International

ਅਮਰੀਕੀ ਰਾਸ਼ਟਰਪਤੀ ਦੀ ਅਹੁਦੇ ਦੀ ਉਹ ਤਾਕਤ, ਜਿਸ ਜ਼ਰੀਏ ਜੋਅ ਬਾਇਡਨ ਨੇ ਆਪਣੇ ਪੁੱਤ ਦੇ ਅਪਰਾਧ ਮੁਆਫ਼ ਕੀਤੇ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਪੁੱਤ ਹੰਟਰ ਬਾਇਡਨ ਨੂੰ ਪ੍ਰੈਜ਼ੀਡੈਂਸ਼ੀਅਲ ਪਾਰਡਨ ਯਾਨੀ ਰਾਸ਼ਟਰਪਤੀ ਦੀ ਮੁਆਫ਼ੀ ਦੇ ਦਿੱਤੀ ਹੈ। ਹੰਟਰ ਦੋ ਅਪਰਾਧਿਕ ਮਾਮਲਿਆਂ ਵਿੱਚ ਸਜ਼ਾ ਦਾ ਸਾਹਮਣਾ ਕਰ ਰਹੇ ਸਨ।

ਉਨ੍ਹਾਂ ਦੇ ਇਸ ਕਦਮ ਨੇ ਵਿਵਾਦ ਪੈਦਾ ਕਰ ਦਿੱਤਾ ਹੈ ਕਿਉਂਕਿ ਜੋਅ ਬਾਇਡਨ ਨੇ ਪਹਿਲਾਂ ਇਸ ਤਰ੍ਹਾਂ ਮੁਆਫ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਪਰ ਉਨ੍ਹਾਂ ਨੇ ਦਲੀਲ ਦਿੱਤੀ ਕਿ ਹੰਟਰ ਬਾਇਡਨ ਵਿਰੁੱਧ ਮਾਮਲੇ ਸਿਆਸਤ ਤੋਂ ਪ੍ਰੇਰਿਤ ਸਨ।

ਅਮਰੀਕੀ ਸਿਆਸਤ ਦੇ ਦੋਵਾਂ ਧਰੁਵਾਂ ਦੇ ਰਾਸ਼ਟਰਪਤੀਆਂ ਨੇ ਆਪਣੇ ਨਜ਼ਦੀਕੀ ਲੋਕਾਂ ਨੂੰ ਮੁਆਫ਼ੀ ਦੇਣ ਲਈ ਰਾਸ਼ਟਰਪਤੀ ਅਹੁਦੇ ਨੂੰ ਹਾਸਿਲ ਖ਼ਾਸ ਅਧਿਕਾਰਾਂ ਦੀਆਂ ਵਰਤੋਂ ਕੀਤੀ ਹੈ।

ਹੰਟਰ ਬਾਇਡਨ ਨੇ ਕੀ ਕੀਤਾ?

ਹੰਟਰ ਬਾਇਡਨ ਦੋ ਸੰਘੀ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਦੋਸ਼ੀ ਕਰਾਰ ਵੀ ਦਿੱਤਾ ਜਾ ਚੁੱਕਿਆ ਸੀ।

ਇਸ ਮਹੀਨੇ ਯਾਨੀ ਦਸੰਬਰ ਦੇ ਅਖ਼ੀਰ ਵਿੱਚ ਉਨ੍ਹਾਂ ਨੂੰ ਸਜ਼ਾ ਵੀ ਸੁਣਾਈ ਜਾਣੀ ਸੀ।

ਬੰਦੂਕ ਖਰੀਦਣ ਦੇ ਇੱਕ ਮਾਮਲੇ ਵਿੱਚ ਹੰਟਰ ਬਾਇਡਨ ਨੂੰ ਜੂਨ ਮਹੀਨੇ ਦੋਸ਼ੀ ਕਰਾਰ ਦਿੱਤਾ ਗਿਆ ਸੀ।

ਅਮਰੀਕਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮੌਜੂਦਾ ਰਾਸ਼ਟਰਪਤੀ ਦੇ ਬੱਚੇ ਨੂੰ ਕਿਸੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੋਵੇ।

ਡੇਲਾਵੇਅਰ ਵਿੱਚ ਚੱਲ ਰਹੇ ਇੱਕ ਮੁਕੱਦਮੇ ਵਿੱਚ, ਹੈਂਡਗਨ ਖਰੀਦਣ ਦੌਰਾਨ ਡਰੱਗਜ਼ ਦੀ ਵਰਤੋਂ ਬਾਰੇ ਗ਼ਲਤ ਜਾਣਕਾਰੀ ਦੇਣ ਦੇ ਤਿੰਨਾਂ ਇਲਜ਼ਾਮ ਉਨ੍ਹਾਂ ਉੱਤੇ ਲੱਗੇ ਸਨ ਤੇ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ।

ਅਮਰੀਕਾ ਵਿੱਚ, ਬੰਦੂਕ ਖਰੀਦਣ ਵੇਲੇ ਝੂਠਾ ਬਿਆਨ ਦੇਣ ‘ਤੇ ਦਸ ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।

