Story

ਸਮਾਂ ਬਦਲ ਗਿਆ !

'ਪਾਪਾ, ਮੇਰੇ ਪਤੀ ਅਨੁਸਾਰ ਹੁਣ ਸਮਾਂ ਬਦਲ ਗਿਆ ਹੈ।'
ਰਵਿੰਦਰ ਸਿੰਘ ਸੋਢੀ, ਕੈਨੇਡਾ
ਦਿਵਾਲੀ ਦਾ ਖਿਆਲ ਆਉਂਦੇ ਹੀ ਵਿਸ਼ਵਨਾਥ ਦੇ ਦਿਲ ਵਿਚ ਇਕ ਡਰ ਜਿਹਾ ਪੈਦਾ ਹੋ ਗਿਆ। ਉਹ ਰੋਜ਼ਾਨਾ ਹੀ ਜਦੋਂ ਕਲੰਡਰ ਤੋਂ ਬੀਤ ਚੁੱਕੇ ਦਿਨ ਦਾ ਵਰਕਾ ਪਾੜਦਾ, ਉਸ ਦੇ ਦਿਲ ਵਿਚ ਇਕ ਹੌਲ ਜਿਹਾ ਪੈਂਦਾ। ਅਜੇ ਪਿਛਲੇ ਸਾਲ ਤੱਕ ਦਿਵਾਲੀ ਦੀ ਤਿਆਰੀ ਮਹੀਨਾ-ਡੇਢ ਮਹੀਨਾ ਪਹਿਲਾਂ ਹੀ ਜੋਰ-ਸ਼ੋਰ ਨਾਲ ਸ਼ੁਰੂ ਹੋ ਜਾਂਦੀ। ਕਿਹੜੇ ਕੱਪੜੇ ਲੈਣੇ ਹਨ, ਕਿਹੜੀਆਂ ਮਠਿਆਈਆਂ ਬਣਾਉਣੀਆਂ ਹਨ, ਘਰ ਦੇ ਦਰਵਾਜ਼ੇ ਕੋਲ ਕਿਸ ਤਰਾਂ ਦੀ ਰੰਗੋਲੀ ਬਣਾਉਣੀ ਹੈ, ਕਿਹੜੇ-ਕਿਹੜੇ ਮੰਦਰ ਜਾਣਾ ਹੈ? ਸੁਆਲ ਹੀ ਸੁਆਲ, ਬਹਿਸ ਹੀ ਬਹਿਸ। ਤਿਉਹਾਰ ਦੇ ਦਿਨ ਤੱਕ ਵਿਸ਼ਵਨਾਥ, ਉਸਦੀ ਪਤਨੀ ਸ਼ਾਂਤੀ ਅਤੇ ਉਹਨਾਂ ਦੀ ਇਕਲੌਤੀ ਬੇਟੀ ਪਦਮਾ ਸ਼੍ਰੀ ਦਾ ਰੌਲ-ਗੌਲਾ ਪਿਆ ਹੀ ਰਹਿੰਦਾ। ਸ਼ਾਂਤੀ ਹਮੇਸ਼ਾ ਹੀ ਇਸ ਵੱਡੇ ਤਿਉਹਾਰ ਦੀ ਤਿਆਰੀ ਅਰਾਮ ਨਾਲ ਅਤੇ ਖੁਸ਼ੀ-ਖੁਸ਼ੀ ਕਰਦੀ ਰਹਿੰਦੀ। ਉਹ ਤਾਂ ਪਹਿਲਾਂ ਨਾਲੋਂ ਵੀ ਵੱਧ ਫੁਰਤੀ ਅਤੇ ਉਤਸ਼ਾਹ ਨਾਲ ਸਾਰਾ ਕੁਝ ਕਰਦੀ। ਉਸ ਨੂੰ ਇਹ ਵੀ ਪਤਾ ਹੁੰਦਾ ਕਿ ਇਸ ਲਈ ਉਸਦੇ ਪਤੀ ਨੂੰ ਵਾਧੂ ਖਰਚਾ ਕਰਨਾ ਪਏਗਾ। ਉਹ ਤਾਂ ਆਪਣੀਆਂ ਲੋੜਾਂ ਪੂਰੀਆਂ ਕਰਨ ਨੂੰ ਹੀ ਖਰਚ ਕਰਦੀ ਜਦੋਂ ਕਿ ਵਿਸ਼ਵਨਾਥ ਤਾਂ ਦੂਜਿਆਂ ਦੀਆਂ ਇੱਛਾਵਾਂ ਅਤੇ ਸੁਪਨੇ ਪੂਰੇ ਕਰਨ ਲਈ ਮਿਹਨਤ ਨਾਲ ਕਮਾਉਣਾ ਹੀ ਜਾਣਦਾ ਸੀ। ਇਹ ਕਰਦੇ-ਕਰਦੇ ਕਈ ਬਾਰ ਉਹ ਆਪਣੀਆਂ ਲੋੜਾਂ ਵੀ ਭੁੱਲ ਜਾਂਦਾ।
