ਨਵੀਂ ਦਿੱਲੀ – ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਵੱਖ-ਵੱਖ ਤੌਰ ‘ਤੇ ਅਸਮਰੱਥ ਲੋਕਾਂ ਲਈ ਆਸਾਨੀ ਨਾਲ ਯਾਤਰਾ ਕਰਨ ਲਈ ਇਕ ਖਰੜਾ ਤਿਆਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਸੁਧਾ ਚੰਦਰਨ ਨੇ ਪਿਛਲੇ ਹਫਤੇ ਇੰਟਰਨੈੱਟ ਮੀਡੀਆ ‘ਤੇ ਇਕ ਵੀਡੀਓ ਪੋਸਟ ਕੀਤਾ ਸੀ, ਜਿਸ ‘ਚ ਉਸ ਨੇ ਕਿਹਾ ਸੀ ਕਿ ਏਅਰਪੋਰਟ ‘ਤੇ ਜਾਂਚ ਦੌਰਾਨ ਉਸ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਨੇ ਦੱਸਿਆ ਸੀ ਕਿ ਹਵਾਈ ਸਫਰ ਦੌਰਾਨ ਸੁਰੱਖਿਆ ਕਰਮਚਾਰੀ ਅਕਸਰ ਉਸ ਨੂੰ ਆਪਣੀ ਨਕਲੀ ਲੱਤ ਹਟਾਉਣ ਲਈ ਕਹਿੰਦੇ ਹਨ।
ਜੋ ਖਰੜਾ ਤਿਆਰ ਕੀਤਾ ਗਿਆ ਹੈ, ਉਸ ਮੁਤਾਬਕ ਅਪਾਹਜਾਂ ਦੀ ਇੱਜ਼ਤ ਅਤੇ ਨਿੱਜਤਾ ਨੂੰ ਧਿਆਨ ਵਿਚ ਰੱਖਦੇ ਹੋਏ ਹਵਾਈ ਅੱਡੇ ਦੇ ਸੰਚਾਲਕਾਂ ਨੂੰ ਵਿਸ਼ੇਸ਼ ਪ੍ਰਬੰਧ ਕਰਨੇ ਪੈਣਗੇ। ਇਸ ਨਾਲ ਹੀ ਨਕਲੀ ਅੰਗਾਂ ਦੀ ਜਾਂਚ ਦੌਰਾਨ ਇਸ ਨੂੰ ਹਟਾਉਣ ਦੀ ਬਜਾਏ ਐਕਸ-ਰੇ, ਵਿਸਫੋਟਕ ਖੋਜ ਯੰਤਰ ਨਾਲ ਇਸ ਅੰਦਰ ਮੌਜੂਦ ਚੀਜ਼ਾਂ ਦਾ ਪਤਾ ਲਗਾਉਣ ਦੀ ਗੱਲ ਕਹੀ ਗਈ ਹੈ। ਗਾਈਡਲਾਈਨ ‘ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਅਪਾਹਜ ਵਿਅਕਤੀ ਮੈਟਲ ਡਿਟੈਕਟਰ ਦੇ ਦਰਵਾਜ਼ੇ ‘ਚੋਂ ਲੰਘਦਾ ਹੈ ਤਾਂ ਉਸ ਨੂੰ ਕਿਸੇ ਹੋਰ ਥਾਂ ‘ਤੇ ਲਿਜਾ ਕੇ ਆਰਾਮ ਨਾਲ ਬੈਠਾਇਆ ਜਾਵੇ। ਜੇਕਰ ਨਕਲੀ ਅੰਗ ਅਜਿਹਾ ਹੈ ਜਿਸ ‘ਚ ਕੋਈ ਫੋਮ ਨਾ ਲੱਗਾ ਹੈ ਤੇ ਸਟੀਲ ਦੀ ਰਾਡ ਸਾਫ਼ ਦਿਖਾਈ ਦੇ ਰਹੀ ਹੈ ਤਾਂ ਇਸ ਨੂੰ ਹਟਾਏ ਬਿਨਾਂ ਜਾਂਚ ਕੀਤੀ ਜਾਣੀ ਚਾਹੀਦੀ ਹੈ।ਹਾਲ ਹੀ ‘ਚ ਫਿਲਮ ਅਤੇ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੁਧਾ ਚੰਦਰਨ ਨੇ ਕੁਝ ਦਿਨ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ‘ਚ ਉਸ ਨੇ ਆਪਣੀ ਇਕ ਸਮੱਸਿਆ ਬਾਰੇ ਗੱਲ ਕੀਤੀ ਸੀ। ਇਸ ਵੀਡੀਓ ‘ਚ ਸੁਧਾ ਨੇ ਦੱਸਿਆ ਸੀ ਕਿ ਕਿਸੇ ਵੀ ਸ਼ੂਟਿੰਗ ਜਾਂ ਸ਼ੋਅ ‘ਚ ਜਾਣ ਲਈ ਉਸ ਨੂੰ ਏਅਰਪੋਰਟ ‘ਤੇ ਆਪਣਾ ਨਕਲੀ ਅੰਗ ਉਤਾਰਨਾ ਪੈਂਦਾ ਹੈ। ਵੀਡੀਓ ‘ਚ ਆਪਣੀ ਤਕਲੀਫ ਦਾ ਜ਼ਿਕਰ ਕਰਦੇ ਹੋਏ ਸੁਧਾ ਨੇ ਪੀਐੱਮ ਮੋਦੀ ਤੋਂ ਸੀਨੀਅਰ ਸਿਟੀਜ਼ਨ ਕਾਰਡ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ। ਸੁਧਾ ਚੰਦਰਨ ਦੀ ਇਸ ਸ਼ਿਕਾਇਤ ਤੋਂ ਬਾਅਦ ਸੀਆਈਐਸਐਫ ਨੇ ਉਸ ਤੋਂ ਮੁਆਫ਼ੀ ਵੀ ਮੰਗੀ ਸੀ ਅਤੇ ਭਰੋਸਾ ਦਿੱਤਾ ਸੀ ਕਿ ਭਵਿੱਖ ‘ਚ ਅਜਿਹਾ ਨਹੀਂ ਹੋਵੇਗਾ।