BollywoodIndia

‘ਬਟਵਾਰਾ 1947’ : ਵੰਡ ਦੇ ਦਰਦ ਅਤੇ ਇਨਸਾਨੀਅਤ ਦੀ ਕਹਾਣੀ ਪਰਦੇ ‘ਤੇ ਆਏਗੀ !

ਫ਼ਿਲਮ 'ਬਟਵਾਰਾ 1947' ਦਾ ਅਧਿਕਾਰਕ ਟ੍ਰੇਲਰ ਰਿਲੀਜ਼ ਹੋ ਗਿਆ ਹੈ।

ਮੁੰਬਈ – ਬਹੁਤ ਉਡੀਕੀ ਜਾ ਰਹੀ ਫ਼ਿਲਮ ‘ਬਟਵਾਰਾ 1947’ ਦਾ ਅਧਿਕਾਰਕ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਵਿੱਚ ਪਿਆਰ, ਵਿਛੋੜੇ, ਕੁਰਬਾਨੀ ਅਤੇ ਇਨਸਾਨੀਅਤ ਦੀ ਦਿਲ ਨੂੰ ਛੂਹਣ ਵਾਲੀ ਕਹਾਣੀ ਦਿਖਾਈ ਗਈ ਹੈ, ਜੋ ਭਾਰਤ ਦੀ ਵੰਡ ਦੇ ਦੌਰ ‘ਤੇ ਆਧਾਰਿਤ ਹੈ।

ਮੋਸ਼ਨ ਪੋਸਟਰ, ਕਿਰਦਾਰਾਂ ਦੇ ਪੋਸਟਰ ਅਤੇ ਟੀਜ਼ਰ ਨੂੰ ਮਿਲੇ ਸ਼ਾਨਦਾਰ ਹੁੰਗਾਰੇ ਤੋਂ ਬਾਅਦ ਹੁਣ ਨਿਰਮਾਤਾਵਾਂ ਨੇ ਜੈਪੁਰ ਦੇ ਮਸ਼ਹੂਰ ਰਾਜ ਮੰਦਰ ਸਿਨੇਮਾ ਵਿੱਚ ਫ਼ਿਲਮ ਦਾ ਟ੍ਰੇਲਰ ਲਾਂਚ ਕੀਤਾ। ਇਸ ਮੌਕੇ ਨਿਰਮਾਤਾ ਆਮਿਰ ਖ਼ਾਨ, ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਅਤੇ ਕਲਾਕਾਰ ਸੰਨੀ ਦਿਓਲ, ਸ਼ਬਾਨਾ ਆਜ਼ਮੀ ਅਤੇ ਕਰਣ ਦਿਓਲ ਵੀ ਮੌਜੂਦ ਸਨ।

ਟ੍ਰੇਲਰ ਦੀ ਸ਼ੁਰੂਆਤ ਭਾਰਤ ਦੀ ਆਜ਼ਾਦੀ ਦੀ ਖੁਸ਼ੀ ਨਾਲ ਹੁੰਦੀ ਹੈ, ਪਰ ਕੁਝ ਹੀ ਪਲਾਂ ਵਿੱਚ ਦੇਸ਼ ਦੀ ਵੰਡ ਦਾ ਦਰਦ ਸਾਹਮਣੇ ਆ ਜਾਂਦਾ ਹੈ। ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਜਾਂਦੇ ਹਨ ਅਤੇ ਪਰਿਵਾਰ ਬਿਖਰ ਜਾਂਦੇ ਹਨ। ਹਿੰਸਾ ਅਤੇ ਡਰ ਦੇ ਇਸ ਮਾਹੌਲ ਵਿੱਚ ਇੱਕ ਪਰਿਵਾਰ ਆਪਣੀ ਜ਼ਿੰਦਗੀ ਨੂੰ ਮੁੜ ਸੰਭਾਲਣ ਦੀ ਕੋਸ਼ਿਸ਼ ਕਰਦਾ ਹੈ, ਜਦਕਿ ਇੱਕ ਬਹਾਦਰ ਇਨਸਾਨ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਰੱਖਿਆ ਲਈ ਨਫ਼ਰਤ ਅਤੇ ਡਰ ਦਾ ਡਟ ਕੇ ਸਾਹਮਣਾ ਕਰਦਾ ਹੈ। ਟ੍ਰੇਲਰ ਵਿੱਚ ਸੰਨੀ ਦਿਓਲ ਅਤੇ ਸ਼ਬਾਨਾ ਆਜ਼ਮੀ ਦੀਆਂ ਭਾਵੁਕ ਅਦਾਕਾਰੀਆਂ, ਪ੍ਰਭਾਵਸ਼ਾਲੀ ਸੰਵਾਦ ਅਤੇ ਸ਼ਾਨਦਾਰ ਦ੍ਰਿਸ਼ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਦੇ ਹਨ। ਇਹ ਕਹਾਣੀ ਦੱਸਦੀ ਹੈ ਕਿ ਸਭ ਤੋਂ ਮੁਸ਼ਕਲ ਸਮੇਂ ਵਿੱਚ ਵੀ ਹਿੰਮਤ, ਉਮੀਦ ਅਤੇ ਇਨਸਾਨੀਅਤ ਜ਼ਿੰਦਾ ਰਹਿ ਸਕਦੀ ਹੈ।