ਇਸ ਸਾਲ ਦੀ ਦਿਵਾਲੀ ਤਾਂ ਆਮ ਦਿਵਾਲੀ ਨਹੀਂ ਸੀ। ਸ਼੍ਰੀ ਦਾ ਵਿਆਹ ਜੂਨ ਵਿਚ ਹੋਇਆ ਸੀ ਅਤੇ ਹੁਣ ਉਹ ਆਪਣੇ ਵਿਆਹ ਤੋਂ ਬਾਅਦ ਪਹਿਲੀ ਦਿਵਾਲੀ ‘ਤੇ ਆਪਣੇ ਪਤੀ ਨਾਲ ਆ ਰਹੀ ਸੀ। ਇਸ ਲਈ ਇਸ ਵਾਰ ਦੀ ਦਿਵਾਲੀ ਉਹਨਾਂ ਸਾਰਿਆਂ ਲਈ ਖਾਸ ਸੀ। ਸ਼ਾਂਤੀ ਨੇ ਇਸ ਮੌਕੇ ਕਾਫੀ ਖਰਚ ਕਰਨ ਦਾ ਸੋਚਿਆ ਹੋਇਆ ਸੀ। “ਤੁਹਾਨੂੰ ਪਤਾ ਹੈ, ਸਾਡੀ ਪਹਿਲੀ ਦਿਵਾਲੀ ‘ਤੇ ਮੇਰੇ ਪਿਤਾ ਜੀ ਤੁਹਾਡੇ ਲਈ ਹੀਰੇ ਦੀ ਮੁੰਦਰੀ ਲਿਆਏ ਸੀ ਅਤੇ ਸੱਤ ਤੋਲੇ ਸੋਨੇ ਦੀਆਂ ਛੋਟੀਆਂ ਚੈਨੀਆਂ। ਉਹਨਾਂ ਵਰਗਾ ਖੁੱਲ੍ਹਾ ਖਰਚਾ ਤਾਂ ਆਪਾਂ ਕਰ ਨਹੀਂ ਸਕਦੇ। ਘੱਟੋ-ਘੱਟ ਜਿਥੇ ਸੋਨਾ ਰੱਖਣਾ ਹੈ, ਉਸ ਥਾਂ ਨੂੰ ਫੁੱਲਾਂ ਨਾਲ ਤਾਂ ਸਜਾ ਹੀ ਸਕਦੇ ਹਾਂ। ਮੇਰਾ ਮਤਲਬ ਹੈ ਕਿ ਹੀਰੇ ਦੀ ਬਜਾਏ ਸੋਨੇ ਦੀ ਮੁੰਦੀ ਤਾਂ ਦੇਣੀ ਹੀ ਚਾਹੀਦੀ ਹੈ ਅਤੇ ਘੱਟੋ-ਘੱਟ ਦੋ-ਤਿੰਨ ਵਧੀਆ ਕੜੇ।“ ਸ਼ਾਂਤੀ ਦੀ ਇਹ ਗੱਲ ਸੁਣ ਕੇ ਵਿਸ਼ਵਾ ਨੇ ਉਸ ਵੱਲ ਬੜੀਆਂ ਤਰਸਯੋਗ ਅੱਖਾਂ ਨਾਲ ਦੇਖਿਆ। ਉਹ ਸ਼ਾਂਤੀ ਨੂੰ ਪੁੱਛਣਾ ਚਾਹੁੰਦਾ ਸੀ, “ਕੀ ਉਸ ਨੂੰ ਪਤਾ ਹੈ ਕਿ ਇਕ ਤੋਲੇ ਸੋਨੇ ਦਾ ਮੁੱਲ ਕੀ ਹੈ?” ਪਰ, ਉਹ ਪੁੱਛ ਨਾ ਸਕਿਆ। ਇਹ ਉਸ ਦੀ ਕਮਜ਼ੋਰੀ ਸੀ ਕਿ ਉਹ ਕਿਸੇ ਦਾ ਦਿਲ ਨਹੀਂ ਸੀ ਤੋੜ ਸਕਦਾ।
ਇਸ ਤੋਂ ਬਾਅਦ ਵੀ ਸ਼ਾਂਤੀ ਨੇ ਬੋਲਣਾ ਜਾਰੀ ਰੱਖਿਆ, “ਤੁਹਾਡੀ ਭੈਣ ਦੀ ਪਹਿਲੀ ਦਿਵਾਲੀ ਸਮੇਂ ਵੀ ਘਰ ਵਿਚ ਭਾਵੇਂ ਪੈਸੇ ਦੀ ਤੰਗੀ ਹੀ ਸੀ, ਆਪਾਂ ਇਹ ਸਾਰਾ ਕੁਝ ਹੀ ਲਿਆ ਸੀ। ਆਪਾਂ ਤਾਂ ਉਸ ਲਈ ਰੇਸ਼ਮੀ ਸਾੜੀ ਲੈਣ ਕਾਂਚੀਪੁਰਮ ਵੀ ਗਏ ਸੀ। 1991 ਵਿਚ ਵੀ ਉਸ ਸਾੜੀ ਦੀ ਕੀਮਤ ਤੀਹ ਹਜ਼ਾਰ ਸੀ–“ ਸ਼ਾਂਤੀ ਜਿਸ ਤਰਾਂ ਬੋਲੀ ਜਾ ਰਹੀ ਸੀ, ਵਿਸ਼ਵਾ ਦਾ ਸਿਰ ਚਕਰਾਉਣ ਲੱਗ ਪਿਆ। ਉਹ ਦਿਲੋਂ ਚਾਹੁੰਦਾ ਸੀ ਕਿ ਇਹ ਸਭ ਕੁਝ ਕੀਤਾ ਜਾਵੇ, ਪਰ ਉਹ ਐਨਾ ਪੈਸਾ ਕਿਥੋਂ ਲਿਆਵੇ?
