
ਸਾਡੇ ਪਿੰਡ ਦੁਪਾਲ ਪੁਰੋਂ ਨਵਾਂ ਸ਼ਹਿਰ ਜਾਣ ਲਈ ਰਸਤੇ ਤਾਂ ਹੋਰ ਵੀ ਹਨ ਪਰ ਉਨ੍ਹਾਂ ਵਿੱਚੋਂ ਇਕ, ਗਿਆਨ ਸਿੰਘ ‘ਵਿਕਟੋਰੀਆ ਕਰਾਸ’ ਦੇ ਪਿੰਡ ਸਹਾਬ ਪੁਰ ਵਿੱਚੀਂ ਲੰਘ ਕੇ ਜਾਣ ਵਾਲਾ ਰਾਹ ਮੇਰੇ ਜਿਆਦਾ ਪੈਰੀਂ ਲੱਗਾ ਹੋਇਆ ਹੈ। ਕਿਉਂਕਿ ਨੌਵੀਂ-ਦਸਵੀਂ ‘ਚ ਨਵਾਂਸ਼ਹਿਰ ਸਕੂਲੇ ਪੜ੍ਹਦਿਆਂ ਮੈਂ ਬਹੁਤਾ ਕਰਕੇ ਇਸੇ ਰਾਹੇ ਜਾਂਦਾ ਸਾਂ।
ਸੰਨ 2023 ਦੇ ਮਈ ਮਹੀਨੇ ਦੀ ਇਕ ਦੁਪਹਿਰ ਮੈਂ ਇਸ ਪਿੰਡ ਵਿੱਚੋਂ ਲੰਘਦਿਆਂ ਕੰਧ ਉੱਤੇ ਲਿਖਿਆ ਇਕ ਸਿਆਸੀ ਇਸ਼ਤਿਹਾਰ ਮੇਰੇ ਨਜ਼ਰੀਂ ਪਿਆ ਜੋ ਕਿ ਕਿਸੇ ਲਿਖਤ ਵਿਚ ਵਰਤਿਆ ਜਾ ਸਕਦਾ ਸੀ। ਸਕੂਟਰ ਇਕ ਪਾਸੇ ਖੜ੍ਹਾ ਕਰਕੇ ਮੈਂ ਉਸ ਇਸ਼ਤਿਹਾਰ ਦੀ ਫੋਟੋ ਖਿੱਚ ਰਿਹਾ ਸਾਂ ਤਦ ਲਾਗਲੀ ਆਟਾ-ਚੱਕੀ ਤੋਂ ਬਾਹਰ ਆਇਆ ਇਕ ਸੱਜਣ ਸ਼ੱਕੀ ਜਿਹੀਆਂ ਨਜ਼ਰਾਂ ਨਾਲ਼ ਦੇਖਦਾ ਹੋਇਆ ਮੇਰੇ ਵੱਲ ਤੁਰਿਆ ਆਇਆ।
ਮੇਰੀ ‘ਸਤਿ ਸ੍ਰੀ ਅਕਾਲ’ ਦਾ ਨਿਮ੍ਰਤਾ ਨਾਲ ਜਵਾਬ ਦੇ ਕੇ ਉਸਨੇ ਮੇਰਾ ਪਿੰਡ ਪੁੱਛਿਆ। ਪਿੰਡ ਦਾ ਨਾਂ ਸੁਣਕੇ ਉਸਨੇ ਧਾਅ ਕੇ ਮੈਨੂੰ ਇਉਂ ਜੱਫੀ ਪਾ ਲਈ ਜਿਵੇਂ ਮੈਂ ਉਹਨੂੰ ਚਿਰੀਂ ਵਿਛੁੰਨਾਂ ਜਾਨੀ ਮਿੱਤਰ ਮਿਲ਼ ਗਿਆ ਹੋਵਾਂ। ਜਦ ਕਿ ਮੇਰੇ ਲਈ ਉਹ ਹਾਲੇ ਅਣਜਾਣਿਆਂ ਵਿਅਕਤੀ ਸੀ।
