ਵਾਸ਼ਿੰਗਟਨ – ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ-ਚੀਨ ਸੀਮਾ ’ਤੇ ਤਣਾਅ ਦੀ ਸਥਿਤੀ ਘੱਟ ਹੋਣ ਦਾ ਸਵਾਗਤ ਕਰਦਾ ਹੈ। ਅਮਰੀਕਾ ਨੇ ਦੱਸਿਆ ਕਿ ਨਵੀਂ ਦਿੱਲੀ ਨੇ ਉਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਭਾਰਤ ਅਤੇ ਚੀਨ ਦੇ ਵਿਚਕਾਰ ਘਟਨਾਕ੍ਰਮ ’ਤੇ ਨਜ਼ਦੀਕੀ ਨਜ਼ਰ ਰੱਖ ਰਹੇ ਹਾਂ, ਦੋਹਾਂ ਦੇਸ਼ਾਂ ਨੇ ਅਸਲ ਕੰਟਰੋਲ ਰੇਖਾ ’ਤੇ ਟਕਰਾਅ ਵਾਲੇ ਬਿੰਦੂਆਂ ਤੋਂ ਸੈਨਿਕ ਵਾਪਿਸ ਬੁਲਾਉਣ ਦੇ ਸ਼ੁਰੂਆਤੀ ਕਦਮ ਉਠਾਏ ਹਨ। ਸੀਮਾ ’ਤੇ ਤਣਾਅ ਦੀ ਸਥਿਤੀ ਘਟਣ ਦਾ ਅਸੀਂ ਸਵਾਗਤ ਕਰਦੇ ਹਾਂ। ਮਿਲਰ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਅਮਰੀਕਾ ਦੀ ਇਸ ਵਿਚ ਕੋਈ ਭੂਮੀਕਾ ਨਹੀਂ ਹੈ। ਅਸੀਂ ਆਪਣੇ ਭਾਰਤੀ ਸਾਂਝੇਦਾਰਾਂ ਨਾਲ ਗੱਲ ਕੀਤੀ ਅਤੇ ਸਾਨੂੰ ਜਾਣਕਾਰੀ ਮਿਲੀ ਹੈ।