ਹਿੰਡਨਬਰਗ ਤੋਂ ਬਾਅਦ ਅਡਾਨੀ ਗਰੁੱਪ ਇੱਕ ਵਾਰ ਫਿਰ ਜਾਂਚ ਦੇ ਘੇਰੇ ਵਿੱਚ ਆ ਗਿਆ ਹੈ। ਅਮਰੀਕਾ ਵਿੱਚ ਅਡਾਨੀ ਗਰੁੱਪ ‘ਤੇ ਇੱਕ ਵੱਡਾ ਦੋਸ਼ ਲਗਾਇਆ ਗਿਆ ਹੈ ਅਤੇ ਹੁਣ ਇਸਦੀ ਜਾਂਚ ਕੀਤੀ ਜਾ ਰਹੀ ਹੈ। ਵਾਲ ਸਟਰੀਟ ਜਰਨਲ ਦੀ ਰਿਪੋਰਟ ਦੇ ਅਨੁਸਾਰ, ਅਮਰੀਕੀ ਅਧਿਕਾਰੀ ਅਡਾਨੀ ਗਰੁੱਪ ਦੀਆਂ ਕੰਪਨੀਆਂ ਤੋਂ ਪੁੱਛਗਿੱਛ ਕਰ ਰਹੇ ਹਨ ਕਿ ਕੀ ਉਹ ਈਰਾਨੀ ਪੈਟਰੋ ਕੈਮੀਕਲ ਪ੍ਰੋਡਕਟਸ ਦੇ ਆਯਾਤ ਵਿੱਚ ਸ਼ਾਮਲ ਹਨ। ਰਿਪੋਰਟ ਦੇ ਅਨੁਸਾਰ ਅਮਰੀਕੀ ਅਧਿਕਾਰੀ ਜਾਂਚ ਕਰ ਰਹੇ ਹਨ ਕਿ ਕੀ ਭਾਰਤੀ ਅਰਬਪਤੀ ਗੌਤਮ ਅਡਾਨੀ ਦੀਆਂ ਕੰਪਨੀਆਂ ਨੇ ਮੁੰਦਰਾ ਬੰਦਰਗਾਹ ਰਾਹੀਂ ਈਰਾਨੀ ਲਿਕਿਵਫਾਈਡ ਪੈਟਰੋਲੀਅਮ ਗੈਸ (ਐਲਪੀਜੀ) ਭਾਰਤ ਵਿੱਚ ਆਯਾਤ ਕੀਤੀ ਸੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁੰਦਰਾ ਅਤੇ ਫ਼ਾਰਸ ਦੀ ਖਾੜੀ ਵਿਚਕਾਰ ਨਿਯਮਿਤ ਤੌਰ ‘ਤੇ ਯਾਤਰਾ ਕਰਨ ਵਾਲੇ ਕੁਝ ਟੈਂਕਰਾਂ ਨੇ ਪਾਬੰਦੀਆਂ ਨੂੰ ਬਾਈਪਾਸ ਕਰਕੇ ਅਜਿਹਾ ਕੀਤਾ ਹੈ। ਅਮਰੀਕੀ ਨਿਆਂ ਵਿਭਾਗ ਮਾਲ ਦੀ ਢੋਆ-ਢੁਆਈ ਲਈ ਵਰਤੇ ਜਾਣ ਵਾਲੇ ਕਈ ਐਲਪੀਜੀ ਟੈਂਕਰਾਂ ਦੀਆਂ ਗਤੀਵਿਧੀਆਂ ਦੀ ਸਮੀਖਿਆ ਕਰ ਰਿਹਾ ਹੈ। ਹਾਲਾਂਕਿ, ਅਡਾਨੀ ਗਰੁੱਪ ਨੇ ਇਨ੍ਹਾਂ ਦੋਸ਼ਾਂ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰ ਦਿੱਤਾ ਹੈ ਅਤੇ ਇਨ੍ਹਾਂ ਨੂੰ ਬੇਬੁਨਿਆਦ ਦੱਸਿਆ ਹੈ।
ਅਡਾਨੀ ਗਰੁੱਪ ਨੇ ਸੋਮਵਾਰ ਨੂੰ ਈਰਾਨੀ ਐਲਪੀਜੀ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਅਮਰੀਕੀ ਅਧਿਕਾਰੀਆਂ ਦੁਆਰਾ ਜਾਂਚ ਦੀਆਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਹੈ। ਕੰਪਨੀ ਨੇ ਸਟਾਕ ਐਕਸਚੇਂਜ ਫਾਈਲੰਿਗ ਰਾਹੀਂ ਕਿਹਾ ਕਿ, “2 ਜੂਨ, 2025 ਦੀ ਵਾਲ ਸਟਰੀਟ ਜਰਨਲ ਦੀ ਕਹਾਣੀ, ਜਿਸ ਵਿੱਚ ਬੇਨ ਫੋਲਡੀ ਅਤੇ ਡੇਵ ਮਾਈਕਲਜ਼ ਨੇ ਅਡਾਨੀ ਸੰਸਥਾਵਾਂ ਅਤੇ ਈਰਾਨੀ ਐਲਪੀਜੀ ਵਿਚਕਾਰ ਸਬੰਧਾਂ ਦਾ ਦੋਸ਼ ਲਗਾਇਆ ਹੈ, ਗਲਤ ਅਤੇ ਬੇਬੁਨਿਆਦ ਹੈ। ਅਡਾਨੀ ਨੇ ਸਪੱਸ਼ਟ ਤੌਰ ‘ਤੇ ਈਰਾਨੀ ਮੂਲ ਦੇ ਐਲਪੀਜੀ ਨਾਲ ਸਬੰਧਤ ਪਾਬੰਦੀਆਂ ਦੀ ਚੋਰੀ ਜਾਂ ਵਪਾਰ ਵਿੱਚ ਕਿਸੇ ਵੀ ਜਾਣਬੁੱਝ ਕੇ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਇਸ ਤੋਂ ਇਲਾਵਾ ਸਾਨੂੰ ਇਸ ਵਿਸ਼ੇ ‘ਤੇ ਅਮਰੀਕੀ ਅਧਿਕਾਰੀਆਂ ਦੁਆਰਾ ਕਿਸੇ ਵੀ ਜਾਂਚ ਬਾਰੇ ਜਾਣਕਾਰੀ ਨਹੀਂ ਹੈ।”