ਸ਼ਾਂਤੀ ਰੁਕਣ ਦਾ ਨਾਂ ਨਹੀਂ ਸੀ ਲੈ ਰਹੀ। “ਪਰ ਤੁਹਾਡੀ ਭੈਣ ਹਮੇਸ਼ਾ ਹੀ ਖੁਸ਼ਕਿਸਮਤ ਰਹੀ ਹੈ। ਤੁਸੀਂ ਸਾਰੇ ਰਿਤੀ-ਰਿਵਾਜ਼ ਵੀ ਕੀਤੇ, ਵਿਆਹ ਤੋਂ ਬਾਅਦ ਵੀ ਹਰ ਮੌਕੇ ‘ਤੇ ਉਸ ਨੂੰ ਮਹਿੰਗੀਆਂ-ਮਹਿੰਗੀਆਂ ਚੀਜ਼ਾਂ ਦਿੱਤੀਆਂ, ਪਰ ਤਾਂ ਵੀ ਉਸ ਨੇ ਸਾਰੀ ਜਾਇਦਾਦ ਵਿਚੋਂ ਬਰਾਬਰ ਦਾ ਹਿੱਸਾ ਵੀ ਲੈ ਲਿਆ। ਜਦੋਂ ਤੁਸੀਂ ਆਪਣੇ ਪਿਤਾ ਦਾ ਕਰਜ਼ਾ ਲਾਹੁਣ ਲਈ ਜ਼ਮੀਨ ਅਤੇ ਕਾਰਖ਼ਾਨਾ ਵੇਚਿਆ ਤਾਂ ਵੀ ਉਸ ਨੇ ਹਿੱਸਾ ਮੰਗਣ ਲਈ ਝਿਜਕ ਨਹੀਂ ਸੀ ਕੀਤੀ। ਜੇ ਉਹ ਸਾਰੀ ਜਾਇਦਾਦ ਦੀ ਹਿੱਸੇਦਾਰ ਸੀ ਤਾਂ ਕਰਜ਼ਾ ਲਾਹੁਣ ਵੇਲੇ ਵੀ ਅੱਗੇ ਆਉਂਦੀ? ਉਹ ਤਾਂ ਸਿਰਫ ਆਪਣਾ ਹਿੱਸਾ ਹੀ ਮੰਗ ਸਕਦੀ ਹੈ। ਉਹ ਇਕ ਪੱਥਰ ਦਿਲ ਜਨਾਨੀ ਹੈ, ਜੋ ਆਪਣੇ ਭਰਾ ਦੇ ਭਾਰ ਬਾਰੇ ਕਦੇ ਨਹੀਂ ਸੋਚਦੀ।“ ਵਿਸ਼ਵਾ ਸੋਚ ਰਿਹਾ ਸੀ, “ਉਸ ਨੂੰ ਆਪਣੇ ਮਤਲਬੀ ਸੁਭਾਅ ਮੁਤਾਬਿਕ ਚਲਨ ਦਿਓ। ਪਰ, ਤੂੰ ਜੋ ਮੇਰੀ ਪਤਨੀ ਹੈਂ, ਜੋ ਮੇਰੀਆਂ ਖੁਸ਼ੀਆਂ ਅਤੇ ਮੇਰੇ ਗ਼ਮਾਂ ਦੀ, ਮੇਰੇ ਫਾਇਦੇ ਅਤੇ ਮੇਰੇ ਭਾਰ ਦੀ— ਸਾਂਝੀਵਾਲ ਹੈ, ਤੂੰ ਕਿਉਂ ਮੇਰੇ ਵੱਲ ਸਵੱਲੀ ਨਜ਼ਰ ਨਾਲ ਨਹੀਂ ਦੇਖਦੀ? ਤੂੰ ਆਪਣੇ ਅੱਜ ਦੇ ਹਾਲਾਤ ਨੂੰ ਕਿਉਂ ਨਹੀਂ ਸਮਝਦੀ? ਤੀਹ ਸਾਲ ਪਹਿਲਾਂ ਅਸੀਂ ਪੈਸੇ-ਧੇਲੇ ਵੱਲੋਂ ਸੁਖੀ ਸੀ, ਤਾਂ ਹੀ ਸਾਰੇ ਖਰਚੇ ਖੁੱਲ੍ਹੇ ਦਿਲ ਨਾਲ ਕਰ ਸਕਦੇ ਸੀ, ਪਰ ਹੁਣ ਤਾਂ ਹਾਲਾਤ ਬਦਲ ਗਏ ਹਨ। ਹੁਣ ਤਾਂ ਇਸ ਘਰ ਤੋਂ ਬਿਨਾਂ ਸਾਡੇ ਕੋਲ ਕੁਝ ਵੀ ਨਹੀਂ। ਛੋਟੇ ਜਿਹੇ ਕਾਰੋਬਾਰ ਨਾਲ ਵਧੀਆ ਜ਼ਿੰਦਗੀ ਬਤੀਤ ਹੋ ਰਹੀ ਹੈ। ਖੁਸ਼ੀ ਅਤੇ ਮਨ ਦੀ ਸ਼ਾਂਤੀ ਹੀ ਸਭ ਤੋਂ ਜਰੂਰੀ ਹੁੰਦੀ ਹੈ। ਮਨ ਦੀ ਸ਼ਾਂਤੀ, ਐਸ਼ ਦੀ ਜ਼ਿੰਦਗੀ ਬਿਤਾਉਣ ਨਾਲ ਜਾਂ ਪੈਸੇ ਨਾਲ ਨਹੀਂ ਮਿਲਦੀ, ਸਿਰਫ ਪਿਆਰ ਨਾਲ ਮਿਲਦੀ ਹੈ। ਅਸੀਂ ਦਿਵਾਲੀ ਸਾਦੇ ਢੰਗ ਨਾਲ, ਪਰ ਖੁਸ਼ੀ-ਖੁਸ਼ੀ ਮਨਾ ਸਕਦੇ ਹਾਂ। ਸ਼੍ਰੀ ਸਾਡੀ ਮਜ਼ਬੂਰੀ ਸਮਝ ਸਕਦੀ ਹੈ। ਸਾਡੇ ਕੁੜਮ ਵੀ ਬਹੁਤ ਵਧੀਆ ਹਨ। ਸਾਡਾ ਜਵਾਈ ਵੀ ਬਹੁਤ ਸਮਝਦਾਰ ਹੈ, ਚੰਗਾ ਪੜ੍ਹਿਆ-ਲਿਖਿਆ ਅਤੇ ਭਲਾ ਬੰਦਾ ਹੈ। ਉਹ ਸਾਡੇ ਕੋਲੋਂ ਇਹਨਾਂ ਚੀਜ਼ਾਂ ਦੀ ਆਸ ਨਹੀਂ ਕਰੇਗਾ।