India

ਪੀ.ਓ.ਕੇ ਵਾਸੀਆਂ ਬਾਰੇ ਰਾਜਨਾਥ ਦਾ ਵੱਡਾ ਬਿਆਨ, ਕਿਹਾ- ਤੁਹਾਨੂੰ ਭਾਰਤ ਦਾ ਹਿੱਸਾ ਬਣਨਾ ਚਾਹੀਦੈ

ਜੰਮੂ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਾਸੀਆਂ ਨੂੰ ਭਾਰਤ ਆਉਣ ਅਤੇ ਇਸ ਦਾ ਹਿੱਸਾ ਬਣਨ ਲਈ ਕਿਹਾ। ਉਨ੍ਹਾਂ ਨੇ ਪੀ.ਓ.ਕੇ ਵਾਸੀਆਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਆਪਣਾ ਮੰਨਦੇ ਹਾਂ ਜਦੋਂਕਿ ਪਾਕਿਸਤਾਨ ਤੁਹਾਨੂੰ ਵਿਦੇਸ਼ੀ ਮੰਨਦਾ ਹੈ। ਭਾਜਪਾ ਦੇ ਉਮੀਦਵਾਰ ਰਾਕੇਸ਼ ਸਿੰਘ ਠਾਕੁਰ ਦੇ ਸਮਰਥਨ ਵਿਚ ਰਾਮਬਨ ਵਿਧਾਨ ਸਭਾ ਖੇਤਰ ’ਚ ਇਕ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਨੇ ਧਾਰਾ-370 ਨੂੰ ਬਹਾਲ ਕਰਨ ਦੇ ਚੋਣਾਵੀ ਵਾਅਦੇ ਨੂੰ ਲੈ ਕੇ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ’ਤੇ ਜੰਮ ਕੇ ਨਿਸ਼ਾਨਾ ਵਿੰਨਿ੍ਹਆ ਅਤੇ ਕਿਹਾ ਕਿ ਜਦੋਂ ਤੱਕ ਭਾਜਪਾ ਹੈ, ਅਸੰਭਵ ਹੈ।
ਰਾਜਸਥਾਨ ਨੇ ਅਗਸਤ 2019 ਵਿਚ ਧਾਰਾ-370 ਰੱਦ ਕੀਤੇ ਜਾਣ ਮਗਰੋਂ ਜੰਮੂ-ਕਸ਼ਮੀਰ ਦੀ ਸੁਰੱਖਿਆ ਸਥਿਤੀ ’ਚ ਵੱਡੀ ਤਬਦੀਲੀ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਕੋਲ ਹੁਣ ਪਿਸਤੌਲਾਂ ਅਤੇ ਰਿਵਾਲਵਰਾਂ ਦੀ ਬਜਾਏ ਲੈਪਟਾਪ ਅਤੇ ਕੰਪਿਊਟਰ ਹਨ। ਆਓ ਅਸੀਂ ਜੰਮੂ-ਕਸ਼ਮੀਰ ’ਚ ਅਗਲੀ ਸਰਕਾਰ ਬਣਾਉਣ ਲਈ ਭਾਜਪਾ ਦਾ ਸਮਰਥਨ ਕਰੀਏ ਤਾਂ ਜੋ ਅਸੀਂ ਖੇਤਰ ਵਿਚ ਵੱਡੇ ਪੱਧਰ ’ਤੇ ਵਿਕਾਸ ਲਿਆ ਸਕੀਏ। ਇੰਨਾ ਵਿਕਾਸ ਹੋਵੇਗਾ ਕਿ ਪੀ.ਓ.ਕੇ ਦੇ ਲੋਕ ਵੇਖ ਕੇ ਕਹਿਣਗੇ ਕਿ ਸਾਨੂੰ ਪਾਕਿਸਤਾਨ ’ਚ ਨਹੀਂ ਰਹਿਣਾ ਹੈ, ਅਸੀਂ ਭਾਰਤ ਚਲੇ ਜਾਵਾਂਗੇ। ਰਾਜਨਾਥ ਨੇ ਕਿਹਾ ਕਿ ਗੁਆਂਢੀ ਦੇਸ਼ ਵਿਚ ਐਡੀਸ਼ਨਲ ਸਾਲਿਸਟਰ ਜਨਰਲ ਨੇ ਹਾਲ ਹੀ ਵਿਚ ਹਲਫਨਾਮਾ ਦਾਇਰ ਕਰਕੇ ਕਿਹਾ ਹੈ ਕਿ PoK ਇਕ ਵਿਦੇਸ਼ੀ ਧਰਤੀ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਮੈਂ Pok ਵਾਸੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪਾਕਿਸਤਾਨ ਤੁਹਾਨੂੰ ਵਿਦੇਸ਼ੀ ਸਮਝ ਰਿਹਾ ਹੈ ਪਰ ਭਾਰਤ ਦੇ ਲੋਕ ਤੁਹਾਨੂੰ ਅਜਿਹਾ ਨਹੀਂ ਮੰਨਦੇ। ਅਸੀਂ ਤੁਹਾਨੂੰ ਆਪਣਾ ਮੰਨਦੇ ਹਾਂ, ਇਸ ਲਈ ਆਓ ਅਤੇ ਸਾਡਾ ਹਿੱਸਾ ਬਣੋ। ਰੱਖਿਆ ਮੰਤਰੀ ਭਾਜਪਾ ਦੇ ਸਟਾਰ ਪ੍ਰਚਾਰਕ ਵਜੋਂ ਜੰਮੂ-ਕਸ਼ਮੀਰ ਦਾ ਦੌਰਾ ਕਰ ਰਹੇ ਹਨ। ਇਸ ਤੋਂ ਇਕ ਦਿਨ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਦੋ ਦਿਨਾਂ ਦੌਰੇ ਦੌਰਾਨ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਪਾਰਟੀ ਦੇ ਸੀਨੀਅਰ ਆਗੂਆਂ ਨਾਲ ਕਈ ਮੀਟਿੰਗਾਂ ਕੀਤੀਆਂ ਅਤੇ ਵਰਕਰਾਂ ਦੀ ਰੈਲੀ ਨੂੰ ਵੀ ਸੰਬੋਧਨ ਕੀਤਾ।

Related posts

ਦਿੱਲੀ ਸਰਕਾਰ ਵੱਲੋਂ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਪਟਾਕਿਆਂ ’ਤੇ ਪਾਬੰਦੀ

editor

ਸੁਪਰੀਮ ਕੋਰਟ ’ਚ ਕੋਰੋਨਾ ਵੈਕਸੀਨ ਦੇ ਮਾੜੇ ਪ੍ਰਭਾਵਾਂ ਦਾ ਦੋਸ਼ ਲਗਾਉਣ ਵਾਲੀ ਪਟੀਸ਼ਨ ਹੋਈ ਖ਼ਾਰਜ

editor

ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ.

editor