ਐਬਸਫੋਰਡ – ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਨਾਲ ਜੁੜੀ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਐਮੀ ਵਿਰਕ ਦੇ ਕਾਫ਼ਲੇ ’ਤੇ ਗੋਲੀਆਂ ਚਲਾਈਆਂ ਗਈਆਂ ਪਰ ਉਸ ਦੇ ਸਮੇਤ ਚਾਰ ਸਵਾਰ ਵਾਲ ਵਾਲ ਬਚ ਗਏ। ਗੋਲੀਆਂ ਦੇ ਨਿਸ਼ਾਨ ਸ਼ੀਸ਼ੇ ਉੱਤੇ ਦਿਖਾਈ ਦਿੱਤੇ, ਪਰ ਕਾਰ ਰੌਲਜ ਰੌਇਸ ਕੰਪਨੀ ਦੀ ਹੋਣ ਕਰਕੇ ਗੋਲੀਆਂ ਅੰਦਰ ਨਹੀਂ ਲੰਘ ਸਕੀਆਂ। ਘਟਨਾ ਤੋਂ ਬਾਅਦ ਕੈਨੇਡਾ ਦੇ ਵਿੱਚ ਐਬਸਫੋਰਡ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਏਜੰਸੀਆਂ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਾਰ ’ਤੇ ਗੋਲੀਆਂ ਕਿਸ ਨੇ ਚਲਾਈਆਂ ਅਤੇ ਇਸ ਘਟਨਾ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ।
ਜਾਣਕਾਰੀ ਅਨੁਸਾਰ 5 ਸਤੰਬਰ ਦੀ ਦੇਰ ਰਾਤ (ਲਗਪਗ ਰਾਤ 11 ਵਜੇ ਤੋਂ ਬਾਅਦ) ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੇ ਸ਼ੋਅ ਦੇ ਕਾਫ਼ਲੇ ਦੀ ਗੱਡੀ ‘ਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਐਬਸਫੋਰਡ ਸ਼ਹਿਰ ਵਿੱਚ ਮਕੱਲਮ ਰੋਡ (2500-ਬਲਾਕ) ਅਤੇ ਸਊਥ ਫ਼ਰੇਜ਼ਰ ਵੇਅ ਨੇੜੇ ਸਨ, ਜਦੋਂ ਗੋਲੀਬਾਰੀ ਕੀਤੀ ਗਈ। ਇਹ ਘਟਨਾ ਐਮੀ ਵਿਰਕ ਦੇ ‘ਰੋਜਰਜ਼ ਫੋਰਮ’ ਵਿਖੇ ਸ਼ੋਅ ਖ਼ਤਮ ਹੋਣ ਤੋਂ ਕੁਝ ਘੰਟਿਆਂ ਬਾਅਦ ਵਾਪਰੀ। ਅਨੁਸਾਰ ਇੱਕ ਕਾਲੇ ਰੰਗ ਦੀ ਐੱਸ.ਯੂ.ਵੀ. (SUV) ਵਿੱਚ ਆਏ ਹਮਲਾਵਰਾਂ ਨੇ ਗੱਡੀ ‘ਤੇ ਲਗਪਗ 7 ਗੋਲੀਆਂ ਚਲਾਈਆਂ। ਐਮੀ ਵਿਰਕ ਆਪਣਾ ਸ਼ੋਅ ਕਰਕੇ ਆਪਣੇ ਦੋਸਤਾਂ ਨਾਲ ਜਾ ਰਿਹਾ ਸੀ ਅਤੇ ਗੱਡੀ ਵਿੱਚ ਐਮੀ ਵਿਰਕ ਦੇ ਨਾਲ ਸ਼ੋਅ ਦਾ ਪ੍ਰਮੋਟਰ ਵੀ ਸਵਾਰ ਸੀ। ਪਤਾ ਲੱਗਾ ਹੈ ਕਿ ਗਾਇਕ ਦੇ ਸਾਥੀਆਂ ਚੋਂ ਇੱਕ ਉੱਤੇ ਪਹਿਲਾਂ ਵੀ ਗੋਲੀਬਾਰੀ ਹੋਈ ਚੁੱਕੀ ਹੈ, ਪਰ ਉਸਦਾ ਬਚਾਅ ਹੋ ਗਿਆ ਸੀ। ਗੋਲੀਬਾਰੀ ਲਈ ਵਰਤੀ ਗਈ ਕਾਰ ਨੂੰ ਉੱਥੋਂ ਕੁਝ ਦੂਰੀ ’ਤੇ ਲਿਜਾ ਕੇ ਅੱਗ ਲਗਾ ਕੇ ਸਾੜ ਦਿੱਤਾ ਗਿਆ। ਗੋਲੀਬਾਰੀ ਤੋਂ ਤੁਰੰਤ ਬਾਅਦ ਹਮਲਾਵਰਾਂ ਵੱਲੋਂ ਵਰਤੀ ਗਈ ਐਸ.ਯੂ.ਵੀ. ਗੱਡੀ ਘਟਨਾ ਸਥਾਨ ਤੋਂ ਕੁਝ ਹੀ ਦੂਰੀ ਉੱਤੇ ‘ਸੰਨੀਸਾਈਡ ਪਲੇਸ’ (2400-ਬਲਾਕ) ਵਿਖੇ ਪੂਰੀ ਤਰ੍ਹਾਂ ਅੱਗ ਵਿੱਚ ਸੜਦੀ ਹੋਈ ਮਿਲੀ। ਕੈਨੇਡਾ ਵਿੱਚ ਅਪਰਾਧਿਕ ਗਿਰੋਹਾਂ ਵੱਲੋਂ ਆਪਣੇ ਖ਼ਿਲਾਫ਼ ਸਬੂਤ ਅਤੇ ਪਛਾਣ ਨਸ਼ਟ ਕਰਨ ਲਈ ਵਾਰਦਾਤ ਤੋਂ ਬਾਅਦ ਗੱਡੀ ਨੂੰ ਅੱਗ ਲਗਾਉਣਾ ਇੱਕ ਆਮ ਤਰੀਕਾ ਹੈ।ਪੁਲੀਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਦੀ ਮਕੱਲਮ ਰੋਡ ਅਤੇ ਸਊਥ ਫ਼ਰੇਜ਼ਰ ਵੇਅ ਨੇੜੇ ਜਾਂਦੀ ਕਾਰ ’ਤੇ ਨੋੜਿਓਂ ਗੋਲੀਬਾਰੀ ਕੀਤੀ ਗਈ ਅਤੇ ਕਾਰ ਸਾੜਨ ਦੀ ਕਾਰਵਾਈ ਬਦਮਾਸ਼ ਗਿਰੋਹਾਂ ਵਲੋਂ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਵਲੋਂ ਆਪਣੀ ਪਛਾਣ ਦੇ ਸਬੂਤ ਨਸ਼ਟ ਕਰਨ ਦਾ ਯਤਨ ਹੁੰਦਾ ਹੈ। ਪੁਲੀਸ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਕਿਸੇ ਖਾਸ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ, ਇਸਦਾ ਪਤਾ ਲਾਉਣ ਦਾ ਕੰਮ ਵਿਸ਼ੇਸ਼ ਪੁਲੀਸ ਦਲ ਨੂੰ ਸੌਂਪਿਆ ਗਿਆ ਹੈ।
ਕੈਨੇਡਾ ਵਿੱਚ ਐਮੀ ਵਿਰਕ ਦੀ ਗੱਡੀ ਉੱਪਰ ਗੋਲੀਆਂ ਚੱਲਣ ਦੀ ਖਬਰ ਸੁਣ ਕੇ ਉਨ੍ਹਾਂ ਦਾ ਪਰਿਵਾਰ ਚਿੰਤਤ ਹੈ। ਵਿਰਕ ਦੇ ਪਿਤਾ ਕੁਲਜੀਤ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਇਹ ਖ਼ਬਰ ਸੁਣਕੇ ਐਮੀ ਨਾਲ ਸੰਪਰਕ ਕਰਨ ਲਈ ਯਤਨਸ਼ੀਲ ਹਨ ਪਰ ਅਜੇ ਗੱਲ ਨਹੀਂ ਹੋਈ। ਹਾਲਾਂਕਿ ਉਹਨਾਂ ਦੱਸਿਆ ਕਿ ਮੇਰੇ ਬੇਟੇ ਭਗਵੰਤ ਦੀ ਐਮੀ ਨਾਲ ਰੋਜ਼ਾਨਾ ਗੱਲ ਹੁੰਦੀ ਹੈ ਅਤੇ ਉਸ ਨੇ ਦੱਸਿਆ ਹੈ ਕਿ ਇਹ ਹਮਲਾ ਐਮੀ ਦੀ ਗੱਡੀ ਉੱਪਰ ਨਹੀਂ ਹੋਇਆ ਬਲਕਿ ਉਸਦਾ ਸ਼ੋਅ ਕਰਾਉਣ ਵਾਲੀ ਪਾਰਟੀ ਉੱਪਰ ਹੋਇਆ ਹੈ। ਨਾਭਾ ਦੇ ਪਿੰਡ ਲੋਹਾਰ ਮਾਜਰਾ ਦੇ ਸਰਪੰਚ ਕੁਲਜੀਤ ਸਿੰਘ ਨੇ ਦੱਸਿਆ ਕਿ ਇਹ ਵਾਕਾ ਐਤਵਾਰ ਦਾ ਦੱਸਿਆ ਜਾ ਰਿਹਾ ਹੈ ਅਤੇ ਐਮੀ ਵਿਰਕ ਸੁਰੱਖਿਅਤ ਹੈ।
ਐਮੀ ਵਿਰਕ ਪੰਜਾਬੀ ਮਨੋਰੰਜਨ ਜਗਤ ਦੇ ਜਾਣੇ-ਪਛਾਣੇ ਗਾਇਕ ਅਤੇ ਅਦਾਕਾਰ ਹਨ। ਉਹ ਗਾਇਕੀ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ ਵਿੱਚ ਵੀ ਆਪਣੀ ਪਛਾਣ ਬਣਾ ਚੁੱਕੇ ਹਨ। ਕਾਰ ’ਤੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਫਿਲਹਾਲ ਇਸ ਘਟਨਾ ਨਾਲ ਸਬੰਧਤ ਸਾਰੇ ਤੱਥ ਸਾਹਮਣੇ ਨਹੀਂ ਆਏ ਹਨ। ਪੁਲਿਸ ਵੱਲੋਂ ਘਟਨਾ ਦੀ ਸਹੀ ਥਾਂ, ਸਮਾਂ ਅਤੇ ਹਾਲਾਤ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਗੋਲੀਬਾਰੀ ਤੋਂ ਪਹਿਲਾਂ ਅਤੇ ਬਾਅਦ ਕੀ ਕੁਝ ਵਾਪਰਿਆ। ਪੁਲਿਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਘਟਨਾ ਦੇ ਕਾਰਨਾਂ ਬਾਰੇ ਸਪੱਸ਼ਟ ਤਸਵੀਰ ਸਾਹਮਣੇ ਆ ਸਕੇਗੀ।
