ਅੰਮ੍ਰਿਤਸਰ – ਅਮਰੀਕਾ ’ਚ ਭਾਰਤੀ ਅੰਬੈਸਡਰ ਸ. ਤਰਨਜੀਤ ਸਿੰਘ ਸੰਧੂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਣੇ ਦਾਦੇ ਦੇ ਨਾਂ ’ਤੇ ਬਣੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਸਥਿਤ ਸ. ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪੁੱਜ ਕੇ ਆਪਣੇ ਪੁਰਖਿਆਂ ਦੀ ਯਾਦ ਤਾਜ਼ਾ ਕੀਤੀ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸ. ਤਰਨਜੀਤ ਸਿੰਘ ਸੰਧੂ ਨੂੰ ਵਧੀਕ ਸਕੱਤਰ ਸ. ਪ੍ਰਤਾਪ ਸਿੰਘ ਤੇ ਹੋਰ ਅਧਿਕਾਰੀਆਂ ਨੇ ਸਨਮਾਨਿਤ ਕੀਤਾ।
ਇਸ ਮੌਕੇ ਸ. ਤਰਨਜੀਤ ਸਿੰਘ ਸੰਧੂ ਨੇ ਆਖਿਆ ਕਿ ਉਹ ਹਰ ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੇ ਹਨ ਅਤੇ ਇਸ ਵਾਰ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸ. ਤੇਜਾ ਸਿੰਘ ਸਮੁੰਦਰੀ ਦੇ ਨਾਂ ’ਤੇ ਬਣੇ ਇਕੱਤਰਤਾ ਹਾਲ ਨੂੰ ਵੇਖਣ ਦਾ ਵੀ ਮੌਕਾ ਮਿਲਿਆ ਹੈ। ਇਸ ਯਾਦਗਾਰੀ ਹਾਲ ਨੂੰ ਵੇਖ ਕੇ ਸ. ਤੇਜਾ ਸਿੰਘ ਸਮੁੰਦਰੀ ਦੀ ਘਾਲਣਾ ਯਾਦ ਆਈ ਹੈ। ਉਨ੍ਹਾਂ ਕਿਹਾ ਕਿ ਸ. ਤੇਜਾ ਸਿੰਘ ਸਮੁੰਦਰੀ ਨੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਸਮੇਂ ਵੱਡਾ ਯੋਗਦਾਨ ਪਾਇਆ ਸੀ ਅਤੇ ਕਈ ਮੋਰਚਿਆਂ ਵਿਚ ਹਿੱਸਾ ਲਿਆ। ਸ. ਸਮੁੰਦਰੀ ਜੀ ਦਾ ਇਹ ਕੌਮ ਪ੍ਰਤੀ ਸਮਰਪਣ ਸੀ ਅਤੇ ਪਰਿਵਾਰ ਲਈ ਵੱਡੇ ਫਖਰ ਵਾਲੀ ਗੱਲ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਸੁਪਰਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਸ. ਹਰਭਜਨ ਸਿੰਘ ਵਕਤਾ, ਸ. ਰਾਜਿੰਦਰ ਸਿੰਘ ਰੂਬੀ, ਸ. ਮੁਖਤਾਰ ਸਿੰਘ ਕੁਹਾੜਕਾ, ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ, ਸਹਾਇਕ ਸੁਪਰਡੈਂਟ ਸ. ਗੁਰਪ੍ਰੀਤ ਸਿੰਘ ਅਤੇ ਸ. ਜਸਕਰਨ ਸਿੰਘ ਮੌਜੂਦ ਸਨ।