ਸ਼੍ਰੀਨਗਰ – ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਧੀਨ ਅਵੰਤੀਪੋਰਾ ’ਚ ਅੱਜ ਸੋਮਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ’ਚ ਮੁਕਾਬਲਾ ਖਤਮ ਹੋ ਚੁੱਕਾ ਹੈ। ਇਸ ਮੁਕਾਬਲੇ ’ਚ 40 ਦਿਨ ਪੁਰਾਣਾ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦਾ ਅੱਤਵਾਦੀ ਮਾਰਿਆ ਗਿਆ ਹੈ। ਉਸਦੀ ਪਛਾਣ ਅੱਤਵਾਦੀ ਸੰਗਠਨ ਦੇ ਸਮੀਰ ਅਹਿਮਦ ਵਾਸੀ ਬਾਰਾਗਾਮ ਵਜੋਂ ਹੋਈ ਹੈ। ਉਹ ਬੀਤੀ 2 ਨਵੰਬਰ ਨੂੰ ਹੀ ਅੱਤਵਾਦੀ ਸੰਗਠਨ ’ਚ ਸ਼ਾਮਿਲ ਹੋਇਆ ਸੀ। ਮਾਰਿਆ ਗਿਆ ਅੱਤਵਾਦੀ ਸੀ ਕਲਾਸ ਦਾ ਅੱਤਵਾਦੀ ਸੀ। ਇਸ ਤੋਂ ਪਹਿਲਾਂ ਅੱਜ ਸਵੇਰੇ ਐਤਵਾਰ ਜੰਮੂ-ਕਸ਼ਮੀਰ ਪੁਲਿਸ ਨੂੰ ਅਵੰਤਾਪੋਰਾ ਦੇ ਬਾਰਾਗਾਮ ਇਲਾਕੇ ’ਚ ਅੱਤਵਾਦੀ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸਦੇ ਤੁਰੰਤ ਬਾਅਦ ਪੁਲਿਸ ਨੇ ਸੁਰੱਖਿਆ ਬਲਾਂ ਦੀ ਮਦਦ ਨਾਲ ਖੇਤਰ ’ਚ ਤਲਾਸ਼ੀ ਮੁਹਿੰਮ ਚਲਾਈ। ਐਤਵਾਰ ਸਵੇਰੇ ਬਾਰਾਗਾਮ ’ਚ ਲੁਕੇ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਆਤਾਮਸਮਰਪਣ ਕਰਨ ਦੀ ਚਿਤਾਵਨੀ ਦਿੱਤੀ। ਅੱਤਵਾਦੀਆਂ ਨੇ ਇਸ ਨੂੰ ਅਣਗੋਲਿਆ ਕਰ ਫਿਰ ਤੋਂ ਫਾਇਰਿੰਗ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਫਿਰ ਮੋਰਚਾ ਸੰਭਾਲਦੇ ਹੋਏ ਅੱਤਵਾਦੀਆਂ ਖ਼ਿਲਾਫ਼ ਫਾਇਰਿੰਗ ਕੀਤੀ। ਇਸ ਦੌਰਾਨ ਇਕ ਅੱਤਵਾਦੀ ਨੂੰ ਢੇਰ ਕਰਨ ’ਚ ਸਫਲਤਾ ਮਿਲੀ।