“ ਵਿਸ਼ਵਾ ਇਹ ਸਭ ਕੁਝ ਕਹਿਣਾ ਚਾਹੁੰਦਾ ਸੀ, ਪਰ ਉਸਦੇ ਕੁਝ ਕਹਿਣ ਤੋਂ ਪਹਿਲਾਂ ਹੀ ਸ਼ਾਂਤੀ ਫੇਰ ਕਹਿਣ ਲੱਗੀ।
“ਸ਼੍ਰੀ ਦੇ ਸਹੁਰੇ ਪਰਿਵਾਰ ਦੇ ਸਾਰੇ ਹੀ ਜੀਅ ਬਹੁਤ ਚੰਗੇ ਹਨ, ਪਰ ਸਾਨੂੰ ਆਪਣੇ ਫਰਜ਼ ਤਾਂ ਨਹੀਂ ਭੁੱਲਣੇ ਚਾਹੀਦੇ। ਸ਼੍ਰੀ ਸਾਡੀ ਇੱਕੋ-ਇਕ ਧੀ ਹੈ। ਉਸ ਤੋਂ ਬਿਨਾਂ ਅਸੀਂ ਹੋਰ ਕਿਸੇ ਦਾ ਤਾਂ ਕੁਝ ਕਰਨਾ ਨਹੀਂ। ਜੇ ਅਸੀਂ ਇਹ ਸਭ ਕੁਝ ਵਧੀਆ ਤਰੀਕੇ ਨਾਲ ਕਰਾਂਗੇ ਤਾਂ ਉਸ ਨੂੰ ਵੀ ਸਹੁਰੇ ਘਰ ਆਦਰ-ਮਾਨ ਮਿਲੂ।“ ਸ਼ਾਂਤੀ ਦੀਆਂ ਇਹ ਸਾਰੀਆਂ ਹੀ ਗੱਲਾਂ ਠੀਕ ਸੀ, ਇਸ ਲਈ ਹੀ ਵਿਸ਼ਵਾ ਕੋਲ ਇਹਨਾਂ ਦਾ ਕੋਈ ਜਵਾਬ ਨਹੀਂ ਸੀ?
ਅਖੀਰ ਵਿਚ ਵਿਸ਼ਵਾ ਨੇ ਆਪਣੀ ਪਤਨੀ ਵੱਲੋਂ ਦੱਸੇ ਸਾਰੇ ਸਮਾਨ ਦੇ ਖਰਚੇ ਦਾ ਅੰਦਾਜ਼ਾ ਲਾਉਣਾ ਸ਼ੁਰੂ ਕੀਤਾ ਤਾਂ ਜੋ ਪੈਸੇ ਦਾ ਇੰਤਜ਼ਾਮ ਕੀਤਾ ਜਾ ਸਕੇ। ਸੋਨੇ ਦੇ ਗਹਿਣਿਆਂ ਲਈ ਘੱਟ ਤੋਂ ਘੱਟ ਤਿੰਨ ਸਾਢੇ ਤਿੰਨ ਤੋਲੇ ਸੋਨਾ ਚਾਹੀਦਾ ਸੀ, ਜਿਸਦੀ ਕੀਮਤ ਤਕਰੀਬਨ ਇਕ ਲੱਖ ਸੱਠ ਹਜ਼ਾਰ ਹੋਵੇਗੀ। ਸਿਲਕ ਦੀ ਸਾੜੀ ਅਤੇ ਜਵਾਈ ਦੇ ਕੱਪੜਿਆਂ ਲਈ ਪੰਜਾਹ ਹਜ਼ਾਰ ਰੁਪਏ। ਉਸ ਤੋਂ ਇਲਾਵਾ ਉਹਨਾਂ ਨੇ ਆਪਣੀ ਧੀ ਅਤੇ ਜਵਾਈ ਨੂੰ ਸੱਦਾ ਦੇਣ ਕੁੜਮਾਂ ਦੇ ਘਰ ਵੀ ਜਾਣਾ ਸੀ। ਉਹਨਾਂ ਲਈ ਵੀ ਕੁਝ ਲੈ ਕੇ ਹੀ ਜਾਣਾ ਪਏਗਾ। ਫਲ, ਮਠਿਆਈਆਂ ਅਤੇ ਫੁੱਲ ਵੀ ਖਰੀਦਣੇ ਪੈਣਗੇ। ਕੁਲ ਮਿਲਾ ਕੇ ਦੋ ਲੱਖ ਤੋਂ ਜ਼ਿਆਦਾ ਦਾ ਖਰਚਾ। ਜੇ ਸ਼ਾਂਤੀ ਉਸ ਨੂੰ ਆਪਣੀ ਚੈਨ ਦੇ ਦੇਵੇ ਤਾਂ ਉਹ ਤਿੰਨ ਲੱਖ ਦੀ ਹੋਏਗੀ। ਹੋ ਸਕਦਾ ਹੈ ਕਿ ਸ਼ਾਂਤੀ ਇਸ ਲਈ ਰਾਜ਼ੀ ਨਾ ਹੋਵੇ, ਕਿਉਂਕਿ ਇਹ ਉਸ ਦੇ ਪੇਕਿਆਂ ਤੋਂ ਮਿਲਿਆ ਉਸ ਕੋਲ ਆਖਰੀ ਗਹਿਣਾ ਹੈ। ਵਿਸ਼ਵਾ ਹੋਰ ਕੋਈ ਰਾਹ ਲੱਭਣ ਲਈ ਸੋਚਣ ਲੱਗਿਆ।