“ਅੱਛਾ ਜੀ, ਦੁਪਾਲ ਪੁਰੀ ਤੁਸੀਂ ਹੋ ?” ਕਹਿ ਕੇ ਉਹ ਮੈਨੂੰ ਬਾਹੋਂ ਫੜ ਕੇ ਆਪਣੀ ਆਟਾ-ਚੱਕੀ ਵੱਲ ਖਿੱਚਣ ਲੱਗਾ। ਕਹਿੰਦਾ ਤੁਹਾਡਾ ਬੇਟਾ ਤਾਂ ਮੇਰੇ ਬੱਚਿਆਂ ਦਾ ਟੀਚਰ ਹੈ ਦੌਲਤ ਪੁਰ ਸਕੂਲੇ। ਹੁਣ ਚਾਹ ਜਾਂ ਦੁੱਧ ਪੀ ਕੇ ਜਾਇਉ, ਐਦਾਂ ਨੀ ਮੈਂ ਜਾਣ ਦੇਣਾ! ਉਸ ਵੇਲੇ ਮੈਨੂੰ ਖਾਣ-ਪੀਣ ਦੀ ਕੋਈ ਚਾਹਤ ਨਹੀਂ ਸੀ, ਇਸ ਕਰਕੇ ‘ਕਿਤੇ ਫਿਰ ਸਹੀ’ ਦਾ ਵਾਅਦਾ ਕਰਕੇ ਮੈਂ ਬੜੀ ਮੁਸ਼ਕਿਲ ਨਾਲ ਉਸਤੋਂ ਵਿਦਾਈ ਲਈ।
ਇਸ ਅਚਾਨਕ ਮਿਲਣੀ ਤੋਂ ਹਫਤਾ ਕੁ ਬਾਅਦ ਮੈਂ ਕਿਸੇ ਕੰਮ ਆਪਣੇ ਗੁਆਂਢੀ ਮਿੱਤਰ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਦੇ ਘਰੇ ਜਲਵਾਹੇ ਪਿੰਡ ਮਿਲਣ ਗਿਆ। ਉਹ ਆਪਣਾ ਮੋਬਾਈਲ ਫੋਨ ਮੇਰੇ ਮੋਹਰੇ ਕਰਕੇ ਕੁੱਝ ਫੋਟੋਆਂ ਦਿਖਾਉਣ ਲੱਗਾ। ਫੋਟੋਆਂ ਕਾਹਦੀਆਂ…ਇੳਂੁਂ ਲਗਦਾ ਸੀ ਜਿਵੇਂ ਮਨੁੱਖੀ ਅੰਗ ਵੱਢ-ਟੁੱਕ ਕੇ ਖਿਲਾਰੇ ਪਏ ਹੋਣ। ਫਰਸ਼ ‘ਤੇ ਡਿਗੀ ਪਈ ਇੱਕ ਬਾਂਹ ਮੋਢੇ ਤੋਂ ਇਉਂ ਉੱਖੜੀ ਹੋਈ ਪਈ ਸੀ ਜਿਵੇਂ ਗਿੱਲੀ ਮਿੱਟੀ ‘ਚੋਂ ਮੂਲੀ ਧੂਅ ਕੇ ਪੁੱਟੀ ਪਈ ਹੋਵੇ। ਥੱਲੇ ਫਰਸ਼ ਉੱਤੇ ਲੱਗੇ ਲਹੂ ਦੇ ਛੱਪੜ…ਇਕ ਬੰਦੇ ਦਾ ਬਾਂਹ-ਵਿਹੂਣਾ ਮੋਢਾ ਇਉਂ ਦਿਸਦਾ ਸੀ ਜਿਵੇਂ ਕੋਈ ਦਰੱਖਤ ਜੜ੍ਹਾਂ ਸਮੇਤ ਗਿੱਲੀ ਧਰਤੀ ‘ਚੋਂ ਧੂਹਿਆ ਹੁੰਦਾ ਹੈ…। ਲਾਗੇ ਹੀ ਖੂਨ ਨਾਲ ਲਿੱਬੜਿਆ ਪਿਆ ਸਰ੍ਹੋਂ ਦਾ ਤੇਲ ਕੱਢਣ ਵਾਲ਼ਾ ਸਪੈਲਰ।
ਇਹ ਭਿਆਨਕ ਫੋਟੋਆਂ ਦੇਖਕੇ ਸੁੰਨ ਜਿਹਾ ਹੋ ਗਿਆ। ‘ਚੁਅ…ਚੁਅ !’ ਕਰਦਿਆਂ ਮੈਂ ਸਤਨਾਮ ਸਿੰਘ ਨੂੰ ਪੁੱਛਿਆ ਕਿ ਇਹ ਦਰਦਨਾਕ ਦ੍ਰਿਸ਼ ਕਿੱਥੇ ਦਾ ਐ ਤੇ ਇਹ ਭਾਣਾ ਕਿਸ ਬਦਨਸੀਬ ਨਾਲ ਵਾਪਰਿਆ?
