ਅੰਮ੍ਰਿਤਸਰ – ਖ਼ਾਲਸਾ ਕਾਲਜ ਵਿਖੇ ਪੰਜਾਬੀ ਵਿਭਾਗ ਵੱਲੋਂ ਪ੍ਰਸਿੱਧ ਪਰਵਾਸੀ ਸਾਹਿਤਕਾਰ ਡਾ. ਪ੍ਰੇਮ ਮਾਨ ਅਤੇ ਹਰਕੀਰਤ ਕੌਰ ਚਹਿਲ ਦਾ ਰੂਬਰੂ ਕਰਵਾਇਆ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੀ ਯੋਗ ਅਗਵਾਈ ਅਧੀਨ ਸਮਾਗਮ ਦੇ ਆਰੰਭ ’ਚ ਵਿਭਾਗ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ। ਇਸ ਸਮੇਂ ਉਨ੍ਹਾਂ ਨੇ ਇਨ੍ਹਾਂ ਪ੍ਰਸਿੱਧ ਸਾਹਿਤਕਾਰਾਂ ਦੀ ਪੰਜਾਬੀ ਸਾਹਿਤ ਪ੍ਰਤੀ ਚੇਤਨਾ ਅਤੇ ਚਿੰਤਨ ਸਬੰਧੀ ਵਿਚਾਰ ਪੇਸ਼ ਕਰਦਿਆਂ ਪੰਜਾਬੀ ਸਾਹਿਤ ’ਚ ਪਾਏ ਯੋਗਦਾਨ ਦੀ ਪ੍ਰਸੰਸਾ ਕੀਤੀ।
ਇਸ ਉਪਰੰਤ ਡਾ. ਮਾਨ ਨੇ ਸਾਹਿਤਕ ਸਫ਼ਰ ਨਾਲ ਜੁੜੇ ਤਜ਼ਰਬਿਆਂ ਨੂੰ ਸਾਂਝਿਆਂ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸਾਹਿਤ ਪੜ੍ਹਨ ਦੀ ਚੇਟਕ ਆਪਣੇ ਅਧਿਆਪਕਾਂ ਤੋਂ ਨੌਵੀਂ ਦਸਵੀਂ ਦੇ ਸਮੇਂ ਦੌਰਾਨ ਹੀ ਲੱਗ ਚੁੱਕੀ ਸੀ। ਉਚੇਰੀ ਪੜ੍ਹਾਈ ਉਨ੍ਹਾਂ ਨੇ ਅਰਥ-ਸ਼ਾਸਤਰ ਵਿਸ਼ੇ ’ਚ ਲੰਡਨ ਸਕੂਲ ਆਫ਼ ਇਕਨਾਮਿਕਸ ਅਤੇ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਤੋਂ ਪ੍ਰਾਪਤ ਕੀਤੀ। ਇਸ ਉਪਰੰਤ ਨਿਊਯਾਰਕ ਦੀ ਯੂਨੀਵਰਸਿਟੀ ਵਿਚ ਅਧਿਆਪਨ ਕਾਰਜ ਕੀਤਾ। ਇਸੇ ਸਮੇਂ ਦੌਰਾਨ ਉਹਨਾਂ ਨੇ ਵੱਖ-ਵੱਖ ਅਹੁਦਿਆਂ ਦੇ ਰਹਿ ਕੇ ਆਪਣੀਆਂ ਸੇਵਾਵਾਂ ਦਿੰਦਿਆਂ ਹੋਇਆ ਕੁਝ ਸਮਾਂ ਢਾਹਾਂ ਪੁਰਸਕਾਰ ਕਮੇਟੀ ਦੇ ਸਲਾਹਕਾਰ ਰਹੇ ਅਤੇ ਬਾਅਦ ਵਿਚ ਇਸ ਕਮੇਟੀ ਦੇ ਚੇਅਰਮੈਨ ਵਜੋਂ ਕਾਰਜ ਵੀ ਕੀਤਾ। ਅਧਿਆਪਨ ਦੌਰਾਨ ਪੰਜਾਬੀ ਸਾਹਿਤ ਨਾਲ ਪੂਰੀ ਤਰ੍ਹਾਂ ਜੁੜੇ ਰਹੇ। ਅਧਿਆਪਨ ਦੇ ਕਿੱਤੇ ਤੋਂ ਰਿਟਾਇਰ ਹੋਣ ਬਾਅਦ ਉਹਨਾਂ ਨੇ ਚਲੰਤ ਸਮਾਜਿਕ ਅਤੇ ਰਾਜਨੀਤਕ ਮਸਲਿਆਂ ਉਪਰ ਲੇਖ ਅਤੇ ਕਹਾਣੀਆਂ ਲਿਖ ਕੇ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ।