ਫ਼ਿਲਮ ਵਿੱਚ ਸ਼ਬਾਨਾ ਆਜ਼ਮੀ, ਸੰਨੀ ਦਿਓਲ, ਪ੍ਰੀਤੀ ਜੀ ਜ਼ਿੰਟਾ, ਕਰਣ ਦਿਓਲ, ਅਲੀ ਫ਼ਜ਼ਲ ਅਤੇ ਅਭਿਮਨਿਊ ਸਿੰਘ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਲਗਭਗ ਤਿੰਨ ਦਹਾਕਿਆਂ ਬਾਅਦ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਅਤੇ ਸੰਨੀ ਦਿਓਲ ਦੀ ਜੋੜੀ ਇੱਕ ਵਾਰ ਫਿਰ ਇਕੱਠੇ ਕੰਮ ਕਰ ਰਹੀ ਹੈ।

‘ਬਟਵਾਰਾ 1947’ ਨੂੰ ਆਮਿਰ ਖ਼ਾਨ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਤਿਆਰ ਕੀਤਾ ਗਿਆ ਹੈ। ਫ਼ਿਲਮ ਦਾ ਨਿਰਦੇਸ਼ਨ ਰਾਸ਼ਟਰੀ ਪੁਰਸਕਾਰ ਜੇਤੂ ਰਾਜਕੁਮਾਰ ਸੰਤੋਸ਼ੀ ਨੇ ਕੀਤਾ ਹੈ। ਸੰਗੀਤ ਏ. ਆਰ. ਰਹਿਮਾਨ ਨੇ ਦਿੱਤਾ ਹੈ ਅਤੇ ਗੀਤ ਜਾਵੇਦ ਅਖ਼ਤਰ ਨੇ ਲਿਖੇ ਹਨ। ਫ਼ਿਲਮ ਦੇ ਨਿਰਮਾਤਾ ਆਮਿਰ ਖ਼ਾਨ ਅਤੇ ਅਪਰਨਾ ਪੁਰੋਹਿਤ ਹਨ।

ਇਹ ਫ਼ਿਲਮ 14 ਅਗਸਤ 2026, ਜੋ ਵੰਡ ਦਿਵਸ ਵੀ ਹੈ, ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Related posts

ਭਾਰਤ ’ਚ ਕੋਰੋਨਾ ਦੇ 529 ਨਵੇਂ ਮਾਮਲੇ ਆਏ ਸਾਹਮਣੇ, 3 ਮਰੀਜ਼ਾਂ ਦੀ ਮੌਤ

Bunty

ਗਲੇਸ਼ੀਅਰ ਤੇ ਝੀਲਾਂ ਲਈ ਅਗੇਤੀ ਚੇਤਾਵਨੀ ਪ੍ਰਣਾਲੀ ਵਿਕਸਤ ਕਰਨ ਦੇ ਨਿਰਦੇਸ਼

admin

Crocodile Attack: ਰਾਜਸਥਾਨ ਦੇ ਇਸ ਪਿੰਡ ‘ਚ ਡਰ ਦਾ ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ, ਪ੍ਰਸ਼ਾਸਨ ਨਹੀਂ ਦੇ ਰਿਹਾ ਧਿਆਨ

Bunty