ਇੰਨਾ ਹੀ ਨਹੀਂ ਜੇ ਕਿਸੇ ਵਿਅਕਤੀ ਨੂੰ ਡਰੱਗਜ਼ ਦੀ ਲਤ ਹੋਵੇ ਅਤੇ ਉਸ ਨੇ ਗ਼ੈਰ-ਕਾਨੂੰਨੀ ਢੰਗ ਨਾਲ ਬੰਦੂਕ ਰੱਖੀ ਹੋਵੇ ਤਾਂ ਵੀ ਦਸ ਸਾਲ ਦੀ ਸਜ਼ਾ ਹੋ ਸਕਦੀ ਹੈ।

ਕਿਸੇ ਸੰਘੀ ਲਾਇਸੰਸਸ਼ੁਦਾ ਬੰਦੂਕ ਡੀਲਰ ਨੂੰ ਬੰਦੂਕ ਖਰੀਦਣ ਵੇਲੇ ਗ਼ਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਦੇਣ ਦੀ ਸਜ਼ਾ ਪੰਜ ਸਾਲ ਤੱਕ ਦੀ ਕੈਦ ਹੈ।

ਜੇਕਰ ਹੰਟਰ ਬਾਇਡਨ ਨੂੰ ਇਨ੍ਹਾਂ ਤਿੰਨਾਂ ਮਾਮਲਿਆਂ ਵਿੱਚ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਂਦੀ ਤਾਂ ਉਨ੍ਹਾਂ ਨੂੰ 25 ਸਾਲ ਤੱਕ ਦੀ ਸਜ਼ਾ ਹੋ ਸਕਦੀ ਸੀ।

ਪਿਛਲੇ ਸਾਲ ਸਤੰਬਰ ‘ਚ ਉਨ੍ਹਾਂ ਨੇ ਟੈਕਸ ਚੋਰੀ ਦੇ ਇੱਕ ਹੋਰ ਮਾਮਲੇ ‘ਚ ਅਪਰਾਧ ਕਬੂਲ ਕੀਤਾ ਸੀ ਅਤੇ ਇਸ ਮਾਮਲੇ ‘ਚ ਵੀ ਉਨ੍ਹਾਂ ਲਈ ਸਜ਼ਾ ਨਿਰਧਾਰਿਤ ਕੀਤੀ ਜਾਣੀ ਸੀ।

ਹੰਟਰ ਬਾਇਡਨ 2016 ਤੋਂ 2019 ਦਰਮਿਆਨ ਟੈਕਸ ਚੋਰੀ ਨਾਲ ਸਬੰਧਤ ਕੁੱਲ 9 ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ।

ਜਿਨ੍ਹਾਂ ਵਿੱਚ ਟੈਕਸ ਰਿਟਰਨ ਨਾ ਭਰਨਾ ਅਤੇ ਗ਼ਲਤ ਰਿਟਰਨ ਫ਼ਾਈਲ ਕਰਨਾ ਸ਼ਾਮਲ ਹੈ। ਟੈਕਸ ਮਾਮਲੇ ‘ਚ ਉਨ੍ਹਾਂ ਨੂੰ ਵੱਧ ਤੋਂ ਵੱਧ 17 ਸਾਲ ਦੀ ਸਜ਼ਾ ਹੋ ਸਕਦੀ ਸੀ।

ਨਿਊਯਾਰਕ ਟਾਈਮਜ਼ ਨੇ ਮਾਹਰਾਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਦੀ ਟੈਕਸ ਦੇਣਦਾਰੀ ਨੂੰ ਘਟਾਏ ਜਾਣ ਅਤੇ ਦੋਵੇਂ ਸਜ਼ਾਵਾਂ ਇੱਕੋ ਸਮੇਂ ਕੱਟਣ ਦੀ ਆਗਿਆ ਦੇਣ ਦੀ ਸੰਭਾਵਨਾ ਜ਼ਿਆਦਾ ਸੀ।

ਰਾਸ਼ਟਰਪਤੀ ਮੁਆਫ਼ੀ ਕੀ ਹੈ?

ਅਮਰੀਕੀ ਸੰਵਿਧਾਨ ਦੇ ਮੁਤਾਬਕ, “ਰਾਸ਼ਟਰਪਤੀ ਕੋਲ ਮਹਾਂਦੋਸ਼ ਨੂੰ ਛੱਡ ਕੇ, ਸੰਯੁਕਤ ਰਾਸ਼ਟਰ ਦੇ ਖ਼ਿਲਾਫ਼ ਕੀਤੇ ਗਏ ਕਿਸੇ ਵੀ ਅਪਰਾਧ ਦੀ ਸਜ਼ਾ ਨੂੰ ਮੁਆਫ਼ ਕਰਨ ਜਾਂ ਘਟਾਉਣ ਦੀ ਵਿਆਪਕ ਸ਼ਕਤੀ ਹੈ।”