ਇਸ ਉਪਰੰਤ ਸ੍ਰੀਮਤੀ ਚਹਿਲ ਨੇ ਮੁੱਢਲੀ ਵਿੱਦਿਆ ਗ੍ਰਹਿਣ ਕਰਦਿਆਂ ਅਤੇ ਵਿਦੇਸ ’ਚ ਰਹਿੰਦਿਆਂ ਪੰਜਾਬੀ ਸਾਹਿਤ ਨਾਲ ਜੁੜੇ ਰਾਬਤੇ ਬਾਰੇ ਗੱਲਬਾਤ ਕੀਤੀ। ਸਾਹਿਤਕ ਸਫ਼ਰ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਹਾਣੀਆਂ ਅਤੇ ਨਾਵਲਾਂ ਰਾਹੀਂ ਪਰਵਾਸੀਆਂ ਦੇ ਜੀਵਨ ਸੰਕਟ ਦੇ ਕਈ ਪਹਿਲੂਆਂ ਨੂੰ ਪੇਸ਼ ਕੀਤਾ ਹੈ। ਉਹਨਾਂ ਨੇ ਵਿਦੇਸਾਂ ਵਿਚ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਜੋਕੀ ਪੀੜ੍ਹੀ ਦੀ ਬਿਨਾਂ ਸੋਚੇ ਸਮਝੇ ਬਾਹਰ ਜਾਣ ਦੀ ਹੋੜ ਉਹਨਾਂ ਲਈ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਵਿਅਕਤੀ ਨੂੰ ਆਪਣੀ ਮੁੱਢਲੀ ਯੋਗਤਾ ਅਤੇ ਕੰਮ ਪ੍ਰਤੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਹੀ ਵਿਦੇਸ ਜਾਣ ਦਾ ਸੁਪਨਾ ਲੈਣਾ ਚਾਹੀਦਾ ਹੈ। ਆਪਣੀਆਂ ਰਚਨਾਵਾਂ ਦੇ ਪ੍ਰਸੰਗ ਵਿਚ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਮੇਰੀ ਹਮੇਸ਼ਾਂ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਜਿਹਾ ਸਿਰਜਾ ਜਿਸ ਨਾਲ ਪਾਠਕਾਂ ਨੂੰ ਨਵੀਂ ਸੇਧ ਮਿਲਦੀ ਰਹੇ।
ਸਮਾਗਮ ਦੇ ਅੰਤ ਵਿਚ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵਿਭਾਗ ਦੇ ਮੁਖੀ ਅਤੇ ਸਮੂਹ ਅਧਿਆਪਕ ਸਹਿਬਾਨ ਦੁਆਰਾ ਕਾਲਜ ਦੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਪ੍ਰੋਗਰਾਮ ਦੇ ਕਨਵੀਨਰ ਡਾ. ਹੀਰਾ ਸਿੰਘ ਦੁਆਰਾ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਅਤਿੰਦਰ ਸੰਧੂ, ਕਮਲ ਗਿੱਲ, ਭਗਵੰਤ ਰਸੂਲਪੁਰੀ, ਕਹਾਣੀਕਾਰਾ ਡਾ. ਸਰਘੀ, ਜਸਪਾਲ ਕੌਰ, ਸਤਬੀਰ ਅਤੇ ਪਰਵਾਸੀ ਲੇਖਕ ਡਾ. ਕਰਨੈਲ ਸਿੰਘ ਸ਼ੇਰਗਿੱਲ, ਰਮਿੰਦਰ ਵਾਲੀਆ ਤੋਂ ਇਲਾਵਾ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕ ਹਾਜ਼ਰ ਸਨ।