ਉਸਦਾ ਜਵਾਬ ਸੁਣਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਹ ਤਾਂ ਉਹੀ ਸਹਾਬ ਪੁਰ ਵਾਲ਼ਾ ਲਖਬੀਰ ਸਿੰਘ ਸੀ ਜਿਸਨੇ ਕੁੱਝ ਦਿਨ ਪਹਿਲਾਂ ਅਚਾਨਕ ਹੋਈ ਪਹਿਲੀ ਮਿਲਣੀ ਵਿਚ ਹੀ ਮੈਨੂੰ ਮੋਹ ਲਿਆ ਸੀ। ਸਤਨਾਮ ਨੇ ਸਾਰੀ ਗੱਲ ਦੱਸੀ ਕਿ ਲਖਬੀਰ ਦੀ ਆਟਾ-ਚੱਕੀ ਉੱਤੇ ਸਰ੍ਹੋਂ ਦਾ ਤੇਲ ਕੱਢਣ ਵਾਲ਼ਾ ਐਕਸਪੈਲਰ ਵੀ ਲੱਗਾ ਹੋਇਆ ਹੈ ਜਿਸਦੇ ਇਕ ਨੱਟ ਵਿਚ ਕੜਾ ਫਸਣ ਕਰਕੇ ਲਖਬੀਰ ਦੀ ਬਾਂਹ ਚੱਲਦੇ ਐਕਸਪੈਲਰ ਦੇ ਧੁਰੇ ਨਾਲ਼ ਲਪੇਟੀ ਗਈ। ਮੋਢੇ ਤੱਕ ਬਾਂਹ ਮਸ਼ੀਨ ਵਿਚ ਆਉਣ ‘ਤੇ ਉਹਦਾ ਸਿਰ ਖਿੱਚੀ ਜਾਂਦਾ ਮਸ਼ੀਨ ਨਾਲ ਜਾ ਲੱਗਾ। ਜਿਉਂ ਹੀ ਉਹ ਜੋਰ ਮਾਰ ਕੇ ਉੱਠਿਆ ਤਾਂ ਮੋਢੇ ‘ਚੋਂ ਡੌਲ਼ਾ ਪੁੱਟਿਆ ਗਿਆ। ਇਹ ਦੇਖਕੇ ਨੌਕਰ ਮੁੰਡੇ ਨੇ ਦੌੜ ਕੇ ਮੋਟਰ ਬੰਦ ਕੀਤੀ…। ਉਸ ਵੇਲੇ ਕਹਿੰਦੇ ਉਹ ਆਪ ਹੀ ਉੱਠ ਕੇ ਨਵਾਂਸ਼ਹਿਰ ਹਸਪਤਾਲ ਜਾਣ ਲਈ ਲਿਆਂਦੀ ਕਾਰ ਵਿਚ ਬੈਠਿਆ। ਸਤਨਾਮ ਨੇ ਦੱਸਿਆ ਕਿ ਹੁਣ ਉਹ ਚੰਡੀਗੜ੍ਹ ਪੀ.ਜੀ.ਆਈ ਵਿਚ ਦਾਖਲ ਹੈ।
ਕੁੱਝ ਹਫਤਿਆਂ ਬਾਅਦ ਹਸਪਤਾਲ਼ੋਂ ਘਰ ਆਏ ਤੇ ਅਸੀਂ ਉਹਦੀ ਖਬਰਸਾਰ ਲੈਣ ਗਏ। ਉਸ ਨਾਲ ਵਾਪਰੇ ਅਤਿ ਭਿਆਨਕ ਹਾਦਸੇ ਕਾਰਨ ਮੈਂ ਬਹੁਤ ਸਹਿਮਿਆਂ ਹੋਇਆ ਉਹਦੇ ਘਰ ਗਿਆ। ਮਨ ਵਿਚ ਸੋਚ ਰਿਹਾ ਸਾਂ ਕਿ ਅਤਿ ਦੀ ਪੀੜ ਸਹੀ ਹੋਣ ਅਤੇ ਸੱਜੀ ਬਾਂਹ ਗੁਆਉਣ ਦੇ ਸਦਮੇਂ ਕਾਰਨ ਗਮਗੀਨ ਹੋਏ ਕਿਰਤੀ ਲਖਬੀਰ ਨੂੰ, ਮੈਂ ਕਿਹੜੇ ਸ਼ਬਦਾਂ ਨਾਲ਼ ਧਰਵਾਸਾ ਦੇਵਾਂਗਾ? ਕਿਵੇਂ ਗੱਲ ਸ਼ੁਰੂ ਕਰਾਂਗਾ? ਜਦ ਮੈਂ ਲੰਮਾਂ ਸਾਹ ਲੈ ਕੇ ਉਹਦੇ ਕਮਰੇ ਵਿਚ ਗਿਆ… ਜਿਵੇਂ ਉਸਨੇ ਮੈਨੂੰ ਹੱਸ ਕੇ ‘ਸਤਿ ਸ੍ਰੀ ਅਕਾਲ’ ਬੁਲਾਈ ਤਾਂ ਉਸਨੂੰ ਗਲਵੱਕੜੀ ‘ਚ ਲੈਂਦਿਆਂ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਕਿਆਸ ਤੋਂ ਉਲਟ ਉਹ ਤਾਂ ਚੜ੍ਹਦੀ ਕਲਾ ਵਾਲ਼ੀ ਭਾਵਨਾ ਨਾਲ ਓਤ-ਪੋਤ ਹੋਇਆ ਬੈਠਾ ਹੈ।
ਸਗੋਂ ਮੇਰੇ ਚਿਹਰੇ ਉੱਤੇ ਗਮ ਅਤੇ ਸਹਿਮ ਦੇ ਛਾਏ ਹੋਏ ਅਕਸ ਦੇਖ ਕੇ ਉਹ ਖੁਦ ਨਾਲ਼ ਵਾਪਰੇ ਹਾਦਸੇ ਦੀ ਭਿਆਨਕਤਾ ਅਤੇ ਪੀੜਾ ਨੂੰ ਦਰਕਿਨਾਰ ਕਰਦਿਆਂ ਮੇਰੇ ਨਾਲ ਇਉਂ ਗੱਲਾਂ ਕਰਨ ਲੱਗਾ ਜਿਵੇਂ ਕਿਤੇ ਇਹ ਦਰਦਨਾਕ ਹਾਦਸਾ ਕਿਸੇ ਹੋਰ ਬੰਦੇ ਨਾਲ ਵਾਪਰਿਆ ਹੋਵੇ। ਹਾਦਸੇ ਮੌਕੇ ਉਹਦੇ ਅਨੋਖੇ ਸਿਰੜ ਤੇ ਪਹਾੜ ਜਿੱਡੇ ਹੌਂਸਲੇ ਦੀਆਂ ਦੋ-ਚਾਰ ਗੱਲਾਂ ਤਾਂ ਕੋਲ ਬੈਠੇ ਉਸਦੇ ਭਰਾ ਪਰਮਜੀਤ ਸਿੰਘ ਨੇ ਦੱਸੀਆਂ ਪਰ ਗੱਲਾਂ ਦਾ ਵਿਸ਼ਾ ਬਦਲਦਿਆਂ ਲਖਬੀਰ, ਮਹੀਨਾ ਕੁ ਪਹਿਲਾਂ ਕੀਤੀ ਆਪਣੀ ਨਨਕਾਣਾ ਸਾਹਿਬ ਦੀ ਯਾਤਰਾ ਦੇ ਵੇਰਵੇ ਸੁਣਾਉਣ ਲੱਗ ਪਿਆ। ਐਕਸਪੈਲ਼ਰ ਦੇ ਨੱਟ ਵਿਚ ਜਿਹੜਾ ਕੜਾ ਫਸਣ ਕਰਕੇ ਉਹਦੀ ਬਾਂਹ ਚਲੀ ਗਈ, ਕਿਸੇ ਵਿਗੋਚੇ ਜਾਂ ਪਛਤਾਵੇ ਦੀ ਬਜਾਏ ਉਹ ਸ਼ਰਧਾ ਸਤਿਕਾਰ ਨਾਲ ਦੱਸ ਰਿਹਾ ਸੀ ਕਿ ਉਹ ਕੜਾ ਮੈਂ ਐਤਕੀਂ ਸ੍ਰੀ ਨਨਕਾਣਾ ਸਾਹਬ ਤੋਂ ਲਿਆਂਦਾ ਸੀ-
“ਭਾਅ ਜੀ ਮੈਂ ਜਮ੍ਹਾਂਦਰੂ ਹੀ ਖੱਬਚੂ ਹਾਂ… ਸਾਰੇ ਕੰਮ ਖੱਬੇ ਹੱਥ ਨਾਲ ਹੀ ਕਰਦਾ ਹਾਂ।”
ਥੋੜ੍ਹਾ ਮੁਸਕ੍ਰਾ ਕੇ ਕਹਿੰਦਾ-
“ਸ਼ਾਇਦ ਬਾਬੇ ਨੇ ਮੇਰੀ ਬਾਂਹ ਤਦੇ ਲੈ ਲਈ ਕਿ ਭਾਈ ਇਹਦੇ ਨਾਲ ਤੂੰ ਕੰਮ ਤਾਂ ਕਰਦਾ ਨੀ…।”
ਇਹ ਗੱਲ ਕਰਦਿਆਂ ਉਸਦੇ ਬੁੱਲ੍ਹਾਂ ਉੱਤੇ ਆਈ ਮੁਸਕ੍ਰਾਹਟ ਦੇਖ ਕੇ ਅਸੀਂ ਦੰਗ ਰਹਿ ਗਏ।
ਖਬਰਸਾਰ ਨੂੰ ਬੈਠੇ ਅਸੀਂ ਜਦ ਵੀ ਉਹਦੇ ਖਾਲੀ ਮੋਢੇ ਵੱਲ ਕਰੁਣਾਮਈ ਨਜ਼ਰ ਮਾਰਦੇ ਤਾਂ ਉਹ ਕਿਸੇ ਹੋਰ ਹੀ ਵਿਸ਼ੇ ਬਾਰੇ ਗੱਲ ਛੋਹ ਲੈਂਦਾ-
“ਭਾਅ ਜੀ ਸੰਨ ਸੰਤਾਲ਼ੀ ਵੇਲੇ ਰਾਹੋਂ ਤੋਂ ਉੱਜੜ ਕੇ ਪਾਕਿਸਤਾਨ ਗਏ ਫਲਾਣੇ ਖਾਨਦਾਨ ਦੇ ਖਾਨ ਸਾਹਬ ਨੇ ਮੈਨੂੰ ਫੋਨ ‘ਤੇ ਕਿਹਾ ਸੀ ਕਿ ਨਨਕਾਣਾ ਸਾਹਿਬ ਆਉਣ ਵੇਲੇ ਰਾਹੋਂ ਤੋਂ ‘ਸਾਡੇ ਘਰ’ ਦੇ ਮਲ਼ਬੇ ਦੀਆਂ ਇਕ-ਦੋ ਇੱਟਾਂ ਜਰੂਰ ਲੈ ਆਵੀਂ। ਮੈਂ ਐਤਕੀਂ ਯਾਤਰਾ ਸਮੇਂ ਦੋ ਨਾਨਕਸ਼ਾਹੀ ਇੱਟਾਂ ਉਨ੍ਹਾਂ ਨੂੰ ਦੇ ਕੇ ਆਇਆਂ।”
