ਕਾਬੁਲ – ਪਾਕਿਸਤਾਨ ਨੇ ਅਫ਼ਗਾਨਿਸਤਾਨ ‘ਚ ਹਵਾਈ ਹਮਲੇ ਕੀਤੇ ਹਨ। ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਵਿਵਾਦ ਇਕ ਵਾਰ ਫਿਰ ਵਧ ਗਿਆ ਹੈ। ਤਾਲਿਬਾਨ ਨੇ ਪਾਕਿਸਤਾਨ ਨੂੰ ਅਫਗਾਨਿਸਤਾਨ ਦੇ ਖੋਸਤ ਅਤੇ ਕੁਨਾਰ ਸੂਬਿਆਂ ‘ਤੇ ਹਾਲ ਹੀ ‘ਚ ਕੀਤੇ ਗਏ ਹਵਾਈ ਹਮਲੇ ਦੇ ਗੰਭੀਰ ਨਤੀਜਿਆਂ ਦੀ ਚਿਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਉੱਤਰੀ ਵਜ਼ੀਰਿਸਤਾਨ ‘ਚ ਦੋ ਅੱਤਵਾਦੀ ਹਮਲਿਆਂ ‘ਚ ਆਪਣੇ ਸੈਨਿਕਾਂ ਦੀ ਮੌਤ ਤੋਂ ਬਾਅਦ ਬੀਤੀ ਰਾਤ ਅਫਗਾਨਿਸਤਾਨ ‘ਤੇ ਹਵਾਈ ਹਮਲਾ ਕੀਤਾ ਹੈ, ਜਿਸ ‘ਚ ਹੁਣ ਤੱਕ 60 ਲੋਕ ਮਾਰੇ ਗਏ ਹਨ।
ਇੱਕ ਬਿਆਨ ਵਿੱਚ, ਸੂਚਨਾ ਅਤੇ ਸੱਭਿਆਚਾਰ ਦੇ ਉਪ ਮੰਤਰੀ ਅਤੇ ਤਾਲਿਬਾਨ ਦੇ ਮੁੱਖ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਪਾਕਿਸਤਾਨ ਨੂੰ ਅਫ਼ਗਾਨਿਸਤਾਨ ਦੇ ਲੋਕਾਂ ਦੇ ਸਬਰ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ ਨਹੀਂ ਤਾਂ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਮੁਜਾਹਿਦ ਨੇ ਕਿਹਾ, “ਅਸੀਂ ਕੂਟਨੀਤਕ ਚੈਨਲਾਂ ਅਤੇ ਗੱਲਬਾਤ ਰਾਹੀਂ ਇਸ ਮੁੱਦੇ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਤਣਾਅ ਪੈਦਾ ਹੋਵੇਗਾ, ਜਿਸ ਨਾਲ ਲੜਾਈ ਹੋਵੇਗੀ, ਜਿਸ ਦਾ ਕਿਸੇ ਨੂੰ ਫਾਇਦਾ ਨਹੀਂ ਹੋਵੇਗਾ।” ਖਾਮਾ ਪ੍ਰੈੱਸ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਖੋਸਤ ਅਤੇ ਕੁਨਾਰ ਸੂਬਿਆਂ ‘ਤੇ ਪਾਕਿਸਤਾਨ ਦੇ ਹਾਲ ਹੀ ‘ਚ ਕੀਤੇ ਗਏ ਹਵਾਈ ਹਮਲਿਆਂ ਦੀ ਸਖਤ ਨਿੰਦਾ ਕੀਤੀ ਹੈ।
ਉਪ ਮੰਤਰੀ ਮੁਜਾਹਿਦ ਨੇ ਕਿਹਾ ਕਿ ਅਫਗਾਨਿਸਤਾਨ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਅਮਰੀਕਾ ਨੂੰ ਹਰਾ ਕੇ ਆਪਣੇ ਦੇਸ਼ ਦੀ ਰੱਖਿਆ ਕਰ ਸਕਦੇ ਹਨ। ਇਸ ਲਈ ਪਾਕਿਸਤਾਨ ਨੂੰ ਅਫਗਾਨਿਸਤਾਨ ਦੇ ਲੋਕਾਂ ਦੇ ਸਬਰ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ। ਤਾਲਿਬਾਨ ਨੇ ਅਗਸਤ ਦੇ ਅੱਧ ਵਿਚ ਅਫਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਅਤੇ ਅਮਰੀਕੀ ਫੌਜ ਨੇ ਦੇਸ਼ ਵਿਚ ਆਪਣੀ 20 ਸਾਲਾਂ ਦੀ ਫੌਜੀ ਮੌਜੂਦਗੀ ਨੂੰ ਖਤਮ ਕਰ ਦਿੱਤਾ, ਜਿਸ ਨਾਲ ਅਮਰੀਕਾ ਦੀ ਸਭ ਤੋਂ ਲੰਬੀ ਜੰਗ ਦਾ ਮਾੜਾ ਅੰਤ ਹੋਇਆ।
ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਕਾਬੁਲ ਵਿੱਚ ਪਾਕਿਸਤਾਨ ਦੇ ਰਾਜਦੂਤ ਮੰਸੂਰ ਅਹਿਮਦ ਖਾਨ ਨੂੰ ਮੰਤਰਾਲੇ ਵਿੱਚ ਤਲਬ ਕੀਤਾ ਹੈ ਅਤੇ ਭਵਿੱਖ ਵਿੱਚ ਅਜਿਹੇ ਹਮਲਿਆਂ ਨੂੰ ਰੋਕਣ ਲਈ ਕਿਹਾ ਹੈ। ਖਾਮਾ ਪ੍ਰੈਸ ਦੇ ਅਨੁਸਾਰ, ਬੀਤੀ ਰਾਤ, ਪਾਕਿਸਤਾਨੀ ਜਹਾਜ਼ਾਂ ਨੇ ਦੱਖਣ-ਪੂਰਬੀ ਖੋਸਤ ਸੂਬੇ ਦੇ ਸਪੇਰਾ ਜ਼ਿਲ੍ਹੇ ਵਿੱਚ ਨਾਗਰਿਕ ਘਰਾਂ ‘ਤੇ ਬੰਬਾਰੀ ਕੀਤੀ, ਜਿਸ ਵਿੱਚ ਘੱਟੋ-ਘੱਟ 60 ਨਾਗਰਿਕ ਮਾਰੇ ਗਏ।