Breaking NewsIndiaLatest News

ਵੋਟਰ ਸੂਚੀਆਂ ਦੀ ਜਾਂਚ ਲਈ ਚੋਣ ਕਮਿਸ਼ਨ ਨੇ 26 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤੇ ਨਿਰਦੇਸ਼

ਐਸਆਈਆਰ ਪ੍ਰਕਿਰਿਆ।

ਨਵੀਂ ਦਿੱਲੀ – ਭਾਰਤੀ ਚੋਣ ਕਮਿਸ਼ਨ ਨੇ ਦੇਸ਼ ਦੇ 26 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਚੋਣ ਅਧਿਕਾਰੀਆਂ ਨੂੰ ਵੋਟਰ ਸੂਚੀਆਂ ਦੀ ਵਿਸ਼ੇਸ਼ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮੁਹਿੰਮ ਦਾ ਮਕਸਦ ਵੋਟਰ ਸੂਚੀਆਂ ਵਿੱਚ ਮੌਜੂਦ ਸੰਭਾਵਿਤ ਗਲਤੀਆਂ ਅਤੇ ਅਧੂਰੀ ਜਾਣਕਾਰੀ ਦੀ ਪਛਾਣ ਕਰਕੇ ਉਨ੍ਹਾਂ ਨੂੰ ਠੀਕ ਕਰਨਾ ਹੈ।

ਚੋਣ ਕਮਿਸ਼ਨ ਨੇ ਇਸ ਪ੍ਰਕਿਰਿਆ ਲਈ 1 ਜਨਵਰੀ, 2027 ਨੂੰ ਯੋਗਤਾ ਦੀ ਤਰੀਕ ਨਿਰਧਾਰਤ ਕੀਤਾ ਹੈ। ਇਸ ਦਾ ਉਦੇਸ਼ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਨੂੰ ਸਹੀ ਅਤੇ ਭਰੋਸੇਯੋਗ ਬਣਾਉਣਾ ਹੈ। 25 ਨਵੰਬਰ ਨੂੰ ਜਾਰੀ ਕੀਤੇ ਗਏ ਨਿਰਦੇਸ਼ਾਂ ਵਿੱਚ ਕਮਿਸ਼ਨ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਰਾਜਸਥਾਨ, ਓਡੀਸ਼ਾ, ਪੱਛਮੀ ਬੰਗਾਲ, ਤਾਮਿਲਨਾਡੂ, ਕਰਨਾਟਕ ਅਤੇ ਗੁਜਰਾਤ ਸਮੇਤ ਕਈ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਵੋਟਰਾਂ ਦੇ ਮੌਜੂਦਾ ਵੇਰਵਿਆਂ ਦੀ ਪਿਛਲੀ ਵਿਸ਼ੇਸ਼ ਜਾਂਚ ਦੌਰਾਨ ਇਕੱਠੇ ਕੀਤੇ ਅੰਕੜਿਆਂ ਨਾਲ ਤੁਲਨਾ ਕਰਨ ਲਈ ਕਿਹਾ ਹੈ।

ਚੋਣ ਕਮਿਸ਼ਨ ਅਨੁਸਾਰ, ਵੋਟਰਾਂ ਦੇ ਨਾਮ, ਪਰਿਵਾਰਕ ਮੈਂਬਰਾਂ ਨਾਲ ਸਬੰਧ, ਜਨਮ ਮਿਤੀ, ਮੋਬਾਈਲ ਨੰਬਰ ਅਤੇ ਤਸਵੀਰਾਂ ਸਮੇਤ ਹੋਰ ਜਾਣਕਾਰੀ ਦੀ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਜੇਕਰ ਕਿਸੇ ਵੋਟਰ ਦੇ ਵੇਰਵਿਆਂ ਵਿੱਚ ਕੋਈ ਗੜਬੜ ਜਾਂ ਫ਼ਰਕ ਸਾਹਮਣੇ ਆਉਂਦਾ ਹੈ ਤਾਂ ਉਸ ਦੀ ਮੌਕੇ ‘ਤੇ ਜਾ ਕੇ ਜਾਂਚ ਕੀਤੀ ਜਾਵੇਗੀ। ਲੋੜ ਪੈਣ ‘ਤੇ ਸਬੰਧਤ ਜਾਣਕਾਰੀ ਵਿੱਚ ਸੁਧਾਰ ਵੀ ਕੀਤਾ ਜਾਵੇਗਾ।

ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਵੋਟਰਾਂ ਦੇ ਵੇਰਵਿਆਂ ਵਿੱਚ ਗੜਬੜ ਮਿਲੇਗੀ, ਉਨ੍ਹਾਂ ਦੀ ਮੌਕੇ ‘ਤੇ ਜਾ ਕੇ ਜਾਂਚ ਕਰਨੀ ਲਾਜ਼ਮੀ ਹੋਵੇਗੀ। ਇਸ ਕੰਮ ਲਈ ਬੂਥ ਪੱਧਰ ਦੇ ਅਧਿਕਾਰੀ (BLO) ਸਬੰਧਤ ਵੋਟਰਾਂ ਦੇ ਘਰ ਜਾਣਗੇ ਅਤੇ ਉਨ੍ਹਾਂ ਦੇ ਵੇਰਵਿਆਂ ਦੀ ਪੁਸ਼ਟੀ ਕਰਨਗੇ। ਜੇਕਰ ਕਿਸੇ ਜਾਣਕਾਰੀ ਵਿੱਚ ਸੁਧਾਰ ਦੀ ਲੋੜ ਹੋਵੇਗੀ ਤਾਂ ਵੋਟਰ ਤੋਂ ਸਹੀ ਢੰਗ ਨਾਲ ਭਰਿਆ ਅਤੇ ਦਸਤਖ਼ਤ ਕੀਤਾ ਫਾਰਮ-8 ਲਿਆ ਜਾਵੇਗਾ। ਇਸ ਤੋਂ ਬਾਅਦ ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀ (AERO) ਅਤੇ ਚੋਣ ਰਜਿਸਟ੍ਰੇਸ਼ਨ ਅਧਿਕਾਰੀ (ERO) ਨਿਯਮਾਂ ਅਨੁਸਾਰ ਇਨ੍ਹਾਂ ਅਰਜ਼ੀਆਂ ਦੀ ਜਾਂਚ ਕਰਕੇ ਅਗਲੀ ਕਾਰਵਾਈ ਕਰਨਗੇ।

ਚੋਣ ਕਮਿਸ਼ਨ ਨੇ ਕਿਹਾ ਹੈ ਕਿ ਸਿਰਫ਼ ਕੰਪਿਊਟਰ ਜਾਂ ਆਟੋਮੈਟਿਕ ਸਿਸਟਮ ਰਾਹੀਂ ਗਲਤੀ ਦੀ ਪਛਾਣ ਹੋਣ ਦੇ ਆਧਾਰ ‘ਤੇ ਵੋਟਰ ਦੇ ਵੇਰਵਿਆਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਵੋਟਰਾਂ ਦੇ ਨਾਮ ਜਾਂ ਹੋਰ ਨਿੱਜੀ ਵੇਰਵਿਆਂ ਵਿੱਚ ਸੁਧਾਰ ਕਰਨ ਲਈ ਦਸਤਖ਼ਤ ਕੀਤਾ ਹੋਇਆ ਫਾਰਮ-8 ਲਾਜ਼ਮੀ ਹੋਵੇਗਾ। ਇਸ ਤੋਂ ਬਾਅਦ ਨਿਰਧਾਰਤ ਜਾਂਚ ਪੂਰੀ ਹੋਣ ਅਤੇ ਸਬੰਧਤ ਅਧਿਕਾਰੀ ਦੀ ਮਨਜ਼ੂਰੀ ਮਿਲਣ ‘ਤੇ ਹੀ ਤਬਦੀਲੀ ਕੀਤੀ ਜਾਵੇਗੀ।

ਕਮਿਸ਼ਨ ਨੇ ਦੱਸਿਆ ਕਿ ਵੋਟਰਾਂ ਦੇ ਵੇਰਵਿਆਂ ਦੀ ਜਾਂਚ ਅਤੇ ਸੁਧਾਰ ਦੀ ਪੂਰੀ ਪ੍ਰਕਿਰਿਆ ECI Net ਪਲੇਟਫਾਰਮ ਰਾਹੀਂ ਚਲਾਈ ਜਾਵੇਗੀ। ਇਸ ਵਿੱਚ BLO, AERO ਅਤੇ ERO ਲਈ ਵੱਖ-ਵੱਖ ਸਹੂਲਤਾਂ ਅਤੇ ਮਾਡਿਊਲ ਉਪਲਬਧ ਹੋਣਗੇ। ਚੋਣ ਕਮਿਸ਼ਨ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਆਪਣੇ ਅਧੀਨ ਕੰਮ ਕਰਨ ਵਾਲੇ ਅਧਿਕਾਰੀਆਂ ਤੱਕ ਵੀ ਇਹ ਜਾਣਕਾਰੀ ਪਹੁੰਚਾਉਣ ਲਈ ਕਿਹਾ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਇਸ ਮੁਹਿੰਮ ਨਾਲ ਵੋਟਰ ਸੂਚੀਆਂ ਵਿੱਚ ਗਲਤੀਆਂ ਘਟਾਉਣ ਅਤੇ ਚੋਣ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਤੇ ਭਰੋਸੇਯੋਗ ਬਣਾਉਣ ਵਿੱਚ ਮਦਦ ਮਿਲੇਗੀ।

Related posts

ਇਸਲਾਮਿਕ ਸਟੇਟ ਨੇ ਮੁੜ ਲਈ ਜ਼ਿੰਮੇਵਾਰੀ

Bunty

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਪੁੱਜਾ

admin

‘ਬਟਵਾਰਾ 1947’ : ਵੰਡ ਦੇ ਦਰਦ ਅਤੇ ਇਨਸਾਨੀਅਤ ਦੀ ਕਹਾਣੀ ਪਰਦੇ ‘ਤੇ ਆਏਗੀ !

admin