“ਕੀ ਮੈਂ ਕਮਲਾ ਤੋਂ ਪੁੱਛਾਂ?” ਪਰ ਉਸ ਨੇ ਨਾਲ ਦੀ ਨਾਲ ਇਹ ਖਿਆਲ ਛੱਡ ਦਿੱਤਾ। ਉਹ ਆਪਣੀ ਭੈਣ ਨੂੰ ਚੰਗੀ ਤਰਾਂ ਜਾਣਦਾ ਸੀ। ਉਹ ਬਹੁਤ ਕੰਜੂਸ ਅਤੇ ਆਪਣੇ ਭੈਣ-ਭਰਾਵਾਂ ਬਾਰੇ ਖੁੱਲ੍ਹੇ ਦਿਲ ਨਾਲ ਸੋਚਣ ਦੀ ਥਾਂ ਆਪਣੇ ਬਾਰੇ ਹੀ ਸੋਚਣ ਵਾਲੀ ਸੀ। ਉਹ ਆਪਣੇ ਭਰਾ ਲਈ ਪਿਆਰ ਦਿਖਾਉਣ ਲਈ ਨਾ ਤਾਂ ਆਪਣਾ ਮੂੰਹ ਖੋਲਦੀ ਅਤੇ ਨਾ ਹੀ ਪਰਸ। ਉਹ ਤਾਂ ਹਮੇਸ਼ਾ ਇਹ ਹੀ ਦੇਖਦੀ ਰਹਿੰਦੀ ਕਿ ਆਪਣੇ ਘਰ ਲਈ ਕੀ ਲੈ ਜਾਵੇ। ਉਹ ਕੁਝ ਹੋਰ ਸੋਚਣ ਲੱਗਿਆ। ਸ਼ਾਂਤੀ ਆਪਣੇ ਪਤੀ ਦੀ ਚਿੰਤਾ ਬਾਰੇ ਫਿਕਰਮੰਦ ਨਹੀਂ ਸੀ। ਅਸਲ ਵਿਚ ਉਹ ਆਪਣੇ ਪਤੀ ਦੀ ਮਾਇਕ ਹਾਲਤ ਵਾਰੇ ਜਾਣੂ ਹੀ ਨਹੀਂ ਸੀ ਜਾਂ ਉਸ ਨੇ ਜਾਨਣ ਦੀ ਕੋਸ਼ਿਸ਼ ਹੀ ਨਹੀਂ ਸੀ ਕੀਤੀ. ਉਹ ਆਪਣੀ ਮਾਂ ਅਤੇ ਆਪਣੀ ਸੱਸ ਦੇ ਘਰ ਇਸੇ ਤਰਾਂ ਹੀ ਰਹੀ ਸੀ। ਉਹ ਤਾਂ ਬਹੁਤ ਖੁਸ਼ ਹੋ ਕੇ ਅਤੇ ਉਤਸ਼ਾਹ ਨਾਲ ਦਿਵਾਲੀ ਬਾਰੇ ਗੱਲਾਂ ਕਰ ਰਹੀ ਸੀ। ਉਸ ਕੋਲ ਤਾਂ ਆਪਣੀ ਧੀ ਅਤੇ ਜਵਾਈ ਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦੇਣ ਲਈ ਲੰਬਾ-ਚੌੜਾ ਮਸੌਦਾ ਸੀ। ਉਹ ਇਡਲੀ ਅਤੇ ਖੁਸ਼ਬੂਦਾਰ ਸਾਂਭਰ ਲੈ ਆਈ। ਖਾਣੇ ਵਾਲੇ ਮੇਜ਼ ਕੋਲ ਬੈਠੇ ਵਿਸ਼ਵਾ ਦਾ ਧਿਆਨ ਖਿੜਕੀ ਤੋਂ ਬਾਹਰ ਗਿਆ। ਲਾਲੀ ਦੀ ਭਾਅ ਮਾਰ ਰਹੀ ਵੇਲ ਦੇ ਫੁੱਲ, ਹਰੇ ਪੱਤਿਆਂ ਦੇ ਗੁੱਛੇ ਵਿਚ ਝੂਲ ਰਹੇ ਸੀ? । ਬਾਹਰ ਬੁੰਦਾ-ਬਾਂਦੀ ਹੋ ਰਹੀ ਸੀ। ਟੀ ਵੀ ਤੇ ਪੀ. ਸੁਰੀਲਾ ਗਾਣਾ ਗਾ ਰਹੀ ਸੀ। ਜੇ ਇਹ ਅੱਜ ਤੋਂ ਦਸ ਸਾਲ ਪਹਿਲਾਂ ਹੁੰਦਾ, ਤਾਂ ਵਿਸ਼ਵਾ ਵੀ ਬਾਹਰ ਮੀਂਹ ਵਿਚ ਮਸਤੀ ਵਿਚ ਨੱਚ ਅਤੇ ਗਾ ਰਿਹਾ ਹੁੰਦਾ। ਜ਼ਿੰਦਗੀ ਦੇ ਦਰਦਾਂ ਅਤੇ ਜ਼ਖ਼ਮਾਂ ਨੇ ਉਸਦੀਆਂ ਕਲਾ ਰੁਚੀਆਂ ਨੂੰ ਖੂੰਡਾ ਕਰ ਦਿੱਤਾ ਸੀ। ਉਸ ਦੀਆਂ ਅੱਖਾਂ ਝਪਕ ਰਹੀਆਂ ਸੀ. ਉਸਨੇ ਆਪਣੇ ਆਪ ਨੂੰ ਦਿਵਾਲੀ ਦੀ ਤਿਆਰੀ ਵਿਚ ਹੀ ਪੂਰੀ ਤਰਾਂ ਮਗਨ ਕਰ ਲਿਆ, ਜਿਸ ਨਾਲ ਉਸਦੀ ਪਤਨੀ ਅਤੇ ਧੀ ਨੂੰ ਸੰਤੁਸ਼ਟੀ ਅਤੇ ਖੁਸ਼ੀ ਮਿਲੇ। ਉਹ ਆਪਣੀ ਬੇਟੀ ਜਾਂ ਪਤਨੀ ਦੇ ਚਿਹਰੇ ‘ਤੇ ਨਿਰਾਸਤਾ ਦੀ ਇਕ ਝਲਕ ਵੀ ਨਹੀਂ ਲੀ ਦੇਖ ਸਕਦਾ।
