International

ਬਾਦਲ-ਕੇ ਹੁਣ ਗਿਆਨੀ ਰਘਬੀਰ ਸਿੰਘ ਨੂੰ ਵੀ ‘ਗੁਰਬਚਨ ਸਿੰਘ’ ਬਣਾਉਣਾ ਚਾਹੁੰਦੇ ਨੇ – ਦੁਪਾਲ ਪੁਰ

ਭਾਈ ਤਰਲੋਚਨ ਸਿੰਘ ਦੁਪਾਲ ਪੁਰ, ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ

ਸੈਨਹੋਜ਼ੇ – ਜਿਵੇਂ ਆਪਣੇ ਰਾਜ-ਭਾਗ ਵੇਲੇ ਬਾਦਲ-ਕਿਆਂ ਨੇ ਵੋਟ-ਭੁੱਖ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਦਿਆਂ ਸਮਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਉੱਤੇ ਦਬਾਅ ਪਾ  ਕੇ ‘ਮਰ ਜਾਉ ਚਿੜੀਉ ਜੀਅ ਪਉ ਚਿੜੀਉ’ ਵਾਂਗ ਮਨਮਰਜੀ ਦੇ ਹੁਕਮਨਾਮੇ ਜਾਰ੍ਹੀ ਕਰਵਾਏ ਅਤੇ ਫਿਰ ਵਾਪਸ ਕਰਵਾਏ ਸਨ,ਉਸੇ ਪੈਟਰਨ ‘ਤੇ ਚੱਲਦਿਆਂ ਹੁਣ ਉਹ ਗਿਆਨੀ ਰਘਬੀਰ ਸਿੰਘ ਨੂੰ ਵੀ ‘ਗੁਰਬਚਨ ਸਿੰਘ’ ਬਣਾਉਣਾ ਲੋਚਦੇ ਹਨ।

ਮੌਜੂਦਾ ਪੰਥਕ ਹਾਲਾਤ ਉੱਤੇ ਇਨ੍ਹਾਂ ਸ਼ਬਦਾਂ ਰਾਹੀਂ ਟਿੱਪਣੀ ਕਰਦਿਆਂ ਪ੍ਰਵਾਸੀ ਪੰਜਾਬੀ ਲੇਖਕ ਭਾਈ ਤਰਲੋਚਨ ਸਿੰਘ ਦੁਪਾਲ ਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਆਪਣੇ ਇਕ ਲਿਖਤੀ ਬਿਆਨ ਵਿਚ ਦੋਸ਼ ਲਾਇਆ ਕਿ ਬਾਦਲ-ਕਿਆਂ ਦੀ ‘ਕੋਰ ਕਮੇਟੀ’ ਅਤੇ ਸੁਖਬੀਰ ਸਿੰਘ ਬਾਦਲ ਲਈ ਚਮਚਾਗਿਰੀ ਦੇ ਹੱਦ-ਬੰਨੇਂ ਟੱਪਣ ਵਾਲ਼ੇ ਭਾਈ ਵਲਟੋਹਾ ਨੂੰ ਹੁਣ ਜਥੇਦਾਰ ਸ੍ਰੀ ਅਕਾਲ ਤਖਤ ਸਾਹਬ ਉੱਤੇ ‘ਦਬਾਅ’ ਦਿਸਣ ਲੱਗ ਪਿਆ ਐ!

ਈ-ਮੇਲ ਰਾਹੀਂ ਭੇਜੇ ਆਪਣੇ ਬਿਆਨ ਵਿਚ ਭਾਈ ਦੁਪਾਲ ਪੁਰ ਨੇ ਲਿਖਿਆ ਕਿ ਇਨ੍ਹਾਂ ਭਦਰ ਪੁਰਸ਼ਾਂ ਨੂੰ ਪੁੱਛਣਾ ਬਣਦਾ ਹੈ ਕਿ ਹੁਣ ਇਨ੍ਹਾਂ ਦਾ ‘ਨਿਮਾਣਾ ਪਣ’ ਕਿੱਥੇ ਚਲਾ ਗਿਆ ਹੈ ? ਅਸਲ ਵਿਚ ਇਹ ਲੋਕ ਚਾਹੁੰਦੇ ਨੇ ਕਿ ਜਥੇਦਾਰ ਜੀ ਸੁਖਬੀਰ ਬਾਦਲ ਵਾਲ਼ੇ ਮਸਲੇ ‘ਤੇ ਜਲਦੀ ਜਲਦੀ ‘ਗੋਂਗਲ਼ੂਆਂ ਤੋਂ ਮਿੱਟੀ ਝਾੜਨ’ ਵਾਂਗ ਕੋਈ ਹਲਕੀ ਜਿਹੀ ਤਨਖਾਹ ਲਾ ਕੇ ਉਸਨੂੰ ‘ਦੁੱਧ ਧੋਤਾ’ ਬਣਾ ਦੇਣ।ਜਦ ਕਿ ਜਾਪਦਾ ਇਹ ਹੈ ਕਿ ਗਿਆਨੀ ਰਘਬੀਰ ਸਿੰਘ ਸਮੁੱਚੇ ਖਾਲਸਾ ਪੰਥ ਦੀਆਂ ਰੋਹ ਭਰੀਆਂ ਭਾਵਨਾਵਾਂ ਅਨੁਸਾਰ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਗਲ਼ੋਂ ‘ਬਾਦਲੀ ਪੰਜਾਲ਼ੀ’ ਲਾਹੁਣ ਲਈ ਕੋਈ ਸਖਤ ਯੋਜਨਾ ਬਣਾ ਰਹੇ ਹੋਣਗੇ।ਜਿਸ ਦੀਆਂ ‘ਕਨਸੋਆਂ’ ਹੋ ਸਕਦਾ ਐ ਇਨ੍ਹਾਂ ਕੌਮ-ਘਾਤੀਆਂ ਤੱਕ ਵੀ ਪਹੁੰਚ ਰਹੀਆਂ ਹੋਣਗੀਆਂ।ਇਸੇ ਕਰਕੇ ਇਹ ਲੋਕ ਤਰਲੋ-ਮੱਛੀ ਹੋ ਰਹੇ ਹਨ।

ਭਾਈ ਦੁਪਾਲ ਪੁਰ ਨੇ ਬਿਆਨ ਦੇ ਅਖੀਰ ‘ਚ ਹੈਰਾਨੀ ਜਾਹਰ ਕਰਦਿਆਂ ਕਿਹਾ ਕਿ ਕੱਲ੍ਹ ਤੱਕ ਹੋਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਦਾ ‘ਪਾਠ ਪੜ੍ਹਾਉਣ’ ਵਾਲ਼ੇ ਬਾਦਲ-ਕਿਆਂ ਨੂੰ ਆਪ ਨੂੰ ਹੁਣ ਸ਼ਾਇਦ ਸਰਬਉੱਚਤਾ ਭੁੱਲ ਗਈ ਹੈ ? ਪੰਚ ਪ੍ਰਧਾਨੀ ਸਿਸਟਮ ਦੀ ਥਾਂਹ ਅਕਾਲੀ ਦਲ ਉੱਤੇ ਇੱਕੋ ਟੱਬਰ ਦੀ ਬਾਲਾਦਸਤੀ ਮੁੜ ਕਾਇਮ ਕਰਨ ਲਈ ਅੱਕੀਂ ਪਲ਼ਾਹੀਂ ਹੱਥ ਮਾਰ ਰਹੇ ਇਹ ਲੋਕ ਪੰਥਕ ਹਲਕਿਆਂ ਦੀਆਂ ਕੰਧਾਂ ‘ਤੇ ਲਿਖਿਆ ਪੜ੍ਹਨ ਦੀ ਬਜਾਏ ਆਪਣੇ ਸੌੜੇ ਹਿਤਾਂ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਪਦ ਪਦਵੀ ਦੀ ਮੁੜ ਦੁਰਵਰਤੋਂ ਕਰਨ ਵਾਸਤੇ ਥੋਥੀ ਬਿਆਨਬਾਜੀ ਕਰ ਕਰਵਾ ਰਹੇ ਹਨ।

Related posts

ਸੋਸ਼ਲ ਮੀਡੀਆ ਅਮਰੀਕਨ ਵੀਜ਼ਾ ਰੱਦ ਜਾਂ ਵੀਜ਼ਾ ਅਯੋਗਤਾ ਦਾ ਕਾਰਣ ਹੋ ਸਕਦਾ !

admin

ਈਰਾਨ ਹੁਣ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨਾਲ ਸਹਿਯੋਗ ਨਹੀਂ ਕਰੇਗਾ !

admin

ਟਰੰਪ ਦਾ ਐਲਾਨ: ਹੁਣ ਸ਼ਾਂਤੀ ਦਾ ਵੇਲਾ ਇਜ਼ਰਾਈਲ ਅਤੇ ਈਰਾਨ ਵਿਚਕਾਰ ਯੁੱਧ ਖਤਮ !

admin