ਇਸ ਮਾਮਲੇ ਵਿੱਚ, ‘ਰਾਸ਼ਟਰਪਤੀ ਵੱਲੋਂ ਪੂਰਨ ਅਤੇ ਬਿਨਾਂ ਸ਼ਰਤ ਮੁਆਫ਼ੀ’ ਦਿੱਤੀ ਗਈ ਹੈ, ਜਿਸ ਵਿੱਚ ਹੰਟਰ ਬਾਇਡਨ ਨੂੰ ਜਨਵਰੀ 2014 ਅਤੇ ਦਸੰਬਰ 2024 ਦਰਮਿਆਨ ਕੀਤੇ ਗਏ ਸਾਰੇ ਸੰਘੀ ਅਪਰਾਧਾਂ ਲਈ ਸਜ਼ਾ ਤੋਂ ਛੋਟ ਮਿਲ ਗਈ ਹੈ।

ਇਹ ਇੱਕ ਕਾਨੂੰਨੀ ਮੁਆਫ਼ੀ ਹੈ ਜੋ ਭਵਿੱਖ ਵਿੱਚ ਸੁਣਾਈ ਜਾਣ ਵਾਲੀ ਕਿਸੇ ਸਜ਼ਾ ਨੂੰ ਵੀ ਖ਼ਤਮ ਕਰਦੀ ਹੈ।

ਵੋਟ ਪਾਉਣ ਜਾਂ ਕਿਸੇ ਜਨਤਕ ਅਹੁਦੇ ਲਈ ਚੋਣ ਲੜਨ ਦੇ ਅਧਿਕਾਰ ਵੀ ਇਸ ਤਹਿਤ ਬਹਾਲ ਹੋ ਜਾਂਦੇ ਹਨ।

ਮੁਆਫ਼ੀ ਦੇਣ ਦੇ ਅਧਿਕਾਰ ਨੂੰ ਬਹੁਤ ਵਿਆਪਕ ਮੰਨਿਆ ਜਾਂਦਾ ਹੈ ਅਤੇ ਇਸ ਦੀ ਕੋਈ ਸੀਮਾ ਨਹੀਂ ਹੈ।

ਹਾਲਾਂਕਿ, ਇੱਕ ਰਾਸ਼ਟਰਪਤੀ ਸਿਰਫ਼ ਸੰਘੀ ਅਪਰਾਧਾਂ ਦੇ ਮਾਮਲਿਆਂ ਵਿੱਚ ਮੁਆਫ਼ੀ ਜਾਰੀ ਕਰ ਸਕਦਾ ਹੈ।

ਇਹ ਮੁੱਦਾ ਇਸ ਸਮੇਂ ਸੁਰਖੀਆਂ ਵਿੱਚ ਹੈ ਜਦੋਂ ਇੱਕ ਪੋਰਨ ਫ਼ਿਲਮ ਸਟਾਰ ਨੂੰ ਚੁੱਪਚਾਪ ਭੁਗਤਾਨ ਕਰਨ ਦੇ ਮਾਮਲੇ ਵਿੱਚ ਡੌਨਲਡ ਟਰੰਪ ਨੂੰ ਮਿਲਣ ਵਾਲੀ ਸਜ਼ਾ ਮੁਆਫ਼ ਕੀਤੇ ਜਾਣ ਸਬੰਧੀ ਵੀ ਖ਼ਦਸ਼ੇ ਪੈਦਾ ਹੋ ਗਏ ਹਨ।

ਹਾਲਾਂਕਿ ਜਨਵਰੀ ਵਿੱਚ ਜਦੋਂ ਉਹ ਵ੍ਹਾਈਟ ਹਾਊਸ ਪਰਤਣਗੇ ਤਾਂ ਉਹ ਸੂਬਾਈ ਪੱਧਰ ‘ਤੇ ਚੱਲ ਰਹੇ ਇਸ ਮਾਮਲੇ ਵਿੱਚ ਆਪਣੇ ਆਪ ਨੂੰ ਮੁਆਫ਼ ਨਹੀਂ ਕਰ ਸਕਣਗੇ।

Related posts

ਅਮਰੀਕਾ ‘ਚ ₹4.5 ਲੱਖ ‘ਚ ਕਰੋ ਮਾਸਟਰਸ ਡਿਗਰੀ ! ਭਾਰਤੀ ਵਿਦਿਆਰਥੀਆਂ ਲਈ ਇਹ ਹਨ US ਦੀਆਂ 10 ਸਭ ਤੋਂ ਸਸਤੀਆਂ ਯੂਨੀਵਰਸਿਟੀਆਂ…

editor

ਵਿਦੇਸ਼ੀ ਵਿਦਿਆਰਥੀਆਂ ਨੂੰ 20 ਜਨਵਰੀ ਤੋਂ ਪਹਿਲਾਂ ਅਮਰੀਕਾ ਛੱਡਣ ਦੀ ਸਲਾਹ

editor

ਕੈਨੇਡਾ ਦਾ ਪੰਜਾਬੀਆਂ ਨੂੰ ਤਗੜਾ ਝਟਕਾ, 1 ਦਸੰਬਰ ਤੋਂ ਫੀਸਾਂ ਚ ਕੀਤਾ ਵਾਧਾ

editor