ਸ੍ਰੀ ਹਰਿਮੰਦਰ ਸਾਹਿਬ ਨੂੰ ਪਿਛਲੇ ਕੁੱਝ ਦਿਨਾਂ ਤੋਂ ਬੰਬ ਨਾਲ ਉਡਾਉਣ ਦੀਆਂ ਲਗਾਤਾਰ ਧਮਕੀਆਂ ਦਿੱਤੇ ਜਾਣ ਦੇ ਸਬੰਧ ਦੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਇਸ ਸਬੰਧ ਦੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਤਾਮਿਲਨਾਡੂ ਤੋਂ ਧਮਕੀ ਦੇਣ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਅੰਮ੍ਰਿਤਸਰ ਪੁਲਿਸ ਦੋਵੇਂ ਮੁਲਜ਼ਮਾਂ ਨੂੰ ਤਾਮਿਲਨਾਡੂ ਤੋਂ ਗ੍ਰਿਫਤਾਰ ਕਰਕੇ ਪੰਜਾਬ ਲਈ ਲੈ ਕੇ ਰਵਾਨਾ ਹੋ ਗਈ ਹੈ।
ਪਿਛਲੇ ਦਿਨਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ 72 ਘੰਟਿਆਂ ਦੇ ਦੌਰਾਨ 5 ਵਾਰ ਧਮਕੀਆਂ ਮਿਲੀਆਂ ਸਨ। ਤਾਮਿਲਨਾਡੂ ਤੋਂ ਧਮਕੀਆਂ ਦੇਣ ਵਾਲੇ ਮੁਲਜ਼ਮਾਂ ਵੱਲੋਂ 14, 15 ਅਤੇ 16 ਜੁਲਾਈ ਨੂੰ ਲਗਾਤਾਰ ਧਮਕੀ ਭਰੀਆਂ ਈਮੇਲ ਭੇਜ ਕੇ ਲੰਗਰ ਹਾਲ ਉਡਾਉਣ ਅਤੇ ਧਮਾਕਾ ਕੀਤੇ ਜਾਣ ਬਾਰੇ ਲਿਖਿਆ ਜਾ ਰਿਹਾ ਸੀ। ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੀ ਸੁਰੱਖਿਆ ਵਧਾ ਦਿੱਤੀ ਸੀ। ਇਸਤੋਂ ਇਲਾਵਾ ਪੁਲਿਸ ਵੱਲੋਂ ਵੀ ਚੌਕਸੀ ਵਰਤਦਿਆਂ ਸਖ਼ਤ ਜਾਂਚ ਨੂੰ ਯਕੀਨੀ ਬਣਾਉਣ ਲਈ ਉੱਥੇ ਬੰਬ ਨਿਰੋਧਕ ਦਸਤੇ ਅਤੇ ਖੋਜੀ ਕੁੱਤੇ ਤੈਨਾਤ ਕੀਤੇ ਗਏ ਸਨ।