ਸ਼ਾਂਤੀ, ਉਹ ਜਦੋਂ ਵੀ ਉਸ ਬਾਰੇ ਸੋਚਦਾ ਤਾਂ ਇੱਕ ਉਹ ਦਿਆ ਦੀ ਮੂਰਤ ਲੱਗਦੀ ਜੋ ਪਿਆਰ ਨਾਲ ਭਰਪੂਰ ਸੀ , ‘ਵਿਚਾਰੀ ਕੁੜੀ’, ਜਿਸਦਾ ਜਨਮ ਇਕ ਅਮੀਰ ਪਰਿਵਾਰ ਵਿਚ ਹੋਇਆ, ਉਸਨੇ ਵਿਆਹ ਤੋਂ ਬਾਅਦ ਇਸ ਘਰ ਵਿਚ ਆ ਕੇ ਕੀ ਸੁਖ ਪਾਇਆ? ਵਿਸ਼ਵਾ ਉਸ ਬਾਰੇ ਹਮੇਸ਼ਾ ਇਹੋ ਸੋਚਦਾ। ਉਹ ਵੀ ‘ਮੂੰਹ ਵਿਚ ਚਾਂਦੀ ਦਾ ਚਮਚਾ ਲੈ ਕੇ ਹੀ ਪੈਦਾ ਹੋਇਆ ਸੀ’, ਪਰ ਜਦੋਂ ਉਸ ਤੋਂ ਬਾਅਦ ਇਕ ਤੋਂ ਬਾਅਦ ਇਕ, ਉਸਦੇ ਨੌਂ ਹੋਰ ਭੈਣ-ਭਰਾ ਪੈਦਾ ਹੋਏ ਤਾਂ ਉਹ ਚਾਂਦੀ ਦਾ ਚਮਚਾ ਕਿਤੇ ਗੁੰਮ ਹੋ ਗਿਆ। ਉਸਦੇ ਪਿਤਾ, ਉਸਦੇ ਦਾਦੇ ਦੀ ਤਰਾਂ ਹੁਸ਼ਿਆਰ ਨਹੀਂ ਸੀ। ਇਕ ਵੱਡੇ ਪਰਿਵਾਰ ਨੂੰ ਇਕ ਨਾ ਸਮਝ ਮੁਖੀ ਤੋਂ ਬਿਨਾਂ ਪਾਲਣ ਲਈ ਵਿਸ਼ਵਾ ਨੂੰ ਆਪਣੀ ਉੱਚ ਪੜਾਈ ਦੀ ਇੱਛਾ ਵਿੱਚੇ ਹੀ ਛੱਡਣੀ ਪਈ। ਦੂਜੇ ਭਰਾ ਉੱਚੀ ਪੜ੍ਹਾਈ ਕਰ ਗਏ, ਭੈਣਾਂ ਦੇ ਵਿਆਹ ਹੋ ਗਏ, ਹੌਲੀ-ਹੌਲੀ ਪਿਤਾ-ਪੁਰਖੀ ਜਾਇਦਾਦ ਘਟਦੀ ਗਈ। ਸਭ ਤੋਂ ਵੱਡੀ ਮਾਰ ਉਦੋਂ ਪਈ ਜਦੋਂ ਉਹਨਾਂ ਦੇ ਮਾਤਾ-ਪਿਤਾ ਦੋਵੇਂ ਹੀ ਕੈਂਸਰ ਦਾ ਸ਼ਿਕਾਰ ਹੋ ਗਏ। ਵਿਸ਼ਵਾ ਦੇ ਭਾਈਆਂ ਦਾ ਬਚਾ ਤਾਂ ਇਸ ਕਰਕੇ ਹੋ ਗਿਆ ਕਿਉਂਕਿ ਉਹ ਨੌਕਰੀਆਂ ‘ਤੇ ਲੱਗੇ ਹੋਏ ਸੀ। ਉਹ ਇਕੱਲਾ ਹੀ ਪਰਵਾਰਿਕ ਕਰਜ਼ੇ ਵਿਚ ਫਸ ਗਿਆ। ਹੋਰ ਕਿਸੇ ਨੇ ਵੀ ਕਰਜ਼ੇ ਦੀ ਜਿੱਮੇਵਾਰੀ ਨਾ ਚੁੱਕੀ। ਜਦੋਂ ਕਰਜ਼ਾ ਲਾਹੁਣ ਲਈ ਪਰਿਵਾਰ ਦੀ ਜਾਇਦਾਦ ਨੂੰ ਵੇਚਣ ਦਾ ਫੈਸਲਾ ਹੋਇਆ ਤਾਂ ਸਾਰੇ ਹੀ ਆਪਣਾ-ਆਪਣਾ ਹਿੱਸਾ ਲੈਣ ਲਈ ਅੱਗੇ ਹੋ ਗਏ। ਵਿਸ਼ਵਾ ਕਿਸੇ ਨੂੰ ਕੁਝ ਨਾ ਕਹਿ ਸਕਿਆ।
ਵਿਸ਼ਵਾ ਨੇ ਸਾਰੇ ਹਾਲਾਤ ਦਾ ਜਾਇਜ਼ਾ ਲੈ ਕੇ ਆਪਣੇ ਭੈਣਾਂ-ਭਰਾਵਾਂ ਵਿੱਚੋਂ ਕਿਸੇ ਕਿਸਮ ਦੀ ਮਦਦ ਲੈਣ ਦਾ ਫੈਸਲਾ ਛੱਡ ਦਿੱਤਾ। ਉਹ ਇਹ ਸਭ ਕੁਝ ਸ਼ਾਂਤੀ ਨੂੰ ਨਹੀਂ ਸੀ ਦੱਸ ਸਕਦਾ। ਉਸਨੇ ਇਹ ਸਮਝਣਾ ਹੀ ਨਹੀਂ ਸੀ। ਉਸ ਨੇ ਤਾਂ ਬੇਬਸੀ ਨਾਲ ਅੱਖਾਂ ਹੀ ਝਪਕਦੇ ਰਹਿਣਾ ਸੀ ਅਤੇ ਵਿਸ਼ਵਾ ਆਪਣੀ ਪਤਨੀ ਦੇ ਚਿਹਰੇ ‘ਤੇ ਅਜਿਹੀ ਮਾਸੂਮੀਅਤ ਨਹੀਂ ਸੀ ਦੇਖ ਸਕਦਾ। ਜੇ ਕਿਤੇ ਸ਼੍ਰੀ ਸਾਦੀ ਜਿਹੀ ਦਿਵਾਲੀ ਮਨਾਉਣ ਨੂੰ ਤਿਆਰ ਵੀ ਹੋ ਜਾਂਦੀ ਤਾਂ ਸ਼ਾਤੀ ਨੇ ਇਹ ਗੱਲ ਸੁਣਨੀ ਸੀ ਅਤੇ ਨਾ ਹੀ ਮੰਨਣੀ ਸੀ। ਵਿਸ਼ਵਾ ਨੂੰ ਇਹ ਚੰਗੀ ਤਰਾਂ ਪਤਾ ਸੀ ਕਿ ਉਹਨਾਂ ਦੀ ਬੇਟੀ ਪੜੀ-ਲਿਖੀ ਹੈ ਅਤੇ ਉਹ ਆਪਣੇ ਮਾਤਾ-ਪਿਤਾ ਤੋਂ ਉਹਨਾਂ ਦੀ ਮਾਇਕ ਮਜ਼ਬੂਰੀ ਕਰਕੇ ਕਿਸੇ ਚੀਜ਼ ਦੀ ਆਸ ਨਹੀਂ ਕਰੇਗੀ। ਪਰ ਹੁਣ, ਧੀ ਦੇ ਸਹੁਰੇ ਘਰ ਵਿਚ ਉਸਦੀ ਇਜ਼ਤ ਕਰਕੇ ਕੁਝ ਨਾ ਕੁਝ ਤਾਂ ਸੋਚਣਾ ਹੀ ਪੈਣਾ ਸੀ। ਵਿਸ਼ਵਾ ਨੂੰ ਪਰਿਵਾਰਕ ਜਾਇਦਾਦ ਵੇਚਣ ਵੇਲੇ ਆਪਣੀ ਭੈਣ ਦੇ ਪਤੀ ਅਤੇ ਸਹੁਰਿਆਂ ਨਾਲ ਹੋਏ ਭੈੜੇ ਤਜ਼ਰਬੇ ਦਾ ਪਤਾ ਸੀ ।
ਆਪਣੇ ਦਿਮਾਗ ਅਤੇ ਦਿਲ ਵਿਚ ਚਲ ਰਹੀ ਅੰਦਰੂਨੀ ਲੜਾਈ ਦੇ ਚਲਦੇ, ਵਿਸ਼ਵਾ ਨੇ ਆਪਣੇ ਬਚਪਨ ਦੇ ਦੋਸਤ ਕੋਲੋਂ ਸਹਾਇਤਾ ਲੈਣ ਦੀ ਸੋਚੀ। ਉਹ ਇਡਲੀਆਂ ਨਾ ਖਾ ਸਕਿਆ ਅਤੇ ਪਲੇਟ ਸਰਕਾ ਕੇ ਕੁਰਸੀ ਤੋਂ ਖੜਾ ਹੋ ਗਿਆ। ਉਸਦੀ ਭਾਗਵਾਨ ਦੀਆਂ ਅੱਖਾਂ ਵਿਚ ‘ਕਿਉਂ’ ਦਾ ਪ੍ਸ਼ਨ ਪੈਦਾ ਹੋਇਆ। ਵਿਸ਼ਵ ਨੇ ਆਪਣੀ ਕਮੀਜ਼ ਚੁੱਕ ਕੇ ਪਾਉਣ ਲੱਗਿਆ। ਉਸਨੇ ਅਜੇ ਤੱਕ ਕਿਸੇ ਤੋਂ ਪੈਸੇ ਨਹੀਂ ਸੀ ਮੰਗੇ। ਜਦੋਂ ਵੀ ਪੈਸਿਆਂ ਦੀ ਲੋੜ ਹੁੰਦੀ ਕੋਈ ਜਾਇਦਾਦ ਵੇਚ ਦਿੰਦੇ। ਉਹਨਾਂ ਦਾ ਮਾਣ ਅਤੇ ਸਮਾਜਿਕ ਰੁਤਬਾ ਉਹਨਾਂ ਨੂੰ ਕਿਸੇ ਤੋਂ ਉਧਾਰ ਲੈਣ ਜਾਂ ਸਹਾਇਤਾ ਲੈਣ ਦੀ ਇਜਾਜ਼ਤ ਨਹੀਂ ਸੀ ਦਿੰਦਾ। ਅੱਜ ਉਹ ਪਹਿਲੀ ਵਾਰ ਆਪਣੀ ਕੁੜੀ ਕਰਕੇ ਕਿਸੇ ਦੋਸਤ ਤੋਂ ਕੁਝ ਮੰਗਣ ਜਾ ਰਿਹਾ ਸੀ। ਇਸ ਲਈ ਨਹੀਂ ਕਿ ਰਵੀ ਤੋਂ ਉਸ ਨੂੰ ਕੋਈ ਵੱਡੀ ਉਮੀਦ ਸੀ, ਪਰ ਇਸ ਕਰਕੇ ਕਿ ਉਸ ਨੂੰ ਥਿਰੂਵਲੂਵਰ ਦੇ ਕਹੇ ‘ਤੇ ਵਿਸ਼ਵਾਸ ਸੀ ਕਿ ਇੱਕ ਸੱਚਾ ਦੋਸਤ ਹਮੇਸ਼ਾ ਹੀ ਸਹਾਇਤਾ ਕਰਨ ਨੂੰ ਅੱਗੇ ਆਉਂਦਾ ਹੈ ਜਿਵੇਂ ਸਰੀਰ ਦਾ ਕੋਈ ਕੱਪੜਾ ਫਿਸਲਣ ਤੇ ਹੱਥ ਆਪਣੇ ਆਪ ਹੀ ਉਸ ਨੂੰ ਪਕੜਦਾ ਹੈ।
ਫੇਰ ਵੀ ਉਸਦੇ ਦਿਲ ਵਿਚ ਬਹੁਤ ਕਸ਼ਮਕਸ਼ ਚਲ ਰਹੀ ਸੀ। ਉਹ ਸ਼ੀਸ਼ੇ ਮੂਹਰੇ ਖੜ ਕੇ ਰਵੀ ਨੂੰ ਪੈਸਿਆਂ ਦੀ ਬੇਨਤੀ ਕਰਨ ਦਾ ਅਭਿਆਸ ਕਰ ਰਿਹਾ ਸੀ। ਸ਼ਾਂਤੀ ਉਸ ਵੱਲ ਬੜੀ ਹੈਰਾਨੀ ਨਾਲ ਦੇਖ ਰਹੀ ਸੀ। ਤਕਰੀਬਨ ਅੱਧੇ ਘੰਟੇ ਦੀ ਰਿਹਰਸਲ ਤੋਂ ਬਾਅਦ ਵਿਸ਼ਵਾ, ਜੋ 55 ਸਾਲਾਂ ਵਿਚ ਕਿਸੇ ਕੋਲ ਸਹਾਇਤਾ ਲਈ ਨਹੀਂ ਸੀ ਗਿਆ, ਉਹ ਭਰੇ ਦਿਲ ਨਾਲ ਰਵੀ ਕੋਲ ਜਾਣ ਲਈ ਦਰਵਾਜ਼ੇ ਵੱਲ ਵਧਿਆ। ਉਸਦੇ ਚਿਹਰੇ ‘ਤੇ ਮੁਰਦੇਹਾਨੀ ਜਿਹੀ ਛਾਈ ਹੋਈ ਸੀ। ਇਕ ਮਸ਼ੀਨ ਦੀ ਤਰਾਂ ਉਸਨੇ ਬੂਹੇ ਵੱਲ ਹੱਥ ਵਧਾਇਆ। ਬੂਹਾ ਬਾਹਰੋਂ ਆਪਣੇ ਆਪ ਹੀ ਖੁਲ੍ਹ ਗਿਆ। ਦੋਵੇਂ ਮੀਆਂ-ਬੀਵੀ ਹੈਰਾਨ ਹੋ ਗਏ। ਸ਼੍ਰੀ ਅਤੇ ਉਸਦਾ ਪਤੀ ਹੱਸਦੇ ਹੋਏ ਬਾਹਰ ਖੜੇ ਸੀ ਅਤੇ ਉਹਨਾਂ ਦੇ ਹੱਥਾਂ ਵਿਚ ਕਈ ਥੈਲੇ ਫੜੇ ਹੋਏ ਸੀ। ਸ਼੍ਰੀ ਨੇ ਕਿਸੇ ਦੇ ਕੁਝ ਪੁੱਛਣ ਤੋਂ ਪਹਿਲਾਂ ਹੀ ਬੋਲਣਾ ਸ਼ੁਰੂ ਕਰ ਦਿੱਤਾ:
“ਪਾਪਾ, ਮੇਰੇ ਪਤੀ ਅਨੁਸਾਰ ਹੁਣ ਸਮਾਂ ਬਦਲ ਗਿਆ ਹੈ। ਤੁਸੀਂ ਸਾਡੀ ਗੱਲ ਨਾ ਮੋੜੀਓ। ਅਸਲ ਵਿਚ ਇਹ ਬੱਚਿਆਂ ਦਾ ਹੁਕਮ ਹੀ ਸਮਝ ਲਓ। ਤੁਸੀਂ ਇਹਨਾਂ ਨੂੰ ਆਪਣੇ ਸੱਸ-ਸਹੁਰਾ ਨਹੀਂ ਬਲਕਿ ਮਾਂ-ਪਿਉ ਸਮਝੋ। ਇਸ ਲਈ ਅਸੀਂ ਇਹ ਫੈਸਲਾ ਕੀਤਾ ਹੈ ਕਿ ਅਸੀਂ ਆਪਣੀ ਪਹਿਲੀ ਦਿਵਾਲੀ ਆਪਣੇ ਘਰ ਮਨਾਵਾਂਗੇ, ਇਸ ਘਰ ਨਹੀਂ। ਇਹਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਇਹ ਆਪਣੇ ਮਾਤਾ-ਪਿਤਾ, ਤੁਹਾਡੇ ਲਈ, ਅਤੇ ਸਾਡੇ ਲਈ ਆਪ ਸਭ ਕੁਝ ਖਰੀਦਣਗੇ। ਹੁਣ ਤਿਆਰ ਹੋ ਜਾਓ। ਬਾਹਰ ਕਾਰ ਖੜੀ ਹੈ। ਆਪਾਂ ਸਾਰਿਆਂ ਨੇ ਸਾਡੇ ਘਰ ਜਾਣਾ ਹੈ। ਤੁਸੀਂ ਬੱਸ ਅਰਾਮ ਕਰੋ ਅਤੇ ਮੌਜ ਮਨਾਓ. ਬਾਕੀ ਸਭ ਕੁਝ ਅਸੀਂ ਸੰਭਾਲ ਲਵਾਂਗੇ?”

-ਅੰਗਰੇਜ਼ੀ ਕਹਾਣੀ: ਆਰ ਕਾਰਤਿਕਾ ਦੇਵੀ

-ਪੰਜਾਬੀ ਅਨੁਵਾਦ: ਰਵਿੰਦਰ ਸਿੰਘ ਸੋਢੀ

Related posts

ਸਰਾਪ (ਕਹਾਣੀ)

admin

ਖ਼ੁਸ਼ੀਆਂ ਮੁੜ ਆਈਆਂ: (ਵਿਸਾਖੀ ਨਾਲ ਸੰਬੰਧਿਤ ਬਾਲ ਕਹਾਣੀ)

admin

ਡਾਕਟਰ ਦੀ ਪਰਚੀ !

admin