ਫਿਰ ਉਹ ਉਸ ਮੁਸਲਿਮ ਪ੍ਰਵਾਰ ਵਲੋਂ ਮਿਲ਼ੇ ਮਾਣ-ਸਤਿਕਾਰ ਅਤੇ ਮੋਹ-ਪਿਆਰ ਦੇ ਵਾਕਿਆਤ, ਚਮਕਦੀਆਂ ਅੱਖਾਂ ਨਾਲ ਇੰਜ ਸੁਣਾਉਣ ਲੱਗ ਪਿਆ ਜਿਵੇਂ ਕਿਤੇ ਉਹ ਹੁਣ ਵੀ ਸਰਹੱਦੋਂ ਪਾਰ ਲਾਹੌਰ ਦੇ ਲਾਗਲੇ ਕਿਸੇ ਪਿੰਡ ‘ਚ ਹੀ ਬੈਠਾ ਹੋਇਆ ਹੋਵੇ।
“ਲਉ ਭਾਅ ਜੀ, ਉਨ੍ਹਾਂ ਦੇ ਸਾਰੇ ਟੱਬਰ ਨੇ ਇੱਟਾਂ ਨੂੰ ਮਸ਼ਤਿਕ ਨਾਲ ਲਾਇਆ… ਕੱਪੜਾ ਖੋਲ੍ਹ ਕੇ ਇੱਟਾਂ ਵੱਲ੍ਹ ਬੜੀ ਨੀਝ ਤੇ ਰੀਝ ਨਾਲ਼ ਦੇਖਦਿਆਂ, ਕੰਨਾਂ ਨੂੰ ਛੂਹ ਕੇ ਅਦਬ ਨਾਲ ਆਪਣੇ ਵਫਾਤ ਪਾ ਗਏ ਬਜ਼ੁਰਗਾਂ ਦੇ ਨਾਮ ਲਏ…। ਜਿਵੇਂ ਕਿਤੇ ਉਨ੍ਹਾਂ ਦੇ ਸਾਹਮਣੇ ਦੋ ਇੱਟਾਂ ਨਹੀਂ, ਉਨ੍ਹਾਂ ਦੇ ਵਡਾਰੂ ਹੀ ਹੋਣ।”
ਮਗਰੋਂ ਮੇਰੇ ਅਮਰੀਕਾ ਚਲੇ ਆਉਣ ‘ਤੇ ਉਸਨੇ ਮੈਨੂੰ ਫੋਨ ‘ਤੇ ਦੱਸਿਆ ਕਿ ਤੁਹਾਥੋਂ ਬਾਅਦ ਮੁਹੰਮਦ ਸਦੀਕ, ਰਣਜੀਤ ਕੌਰ, ਗੀਤਕਾਰ ਚੰਨ ਗੋਰਾਇਆਂ ਵਾਲ਼ਾ, ਸਵਰਗੀ ਦੇਵ ਥਰੀਕੇ ਦਾ ਲੜਕਾ ਜਗਵੰਤ, ਕੁਲਦੀਪ ਮਾਣਕ ਦੀ ਸੁਪਤਨੀ ਬੀਬੀ ਸਰਬਜੀਤ ਮਾਣਕ, ਯਮ੍ਹਲੇ ਦਾ ਪੋਤਰਾ ਸੁਰੇਸ਼ ਯਮ੍ਹਲਾ, ਸਰਬਜੀਤ ਕੌਰ ਸੁਪਤਨੀ ਜਸਦੇਵ ਯਮ੍ਹਲਾ ਅਤੇ ਅਮਰੀਕਾ ਵਾਲ਼ਾ ਗਾਇਕ ਧਰਮਵੀਰ ਥਾਂਦ੍ਹੀ ਵੀ ਮੇਰੀ ਖਬਰਸਾਰ ਲੈਣ ਵਾਸਤੇ ਆਏ ਸਨ। ਇਨ੍ਹਾਂ ਸਖਸ਼ੀਅਤਾਂ ਦੀ ਫੋਟੋ ਨਾਲ ਉਸਨੇ ਮੈਨੂੰ ਆਪਣੇ ਘਰ ਦੀਆਂ ਕੁੱਝ ਵੀਡ੍ਹੀਉ ਵੀ ਭੇਜੀਆਂ ਜਿਨ੍ਹਾਂ ਵਿਚ ਲਖਬੀਰ ਨਾਲ ਬੈਠੀ ਗਾਇਕਾ ਰਣਜੀਤ ਕੌਰ ‘ਘੋੜੀ’ ਸੁਣਾਉਂਦੀ ਹੈ-‘ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜ੍ਹਾਉਨੀ ਆਂ।’ ਦੂਸਰੀ ਵੀਡ੍ਹੀਉ ਵਿਚ ਧਰਮਵੀਰ ਸਿੰਘ ਥਾਂਦ੍ਹੀ ਆਪਣਾ ਲਿਖਿਆ ਮਸ਼ਹੂਰ ਗੀਤ ਗਾਉਂਦਾ ਹੈ-
‘ਵਿਚ ਅਮਰੀਕਾ ਆ ਕੇ ਬਣ ਗਏ ਜੱਟਾਂ ਦੇ ਪੁੱਤ ਲਾਲੇ
ਬੈਕਯਾਰਡ ਵਿਚ ਕਰੀਏ ਪੂਰੇ ਸ਼ੌਂਕ ਖੇਤੀਆਂ ਵਾਲ਼ੇ!’
ਇਸੇ ਤਰਾਂ ਇਕ ਹੋਰ ਵੀਡ੍ਹੀਉ ਵਿਚ ਯਮ੍ਹਲੇ ਦਾ ਪੋਤਰਾ ਗਾ ਰਿਹਾ ਐ ਤੇ ਪੀ.ਜੀ.ਆਈ ਤੋਂ ਆਪਣੇ ਬਾਂਹ ਵਿਹੂਣੇ ਮੋਢੇ ਦਾ ਇਲਾਜ ਕਰਾ ਰਿਹਾ ਲਖਬੀਰ ਸਿੰਘ, ਸਿਰੜ, ਸਿਦਕ ਅਤੇ ਪਹਾੜ ਜਿੱਡੇ ਹੌਂਸਲੇ ਦਾ ਮੁਜੱਸਮਾਂ ਬਣਿਆਂ ਗੀਤ ਦੀ ਲੈਅ ਨਾਲ਼ ਝੂਮ ਰਿਹਾ ਐ ਨਾਲ਼ੇ ਹਾਰਮੋਨੀਅਮ ਉੱਤੇ ਇਨਾਮ ਵੀ ਰੱਖ ਰਿਹਾ ਹੈ।
ਹੁਣ ਦੋ ਸਾਲ ਬਾਅਦ 2025 ਦੀ ਵਿਸਾਖੀ ਮੌਕੇ ਜਦੋਂ ਮੈਂ ਉਕਤ ਵੇਰਵਿਆਂ ਨੂੰ ਲਿਖਤ ਰੂਪ ਦੇ ਰਿਹਾ ਸਾਂ ਤਦ ਮੈਨੂੰ ਲਖਬੀਰ ਸਿੰਘ ਦੇ ਭਰਾ ਨੇ ਦੱਸਿਆ ਕਿ ਜਾਨ ਬਚਣ ਅਤੇ ਮਿਲ਼ੀ ਤੰਦਰੁਸਤੀ ਦਾ ਸ਼ੁਕਰਾਨਾ ਕਰਨ ਵਾਸਤੇ ਉਹ ਸ੍ਰੀ ਨਨਕਾਣਾ ਸਾਹਬ ਵਿਖੇ ਨਤਮਸਤਕ ਹੋਣ ਗਿਆ ਹੋਇਆ ਹੈ।
‘ਹਾਦਸਾ ਕੋਈ ਵੀ ਭਾਵੇਂ ਪੇਸ਼ ਆਵੇ ਪਰ ਸਦਾ
ਸ਼ੌਕ ਹਰ ਆਲਮ ‘ਚ ਮੇਰਾ ਮੁਸਕ੍ਰਾਉਂਦਾ ਜਾਏਗਾ!’ -ਜੋਗਾ ਸਿੰਘ ਜਗਿਆਸੂ।