ਜਲਾਲਾਬਾਦ – ਅਫ਼ਗਾਨਿਸਤਾਨ ’ਚ ਤਾਲਿਬਾਨੀ ਕਬਜ਼ੇ ਤੋਂ ਬਾਅਦ ਪਹਿਲੀ ਵਾਰ ਦੇਸ਼ ਭਰ ’ਚ ਸਾਰੀਆਂ ਯੂਨੀਵਰਸਿਟੀਆਂ ਖੋਲ੍ਹ ਦਿੱਤੀਆਂ ਗਈਆਂ ਹਨ। ਇਨ੍ਹਾਂ ਸਾਰੀਆਂ ਯੂਨੀਵਰਸਿਟੀਆਂ ਦੇ ਕੰਪਲੈਕਸਾਂ ’ਚ ਵਿਦਿਆਰਥੀ ਤੇ ਵਿਦਿਆਰਥਣਾਂ ਨੇ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਵਿਦਿਆਰਥੀ ਤੇ ਵਿਦਿਆਰਥਣਾਂ ਦੀਆਂ ਕਲਾਸਾਂ ਵੱਖ-ਵੱਖ ਹੀ ਲੱਗੀਆਂ।
ਪੂਰਬੀ ਜਲਾਲਾਬਾਦ ਸਥਿਤ ਨਾਨਗੜ੍ਹ ਯੂਨੀਵਰਸਿਟੀ ’ਚ ਇਕ ਵੱਖਰੇ ਦਰਵਾਜ਼ੇ ਰਾਹੀਂ ਵਿਦਿਆਰਥਣਾਂ ਨੂੰ ਦਾਖ਼ਲ ਕਰਵਾਇਆ ਗਿਆ। ਇਹ ਅਫ਼ਗਾਨਿਸਤਾਨ ਦੀਆਂ ਵੱਡੀਆਂ ਸਰਕਾਰੀ ਯੂਨੀਵਰਿਸਟੀਆਂ ’ਚੋਂ ਇਕ ਹੈ। ਤਾਲਿਬਾਨ ਨੇ ਪਿਛਲੇ ਸ਼ਾਸਨ ਸਾਲ 1996 ਤੋਂ 2001 ਦੌਰਾਨ ਕੱਟੜਪੰਥੀ ਇਸਲਾਮੀ ਤਾਲਿਬਾਨ ਨੇ ਕੁੜੀਆਂ ਤੇ ਮਹਿਲਾਵਾਂ ਦੀ ਸਿੱਖਿਆ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਇਸ ਕੱਟੜਪੰਥੀ ਸੰਗਠਨ ਦਾ ਦਾਅਵਾ ਹੈ ਕਿ ਪਿਛਲੇ ਸਾਲ 15 ਅਗਸਤ ਨੂੰ ਅਫ਼ਗਾਨਿਸਤਾਨ ਦੀ ਸੱਤਾ ’ਤੇ ਕਬਜ਼ੇ ਤੋਂ ਬਾਅਦ ਤੋਂ ਉਹ ਕਾਫ਼ੀ ਬਦਲ ਚੁੱਕਿਆ ਹੈ। ਇਸ ਦੇ ਬਾਵਜੂਦ ਇਸੇ ਸਮੇਂ ਤੋਂ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਧੱਕੇ ਨਾਲ ਬੰਦ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਦੇ ਬੰਦ ਹੋਣ ਤੋਂ ਪਹਿਲਾਂ ਕੁੜੀਆਂ ਦੀ ਕਲਾਸ ਵੱਖਰੀ ਕਰਨ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ ਸੀ। ਪਰ ਅਜੇ ਵੀ ਹਾਈ ਸਕੂਲ ਦੀਆਂ ਕੁੜੀਆਂ ਨੂੰ ਅਜੇ ਵੀ ਬਹੁਤ ਸਾਰੇ ਸੂਬਿਆਂ ’ਚ ਸਕੂਲ ਦਾ ਮੂੰਹ ਦੇਣ ਨੂੰ ਨਹੀਂ ਮਿਲਿਆ। ਕਈ ਨਿੱਜੀ ਯੂਨੀਵਰਸਿਟੀਆਂ ਵੀ ਦੇਸ਼ ’ਚ ਖੁੱਲ੍ਹ ਚੁੱਕੀਆਂ ਹਨ, ਪਰ ਉੱਥੋਂ ਤੱਕ ਵਿਦਿਆਰਥਣਾਂ ਦਾ ਪਹੁੰਚਣਾ ਸੰਭਵ ਨਹੀਂ ਹੋਇਆ। ਇਸੇ ਦੌਰਾਨ ਸੰਯੁਕਤ ਰਾਸ਼ਟਰ ਨੇ ਅਫ਼ਗਾਨਿਸਤਾਨ ’ਚ ਦੋ ਫਰਵਰੀ ਤੋਂ ਸਾਰੀਆਂ ਯੂਨੀਵਰਸਿਟੀਆਂ ਖੋਲ੍ਹੇ ਜਾਣ ਲਈ ਤਾਲਿਬਾਨ ਪ੍ਰਸ਼ਾਸਨ ਦੀ ਪ੍ਰਸ਼ੰਸਾ ਕੀਤੀ ਹੈ।
ਇਸੇ ਦੌਰਾਨ ਤਾਲਿਬਾਨ ਸਰਕਾਰ ਨੇ ਆਪਣਾ ਅਕਸ ਸੁਧਾਰਨ ਲਈ ਫੈਸਲਾ ਲਿਆ ਹੈ ਕਿ ਹੁਣ ਉਨ੍ਹਾਂ ਦੇ ਲੜਾਕੇ ਪਾਰਕਾਂ ਤੇ ਮੇਲਿਆਂ ’ਚ ਆਪਣੀਆਂ ਬੰਦੂਕਾਂ ਨਹੀਂ ਲਿਜਾ ਸਕਣਗੇ। ਹੁਣ ਉਨ੍ਹਾਂ ਨੂੰ ਇਨ੍ਹਾਂ ਥਾਵਾਂ ’ਤੇ ਵਰਦੀ ਤੇ ਵਾਹਨ ਦੇ ਨਾਲ ਜਾਣ ਦੀ ਵੀ ