ਨਵੀਂ ਦਿੱਲੀ – ਸਪਾਈਸ ਜੈੱਟ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਅਜੇ ਸਿੰਘ ਨੇ ਦੱਸਿਆ ਕਿ ਬੈਂਕਾਂ ਤੇ ਸ਼ੇਅਰਧਾਰਕਾਂ ਨੇ ਏਅਰਲਾਈਨ ਤੋਂ ਕਾਰਗੋ ਤੇ ਲਾਜਿਸਟਿਕ ਕੰਪਨੀ ਸਪਾਈਸ ਐਕਸਪ੍ਰੈੱਸ ਨੂੰ ਅਲੱਗ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਅਗਸਤ ਦੇ ਪਹਿਲੇ ਹਫ਼ਤੇ ਤਕ ਪੂਰੀ ਹੋ ਜਾਵੇਗੀ। ਸਪਾਈਸ ਜੈੱਟ ਨੇ ਪਿਛਲੇ ਸਾਲ 17 ਅਗਸਤ ਨੂੰ ਕਿਹਾ ਸੀ ਕਿ ਉਹ ਕਾਰਗੋ ਤੇ ਲਾਜਿਸਟਿਕ ਸੇਵਾਵਾਂ ਦੀ ਆਪਣੀ ਸਬਸਿਡੀਅਰੀ ਕੰਪਨੀ ਸਪਾਈਸ ਐਕਸਪ੍ਰੈੱਸ ਨੂੰ ਵਿਕਰੀ ਦੇ ਆਧਾਰ ’ਤੇ ਅਲੱਗ ਕਰੇਗੀ। ਕੰਪਨੀ ਨੇ ਦੱਸਿਆ ਕਿ ਇਸ ਨਾਲ ਉਸ ਨੂੰ ਸੁਤੰਤਰ ਤੌਰ ’ਤੇ ਪੈਸਾ ਇਕੱਠਾ ਕਰਨ ਤੇ ਤੇਜ਼ੀ ਨਾਲ ਤਰੱਕੀ ਕਰਨ ’ਚ ਮਦਦ ਮਿਲੇਗੀ।
ਸਪਾਈਸ ਜੈੱਟ ਇਸ ਸਮੇਂ ਰੈਗੂਲੇਟਰੀ ਜਾਂਚ ਦੇ ਘੇਰੇ ’ਚ ਹੈ। ਪੰਜ ਦਿਨ ਪਹਿਲਾਂ ਏਅਰਲਾਈਨ ਨੂੰ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀਜੀਸੀਏ) ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਕਿਉਂਕਿ ਉਸ ਦੇ ਜਹਾਜ਼ਾਂ ’ਚ 19 ਜੂਨ ਤੋਂ ਤਕਨੀਕੀ ਖ਼ਰਾਬੀ ਦੀਆਂ ਘੱਟੋ-ਘੱਟ ਅੱਠ ਘਟਨਾਵਾਂ ਵਾਪਰੀਆਂ ਸਨ। ਡੀਜੀਸੀਏ ਨੇ ਕਿਹਾ ਕਿ ਏਅਰਲਾਈਨ ਸੁਰੱਖਿਅਤ, ਕੁਸ਼ਲ ਤੇ ਭਰੋਸੇਮੰਦ ਹਵਾਈ ਸੇਵਾਵਾਂ ਦੇਣ ’ਚ ਨਾਕਾਮ ਰਹੀ ਹੈ। ਇਸ ਨੋਟਿਸ ਦਾ ਜਵਾਬ ਦੇਣ ਲਈ ਸਪਾਈਸ ਜੈੱਟ ਨੂੰ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ। ਏਅਰਲਾਈਨ ਪਿਛਲੇ ਚਾਰ ਸਾਲਾਂ ਤੋਂ ਘਾਟੇ ’ਚ ਚੱਲ ਰਹੀ ਹੈ। ਦੂਜੇ ਪਾਸੇ ਸਪਾਈਸ ਐਕਸਪ੍ਰੈੱਸ ਦਾ ਮਾਲੀਆ ਵੱਧ ਰਿਹਾ ਹੈ। ਅਜੇ ਸਿੰਘ ਨੇ ਕਿਹਾ ਕਿ ਸਪਾਈਸ ਐਕਸਪ੍ਰੈੱਸ ਨਾਂ ਦੀ ਇਕ ਵੱਖਰੀ ਕੰਪਨੀ ਹੋਵੇਗੀ। ਹਾਲਾਂਕਿ ਇਸ ਦੀ ਮਾਲਕੀ ਸਪਾਈਸ ਜੈੱਟ ਕੋਲ ਹੀ ਰਹੇਗੀ।
