ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਅੱਜ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੇ 14 ਦਸੰਬਰ ਨੂੰ ਆ ਰਹੇ 103ਵੇਂ ਸਥਾਪਨਾ ਦਿਵਸ ਨੂੰ ਪੰਥਕ ਮਰਿਆਦਾ ਅਨੁਸਾਰ ਮਨਾਉਣ ਲਈ ਇਥੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ।
ਅਕਾਲੀ ਦਲ ਦੇ ਪ੍ਰਧਾਨ ਨੇ ਸੀਨੀਅਰ ਲੀਡਰਸ਼ਿਪ ਦੇ ਨਾਲ ਰਲ ਕੇ ਜੋੜੇ ਸਾਫ ਕਰਨ ਦੀ ਸੇਵਾ ਕੀਤੀ ਤੇ ਲੰਗਰ ਹਾਲ ਵਿਚ ਭਾਂਡੇ ਮਾਂਜਣ ਦੀ ਸੇਵਾ ਕੀਤੀ। ਪਾਰਟੀ ਆਗੂਆਂ ਨੇ ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੀ ਸਫਾਈ ਵੀ ਕੀਤੀ ਤੇ ਸ਼ਾਮ ਨੂੰ ਕੀਰਤਨ ਵੀ ਸਰਵਣ ਕੀਤਾ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅਗਲੇ ਦੋ ਦਿਨਾਂ ਤੱਕ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਸੇਵਾ ਕਰੇਗੀ ਤੇ 14 ਦਸੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਦਾ ਭੋਗ ਪਵੇਗਾ ਜਿਸ ਉਪਰੰਤ ਕੀਰਤਨ ਤੇ ਅਰਦਾਸ ਹੋਵੇਗੀ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰੋਗਰਾਮ ਨੂੰ ਪਾਰਟੀ ਆਗੂਆਂ ਤੇ ਵਰਕਰਾਂ ਵਿਚ ਪੂਰਾ ਉਤਸ਼ਾਹ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਖਾਲਸਾ ਪੰਥ ਦੀ ਫੌਜ ਹੋਣ ਦੇ ਨਾਅਤੇ ਆਪਣੇ ’ਤੇ ਫਖ਼ਰ ਮਹਿਸੂਸ ਕਰਦੀ ਹੈ ਕਿਉਂਕਿ ਇਸਨੂੰ ਪੰਥ ਦੇ ਹਿੱਤਾਂ ਦੀ ਰਾਖੀ ਵਾਸਤੇ ਹੀ ਸਥਾਪਿਤ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਪਾਰਟੀ ਨੇ ਪਿਛਲੇ 103 ਸਾਲਾਂ ਤੋਂ ਡੱਟ ਕੇ ਆਪਣਾ ਫਰਜ਼ ਨਿਭਾਇਆ ਹੈ ਤੇ ਭਵਿੱਖ ਵਿਚ ਵੀ ਨਿਭਾਉਂਦੀ ਰਹੇਗੀ। ਉਹਨਾਂ ਕਿਹਾ ਕਿ ਅਸੀਂ ਕੌਮ, ਪੰਜਾਬ ਤੇ ਪੰਜਾਬੀਆਂ ਦੀ ਸੇਵਾ ਕਰਦੇ ਰਹਾਂਗੇ ਤੇ ਹਰ ਕਿਸਮ ਦੀ ਧੱਕੇਸ਼ਾਹੀ ਦੇ ਖਿਲਾਫ ਡਟਾਂਗੇ।