ਬਰਮਿੰਘਮ – ਅਭਿਸ਼ੇਕ ਵਰਮਾ ਤੇ ਜੋਤੀ ਸੁਰੇਖਾ ਵੇਨਾਮ ਦੀ ਭਾਰਤੀ ਕੰਪਾਊਂਡ ਮਿਕਸਡ ਟੀਮ ਨੇ ਇੱਥੇ ਵਿਸ਼ਵ ਖੇਡਾਂ ਵਿਚ ਮੈਕਸੀਕੋ ਦੇ ਆਪਣੇ ਵਿਰੋਧੀਆਂ ਨੂੰ ਇਕ ਅੰਕ ਨਾਲ ਪਛਾੜ ਕੇ ਕਾਂਸੇ ਦਾ ਮੈਡਲ ਜਿੱਤਿਆ।
ਭਾਰਤੀ ਜੋੜੀ ਨੇ ਪਰਫੈਕਟ ਸ਼ੁਰੂਆਤ ਕਰਦੇ ਹੋਏ ਪਹਿਲੇ ਗੇੜ ਵਿਚ ਬੜ੍ਹਤ ਬਣਾਈ ਪਰ ਆਂਦਰੀਆ ਬੇਕੇਰਾ ਤੇ ਮਿਗੁਏਲ ਬੇਕੇਰਾ ਦੀ ਜੋੜੀ ਨੇ ਦੂਜੇ ਗੇੜ ਵਿਚ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਸਕੋਰ ਬਰਾਬਰ ਕਰ ਦਿੱਤਾ। ਵਰਮਾ ਤੇ ਜੋਤੀ ਨੇ ਇਸ ਤੋਂ ਬਾਅਦ ਤੀਜੇ ਗੇੜ ਵਿਚ ਵਾਪਸੀ ਕੀਤੀ ਤੇ ਆਖ਼ਰੀ ਗੇੜ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੇ ਦੇ ਮੈਡਲ ਦੇ ਪਲੇਆਫ ਮੁਕਾਬਲੇ ਨੂੰ 157-156 ਨਾਲ ਜਿੱਤ ਲਿਆ।
ਭਾਰਤੀ ਤੀਰਅੰਦਾਜ਼ੀ ਸੰਘ (ਏਏਆਈ) ਮੁਤਾਬਕ ਇਹ ਵਿਸ਼ਵ ਖੇਡਾਂ ਵਿਚ ਭਾਰਤ ਦਾ ਹੁਣ ਤਕ ਦਾ ਪਹਿਲਾ ਮੈਡਲ ਤੇ ਵਿਸ਼ਵ ਕੱਪ ਦੇ ਸਾਬਕਾ ਗੋਲਡ ਮੈਡਲ ਜੇਤੂ ਵਰਮਾ ਦਾ ਅੰਤਰਰਾਸ਼ਟਰੀ ਪੱਧਰ ’ਤੇ 50ਵਾਂ ਮੈਡਲ ਹੈ। ਵਰਮਾ ਕੰਪਾਊਂਡ ਤੀਰਅੰਦਾਜ਼ੀ ਵਿਚ ਸਾਰੇ ਪੱਧਰ ’ਤੇ ਮੈਡਲ ਜਿੱਤਣ ਵਾਲੇ ਇੱਕੋ-ਇਕ ਭਾਰਤੀ ਤੀਰਅੰਦਾਜ਼ ਹਨ। ਉਨ੍ਹਾਂ ਨੇ ਵਿਸ਼ਵ ਖੇਡਾਂ, ਵਿਸ਼ਵ ਚੈਂਪੀਅਨਸ਼ਿਪ, ਵਿਸ਼ਵ ਕੱਪ ਫਾਈਨਲ, ਵਿਸ਼ਵ ਕੱਪ, ਏਸ਼ਿਆਈ ਖੇਡਾਂ ਤੇ ਏਸ਼ਿਆਈ ਚੈਂਪੀਅਨਸ਼ਿਪ ਵਿਚ ਮੈਡਲ ਜਿੱਤੇ ਹਨ। ਨਿੱਜੀ ਵਰਗ ਵਿਚ ਵਰਮਾ ਨੇ ਨਿਰਾਸ਼ ਕੀਤਾ। ਵਰਮਾ ਸੈਮੀਫਾਈਨਲ ਦੇ ਅੜਿੱਕੇ ਨੂੰ ਪਾਰ ਕਰਨ ਵਿਚ ਨਾਕਾਮ ਰਹੇ। ਉਨ੍ਹਾਂ ਨੂੰ ਵਿਸ਼ਵ ਰੈਂਕਿੰਗ ਵਿਚ ਆਪਣੇ ਤੋਂ ਇਕ ਸਥਾਨ ਬਿਹਤਰ ਚੌਥੇ ਸਥਾਨ ’ਤੇ ਮੌਜੂਦ ਫਰਾਂਸ ਦੇ ਜੀਨ ਫਿਲਿਪ ਬੋਲਟ ਖ਼ਿਲਾਫ਼ 141-143 ਨਾਲ ਹਾਰ ਸਹਿਣੀ ਪਈ। ਵਰਮਾ ਇਸ ਤੋਂ ਬਾਅਦ ਕਾਂਸੇ ਦੇ ਮੈਡਲ ਦੇ ਪਲੇਆਫ ਮੁਕਾਬਲੇ ਵਿਚ ਆਪਣੇ ਤੋਂ ਘੱਟ ਰੈਂਕਿੰਗ ਵਾਲੇ ਕੈਨੇਡਾ ਦੇ ਕ੍ਰਿਸਟੋਫਰ ਪਾਰਕਿੰਸ ਹੱਥੋਂ 145-148 ਨਾਲ ਹਾਰ ਗਏ।