ਦੀਵੇ ਜਗਾਉਣੇ ਚਾਹੀਦੇ ਹਨ, ਇਹ ਲਾਈਟਾਂ ਦਾ ਤਿਉਹਾਰ ਹੈ, ਦੀਵੇ ਅਤੇ ਮੋਮਬੱਤੀਆਂ ਜਗਾ ਕੇ ਤਿਉਹਾਰ ਮਨਾਓ ਨਾ ਕਿ ਪਟਾਕੇ ਚਲਾ ਕੇ। ਉਨ੍ਹਾਂ ਨੇ ਅੱਗੇ ਕਿਹਾ ਕਿ ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਹੁੰਦਾ ਹੈ, ਇਸ ’ਚ ਕੋਈ ਹਿੰਦੂ ਮੁਸਲਮਾਨ ਦੀ ਗੱਲ ਨਹੀਂ ਹੈ, ਸਾਰਿਆਂ ਦੀ ਜ਼ਿੰਦਗੀ ਜ਼ਰੂਰੀ ਹੈ।
ਦੱਸਣਯੋਗ ਹੈ ਕਿ ਦੀਵਾਲੀ ਤੋਂ ਇਕ ਦਿਨ ਪਹਿਲਾਂ ਯਾਨੀ ਕਿ ਬੁੱਧਵਾਰ ਨੂੰ ਹਵਾ ਪ੍ਰਦੂਸ਼ਣ ਕਾਫੀ ਵੱਧ ਗਿਆ ਹੈ ਅਤੇ 8 ਨਿਗਰਾਨੀ ਸਟੇਸ਼ਨਾਂ ਮੁਤਾਬਕਾਂ ਹਵਾ ਗੁਣਵੱਤਾ ’ਬਹੁਤ ਖਰਾਬ ਸ਼੍ਰੇਣੀ’ ਵਿਚ ਦਰਜ ਕੀਤੀ ਗਈ ਹੈ। ਦਿੱਲੀ ਵਿਚ ਸਵੇਰੇ 9 ਵਜੇ ਹਵਾ ਗੁਣਵੱਤਾ (ਏ.ਕਿਊ.ਆਈ.) 278 ਦਰਜ ਕੀਤਾ ਗਿਆ, ਜੋ ਇਕ ਦਿਨ ਪਹਿਲਾਂ ਮੰਗਲਵਾਰ ਨੂੰ 268 ਦਰਜ ਕੀਤਾ ਗਿਆ ਸੀ। ਸੋਮਵਾਰ ਨੂੰ ਏ.ਕਿਊ.ਆਈ. 304 ਦਰਜ ਕੀਤਾ ਗਿਆ ਅਤੇ ਐਤਵਾਰ ਨੂੰ ਇਹ 359 ਸੀ। ਦੱਸ ਦੇਈਏ ਕਿ 0 ਅਤੇ 50 ਦੇ ਵਿਚਕਾਰ ਹਵਾ ਗੁਣਵੱਤਾ ਸੂਚਕਾਂਕ ਨੂੰ ’ਚੰਗਾ’ ਮੰਨਿਆ ਜਾਂਦਾ ਹੈ, 51 ਅਤੇ 100 ਦੇ ਵਿਚਕਾਰ ’ਤਸੱਲੀਬਖਸ਼’, 101 ਅਤੇ 200 ਦੇ ਵਿਚਕਾਰ ’ਮੱਧਮ’, 201 ਅਤੇ 300 ਦੇ ਵਿਚਕਾਰ ’ਮਾੜਾ’, 301 ਅਤੇ 400 ਦੇ ਵਿਚਕਾਰ ’ਬਹੁਤ ਮਾੜਾ’ ਅਤੇ 401 ਅਤੇ 500 ਵਿਚਕਾਰ ’ਗੰਭੀਰ’ ਮੰਨਿਆ ਜਾਂਦਾ ਹੈ।