ਸਿਡਨੀ – ਆਧੁਨਿਕ ਸਮਾਰਟ ਕਾਰਾਂ ਵਿੱਚ ਵਰਤੀਆਂ ਜਾਣ ਵਾਲੀਆਂ ਤਕਨੀਕਾਂ ਲੋਕਾਂ ਲਈ ਸਹੂਲਤ ਤਾਂ ਪੈਦਾ ਕਰਦੀਆਂ ਹਨ, ਪਰ ਇੱਕ ਨਵੀਂ ਖੋਜ ਅਨੁਸਾਰ ਇਨ੍ਹਾਂ ਦੀ ਗਲਤ ਵਰਤੋਂ ਘਰੇਲੂ ਅਤੇ ਪਰਿਵਾਰਕ ਹਿੰਸਾ ਕਰਨ ਵਾਲੇ ਲੋਕਾਂ ਵੱਲੋਂ ਵੀ ਕੀਤੀ ਜਾ ਸਕਦੀ ਹੈ।
UNSW Law & Justice ਦੀ Associate Professor ਕੈਥਰੀਨ ਕੈਂਪ ਅਤੇ Senior Lecturer ਐਮਾ ਬਕਸਟਨ-ਨਾਮਿਸਨਿਕ ਵੱਲੋਂ ਤਿਆਰ ਕੀਤੀ ਰਿਪੋਰਟ ‘No Safe Distance’ ਵਿੱਚ ਆਸਟ੍ਰੇਲੀਆ ਵਿੱਚ ਉਪਲਬਧ 15 ਕਾਰ ਬ੍ਰਾਂਡਾਂ ਦੀਆਂ ਤਕਨੀਕਾਂ ਦਾ ਅਧਿਐਨ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਆਧੁਨਿਕ ਕਾਰਾਂ ਵਿੱਚ ਕਈ ਅਜਿਹੀਆਂ ਸਹੂਲਤਾਂ ਹੁੰਦੀਆਂ ਹਨ ਜਿਨ੍ਹਾਂ ਰਾਹੀਂ ਕਿਸੇ ਵਿਅਕਤੀ ਦੀ ਗਤੀਵਿਧੀ ਉੱਤੇ ਨਿਗਰਾਨੀ ਰੱਖੀ ਜਾ ਸਕਦੀ ਹੈ। ਇਨ੍ਹਾਂ ਵਿੱਚ ਕਾਰ ਦੀ ਲੋਕੇਸ਼ਨ ਦੇਖਣਾ, ਅੰਦਰ ਅਤੇ ਬਾਹਰ ਲੱਗੇ ਕੈਮਰੇ, ਦਰਵਾਜ਼ਿਆਂ ਨੂੰ ਦੂਰੋਂ ਲੌਕ ਜਾਂ ਅਨਲੌਕ ਕਰਨਾ ਅਤੇ ਕਾਰ ਦੇ ਤਾਪਮਾਨ ਨੂੰ ਬਦਲਣਾ ਸ਼ਾਮਲ ਹੈ।
ਕਿਹੜੇ ਖ਼ਤਰੇ ਸਾਹਮਣੇ ਆਏ?
ਖੋਜ ਅਨੁਸਾਰ ਕੁਝ ਕਾਰਾਂ ਦੀਆਂ ਤਕਨੀਕਾਂ ਦੀ ਗਲਤ ਵਰਤੋਂ ਕਰਕੇ ਕਿਸੇ ਵਿਅਕਤੀ ਦੀ ਆਵਾਜਾਈ ਅਤੇ ਨਿੱਜੀ ਜ਼ਿੰਦਗੀ ਵਿੱਚ ਦਖ਼ਲ ਦਿੱਤਾ ਜਾ ਸਕਦਾ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ:
- 87 ਫ਼ੀਸਦੀ ਕਾਰਾਂ ਵਿੱਚ ਰਿਮੋਟ ਅਨਲੌਕ ਜਾਂ ਐਕਸੈੱਸ ਦੀ ਸਹੂਲਤ ਹੈ।
- 80 ਫ਼ੀਸਦੀ ਕਾਰਾਂ ਵਿੱਚ ਰਿਮੋਟ ਲਾਈਟ ਫਲੈਸ਼ ਕਰਨ ਅਤੇ Climate Control ਦੀ ਸਹੂਲਤ ਹੈ।
- 60 ਫ਼ੀਸਦੀ ਕਾਰਾਂ ਵਿੱਚ Geofence Exit Alerts ਦੀ ਸਹੂਲਤ ਹੈ।
- Geofence Alerts ਰਾਹੀਂ ਕਾਰ ਕਿਸੇ ਨਿਰਧਾਰਤ ਖੇਤਰ ਤੋਂ ਬਾਹਰ ਜਾਣ ਉੱਤੇ ਸੂਚਨਾ ਭੇਜ ਸਕਦੀ ਹੈ।
ਕੁਝ ਕਾਰਾਂ ਦੇ ਕੈਮਰੇ ਅੰਦਰ ਅਤੇ ਬਾਹਰ ਮੌਜੂਦ ਲੋਕਾਂ ਦੀਆਂ ਤਸਵੀਰਾਂ ਵੀ ਦਿਖਾ ਸਕਦੇ ਹਨ। ਇਸ ਕਾਰਨ ਕਿਸੇ ਵਿਅਕਤੀ ਨੂੰ ਇਹ ਪਤਾ ਲੱਗ ਸਕਦਾ ਹੈ ਕਿ ਕਾਰ ਵਿੱਚ ਕੌਣ ਬੈਠਾ ਹੈ ਜਾਂ ਕਾਰ ਦੇ ਨੇੜੇ ਕੌਣ ਆਇਆ ਹੈ। ਰਿਪੋਰਟ ਵਿੱਚ ਇਹ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਕਈ ਵਾਰ ਪੀੜਤ ਵਿਅਕਤੀ ਨੂੰ ਇਹ ਪਤਾ ਵੀ ਨਹੀਂ ਹੁੰਦਾ ਕਿ ਉਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਖੋਜਕਰਤਾਵਾਂ ਨੇ ਕਾਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਤਕਨੀਕਾਂ ਦੇ ਸੰਭਾਵਿਤ ਖ਼ਤਰਿਆਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ।
ਕੈਥਰੀਨ ਕੈਂਪ ਨੇ ਕਿਹਾ ਕਿ ਜੇ ਕਿਸੇ ਤਕਨੀਕੀ ਸਹੂਲਤ ਨਾਲ ਨੁਕਸਾਨ ਦਾ ਖ਼ਤਰਾ ਬਹੁਤ ਵੱਡਾ ਹੈ ਅਤੇ ਉਸ ਦਾ ਲਾਭ ਬਹੁਤ ਘੱਟ ਹੈ ਤਾਂ ਕੰਪਨੀਆਂ ਨੂੰ ਉਸ ਸਹੂਲਤ ਦੀ ਲੋੜ ਬਾਰੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
