India

ਅਡਾਨੀ ਰਿਸ਼ਵਤ ਕਾਂਡ ਨੇ ਆਂਧਰਾ ਨੂੰ ਬਦਨਾਮ ਕੀਤਾ, ਅਸੀਂ ਜਲਦੀ ਕਰਾਂਗੇ ਕਾਰਵਾਈ : ਚੰਦਰਬਾਬੂ

ਨਵੀਂ ਦਿੱਲੀ – ਭਾਜਪਾ ਦੀ ਭਾਈਵਾਲ ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਅਡਾਨੀ ਰਿਸ਼ਵਤ ਮਾਮਲੇ ’ਤੇ ਪ੍ਰਤੀਕਿਰਿਆ ਦਿੱਤੀ ਹੈ। ਨਾਇਡੂ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਅਡਾਨੀ ਰਿਸ਼ਵਤ ਕਾਂਡ ਨੇ ਆਂਧਰਾ ਪ੍ਰਦੇਸ਼ ਨੂੰ ਬਦਨਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਡਾਨੀ ਰਿਸ਼ਵਤ ਕਾਂਡ ਦੀ ਚਾਰਜਸ਼ੀਟ ਸਾਡੇ ਕੋਲ ਪਹੁੰਚ ਚੁੱਕੀ ਹੈ। ਅਸੀਂ ਜਲਦੀ ਹੀ ਕਾਰਵਾਈ ਕਰਾਂਗੇ। ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਰਕਾਰ ਨੂੰ ਲੋਕਾਂ ਪ੍ਰਤੀ ਜਵਾਬਦੇਹ ਹੋਣਾ ਚਾਹੀਦਾ ਹੈ। ਅਜਿਹੇ ਅਪਰਾਧਾਂ ਨੂੰ ਉਦੋਂ ਤੱਕ ਦੁਹਰਾਇਆ ਜਾਵੇਗਾ ਜਦੋਂ ਤੱਕ ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਨਹੀਂ ਲਿਆਂਦਾ ਜਾਂਦਾ।
ਦਰਅਸਲ, ਉਦਯੋਗਪਤੀ ਗੌਤਮ ਅਡਾਨੀ ’ਤੇ ਵੀਰਵਾਰ ਨੂੰ ਅਮਰੀਕਾ ’ਚ ਸੌਰ ਊਰਜਾ ਨਾਲ ਜੁੜਿਆ ਠੇਕਾ ਲੈਣ ਲਈ ਰਿਸ਼ਵਤ ਦੇਣ ਅਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਸੀ। ਇਹ ਮਾਮਲਾ ਨਿਊਯਾਰਕ ਦੀ ਸੰਘੀ ਅਦਾਲਤ ਵਿੱਚ ਦਰਜ ਕੀਤਾ ਗਿਆ ਸੀ। ਦੋਸ਼ ਹੈ ਕਿ ਅਡਾਨੀ ਨੇ 2021 ’ਚ ਆਂਧਰਾ ਦੇ ਤਤਕਾਲੀ ਮੁੱਖ ਮੰਤਰੀ ਜਗਨਮੋਹਨ ਰੈਡੀ ਨਾਲ ਮੁਲਾਕਾਤ ਕੀਤੀ ਸੀ ਅਤੇ ਸੂਬਾ ਸਰਕਾਰ 7 ਹਜ਼ਾਰ ਮੈਗਾਵਾਟ ਬਿਜਲੀ ਖਰੀਦਣ ਲਈ ਸਹਿਮਤ ਹੋ ਗਈ ਸੀ। ਇਸ ਦੇ ਲਈ ਆਂਧਰਾ ਦੇ ਅਧਿਕਾਰੀਆਂ ਨੂੰ 1750 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ ਸੀ। ਬੀਜੇਪੀ ਵਿਧਾਇਕ ਨੇ ਕਿਹਾ- ਆਂਧਰਾ ਪ੍ਰਦੇਸ਼ ਦੇ ਬੀਜੇਪੀ ਵਿਧਾਇਕ ਪੀ ਵਿਸ਼ਨੂੰ ਕੁਮਾਰ ਰਾਜੂ ਨੇ ਵੀ ਜਗਨ ਦੇ ਖਿਲਾਫ਼ ਲੱਗੇ ਰਿਸ਼ਵਤ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ ਬਹੁਤ ਗੰਭੀਰ ਹਨ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ।
ਇਸ ਤੋਂ ਇਲਾਵਾ ਸਾਬਕਾ ਮੰਤਰੀ ਸੋਮੀਰੇਡੀ ਚੰਦਰ ਮੋਹਨ ਰੈਡੀ ਨੇ ਵੀ ਕਿਹਾ ਕਿ ਸੀਬੀਆਈ ਅਤੇ ਈਡੀ ਤੋਂ ਬਾਅਦ ਹੁਣ ਅਮਰੀਕੀ ਏਜੰਸੀ ਐਫਬੀਆਈ ਜਗਨ ਦੇ ਭਿ੍ਰਸ਼ਟਾਚਾਰ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਰਾਜਨੀਤੀ ਵਿੱਚ ਆਉਣ ਦੇ ਲਾਇਕ ਨਹੀਂ ਹਨ। ਉਸ ਨੇ ਪੂਰੇ ਸੂਬੇ ਨੂੰ ਸ਼ਰਮਸਾਰ ਕਰ ਦਿੱਤਾ ਹੈ।ਦੂਜੇ ਪਾਸੇ, ਜਗਨ ਦੀ ਪਾਰਟੀ ਵਾਈਐਸਆਰ ਕਾਂਗਰਸ ਨੇ ਕਿਹਾ ਕਿ ਅਸੀਂ S539 (ਕੇਂਦਰ ਦੀ ਕੰਪਨੀ) ਨਾਲ ਸਿੱਧੇ ਤੌਰ ’ਤੇ ਇਕ ਸਮਝੌਤਾ ਕੀਤਾ ਸੀ, ਜੋ ਪਾਰਦਰਸ਼ੀ ਅਤੇ ਕਾਨੂੰਨੀ ਤੌਰ ’ਤੇ ਮਨਜ਼ੂਰ ਸੀ। ਅਡਾਨੀ ਜਾਂ ਕੋਈ ਪ੍ਰਾਈਵੇਟ ਕੰਪਨੀ ਇਸ ਵਿੱਚ ਸ਼ਾਮਲ ਨਹੀਂ ਸੀ।

Related posts

ਗੂਗਲ ਦੇ ਸੀਈਓ ਵਲੋਂ ਏਆਈ ਦੇ ਵਿਕਾਸ ‘ਤੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

admin

ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਵਲੋਂ ‘ਵੇਵਜ਼ ਕ੍ਰਿਏਟਰਜ਼ ਕੋਰਨਰ’ ਦਾ ਉਦਘਾਟਨ

admin

ਭਾਰਤ-ਫਰਾਂਸ ਸਬੰਧਾਂ ਨੂੰ ਨਵੀਂ ਉਡਾਣ : ਰੱਖਿਆ, ਟੈਕਨੋਲੋਜੀ ਅਤੇ ਸਿਹਤ ‘ਚ ਕਈ ਸਮਝੌਤੇ

admin