ਬੈਂਗਲੁਰੂ – ਪੁਨੀਤ ਰਾਜਕੁਮਾਰ ਸਾਊਥ ਸਿਨੇਮਾ ਦਾ ਮਸ਼ਹੂਰ ਨਾਮ, ਹੁਣ ਸਾਡੇ ਵਿਚਕਾਰ ਨਹੀਂ ਰਿਹਾ। ਸ਼ੁੱਕਰਵਾਰ 29 ਅਕਤੂਬਰ ਨੂੰ ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਪੂਰੀ ਫਿਲਮ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ। 46 ਸਾਲ ਦੀ ਉਮਰ ’ਚ ਪੁਨੀਤ ਰਾਜਕੁਮਾਰ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਸ਼ੁੱਕਰਵਾਰ ਸਵੇਰੇ ਸੀਨੇ ’ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਬੈਂਗਲੁਰੂ ਦੇ ਵਿਕਰਮ ਹਸਪਤਾਲ ਦੇ ਆਈਸੀਯੂ ’ਚ ਭਰਤੀ ਕਰਵਾਇਆ ਗਿਆ ਸੀ। ਜਿਥੇ ਇਲਾਜ ਦੌਰਾਨ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਸਦਮੇ ’ਚ ਹਨ। ਪੁਨੀਤ ਦੇ ਦੇਹਾਂਤ ਨਾਲ ਉਨ੍ਹਾਂ ਦੇ ਇਕ ਡਾਈਹਾਰਟ ਫੈਨ ਨੂੰ ਅਜਿਹਾ ਸਦਮਾ ਲੱਗਾ ਕਿ ਇਸ ਗਮ ’ਚ ਉਸਨੇ ਆਤਮ-ਹੱਤਿਆ ਕਰ ਲਈ ਅਤੇ ਦੋ ਹੋਰ ਲੋਕਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।ਪੁਨੀਤ ਰਾਜਕੁਮਾਰ ਦੇ ਦੇਹਾਂਤ ਦਾ ਗ਼ਮ ਫੈਨਜ਼ ਸਹਿ ਨਹੀਂ ਸਕੇ। ਕਰਨਾਟਕ ਦੇ ਚਾਮਰਾਜਨਗਰ ਜ਼ਿਲ੍ਹੇ ਦੇ ਹਨੂਰ ਤਾਲੁਕਾ ਦੇ ਮਾਰੋ ਪਿੰਡ ’ਚ ਇਕ 30 ਸਾਲ ਦੇ ਸਖ਼ਸ਼ ਨੇ ਜਿਵੇਂ ਹੀ ਇਹ ਖ਼ਬਰ ਸੁਣੀ ਤਾਂ ਉਸਨੂੰ ਹਾਰਟ ਅਟੈਕ ਆ ਗਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਰਤਕ ਦੀ ਪਛਾਣ ਮੁਨਿਅੱਪਾ ਦੇ ਰੂਪ ’ਚ ਹੋਈ ਹੈ ਜੋ ਇਕ ਕਿਸਾਨ ਸੀ ਅਤੇ ਆਪਣੇ ਪਿੱਛੇ ਪਤਨੀ ਤੇ ਦੋ ਬੱਚਿਆਂ ਨੂੰ ਛੱਡ ਗਿਆ।
ਉਥੇ ਹੀ ਇਕ ਹੋਰ ਫੈਨਜ਼ ਦਾ ਦੇਹਾਂਤ ਬੇਲਗਾਵੀ ਦੇ ਸ਼ਿੰਦੋਲੀ ਪਿੰਡ ’ਚ ਦਿਲ ਦਾ ਦੌਰਾ ਪੈਣ ਨਾਲ ਹੋਇਆ। ਮਿ੍ਰਤਕ ਦਾ ਨਾਮ ਪਰਸ਼ੂਰਾਮ ਦੇਮਤ੍ਰਾਵਰ ਦੱਸਿਆ ਜਾ ਰਿਹਾ ਹੈ, ਜੋ ਪੁਨੀਤ ਰਾਜਕੁਮਾਰ ਦਾ ਕੱਟੜ ਪ੍ਰਸ਼ੰਸਕ ਸੀ। ਦੇਹਾਂਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਕਾਫੀ ਦੁਖੀ ਸੀ ਅਤੇ ਟੀਵੀ ਦੇ ਸਾਹਮਣੇ ਬਸ ਰੋਈ ਜਾ ਰਹੇ ਸੀ। ਰਾਤ 11 ਵਜੇ ਅੱਪਾ (ਪੁਨੀਤ) ਦੇ ਫੈਨ ਨੂੰ ਦਿਲ ਦਾ ਦੌਰਾ ਪਿਆ ਅਤੇ ਉਸਦੀ ਮੌਤ ਹੋ ਗਈ।
ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੇ ਇਕ ਹੋਰ ਪ੍ਰਸ਼ੰਸਕ ਨੇ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਆਉਣ ਤੋਂ ਬਾਅਦ ਆਤਮ-ਹੱਤਿਆ ਕਰ ਲਈ। ਘਟਨਾ ਕਰਨਾਟਕ ਦੇ ਬੇਲਗਾਵੀ ਜ਼ਿਲ੍ਹੇ ਦੇ ਅਥਾਨੀ ’ਚ ਹੋਈ। ਮਿ੍ਰਤਕ ਦੀ ਪਛਾਣ ਰਾਹੁਲ ਗਾਦਿਵਾਦਾਰਾ ਦੇ ਰੂਪ ’ਚ ਹੋਈ ਹੈ। ਰਿਪੋਰਟਸ ਅਨੁਸਾਰ, ਪਹਿਲਾਂ ਉਨ੍ਹਾਂ ਨੇ ਪੁਨੀਤ ਦੀ ਫੋਟੋ ਨੂੰ ਫੁੱਲਾਂ ਨਾਲ ਸਜਾਇਆ ਅਤੇ ਫਿਰ ਆਪਣੇ ਘਰ ’ਚ ਫਾਂਸੀ ਲਗਾ ਕੇ ਮੌਤ ਨੂੰ ਗਲ਼ੇ ਲਗਾ ਲਿਆ।