ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਹਰਿਆਣਾ ’ਚ ਭਾਜਪਾ ਦੀ ਜਿੱਤ ਨੂੰ ‘ਵਿਕਾਸ ਅਤੇ ਸੁਸ਼ਾਸਨ ਦੀ ਸਿਆਸਤ’ ਦੀ ਜਿੱਤ ਦਸਿਆ ਅਤੇ ਸੂਬੇ ਦੇ ਲੋਕਾਂ ਨੂੰ ਭਰੋਸਾ ਦਿਤਾ ਕਿ ਉਹ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਭਾਜਪਾ ਨੇ 48 ਸੀਟਾਂ ਜਿੱਤ ਕੇ ਹਰਿਆਣਾ ਦੇ ਇਤਿਹਾਸ ’ਚ ਅਪਣਾ ਬਿਹਤਰੀਨ ਪ੍ਰਦਰਸ਼ਨ ਦਰਜ ਕੀਤਾ। ਇਸ ਤੋਂ ਪਹਿਲਾਂ ਭਾਜਪਾ ਨੇ 2014 ਦੀਆਂ ਵਿਧਾਨ ਸਭਾ ਚੋਣਾਂ ’ਚ 47 ਸੀਟਾਂ ਜਿੱਤ ਕੇ ਪਹਿਲੀ ਵਾਰ ਹਰਿਆਣਾ ’ਚ ਸਰਕਾਰ ਬਣਾਈ ਸੀ। ਇਸ ਨੇ 2019 ਦੀਆਂ ਚੋਣਾਂ ’ਚ 40 ਸੀਟਾਂ ਜਿੱਤੀਆਂ ਸਨ।
ਮੋਦੀ ਨੇ ਹਰਿਆਣਾ ਦੇ ਲੋਕਾਂ ਨੂੰ ਸ਼ਾਨਦਾਰ ਜਿੱਤ ਅੱਗੇ ਸਿਰ ਝੁਕਾਇਆ ਅਤੇ ਕਿਹਾ, ‘‘ਇਹ ਵਿਕਾਸ ਅਤੇ ਚੰਗੇ ਸ਼ਾਸਨ ਦੀ ਸਿਆਸਤ ਦੀ ਜਿੱਤ ਹੈ। ਮੈਂ ਇੱਥੋਂ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੋਈ ਕਸਰ ਨਹੀਂ ਛੱਡਾਂਗੇ।’’
ਇਸ ਜਿੱਤ ਲਈ ਅਣਥੱਕ ਅਤੇ ਪੂਰੇ ਸਮਰਪਣ ਨਾਲ ਕੰਮ ਕਰਨ ਵਾਲੇ ਸਾਰੇ ਭਾਜਪਾ ਵਰਕਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ, ‘‘ਤੁਸੀਂ ਨਾ ਸਿਰਫ ਸੂਬੇ ਦੇ ਲੋਕਾਂ ਦੀ ਸੇਵਾ ਕੀਤੀ ਬਲਕਿ ਭਾਜਪਾ ਦੇ ਵਿਕਾਸ ਦੇ ਏਜੰਡੇ ਨੂੰ ਵੀ ਉਨ੍ਹਾਂ ਤਕ ਪਹੁੰਚਾਇਆ।’’ ਉਨ੍ਹਾਂ ਕਿਹਾ, ‘‘ਇਸੇ ਦਾ ਨਤੀਜਾ ਹੈ ਕਿ ਭਾਜਪਾ ਨੂੰ ਹਰਿਆਣਾ ’ਚ ਇਹ ਇਤਿਹਾਸਕ ਜਿੱਤ ਮਿਲੀ ਹੈ।’’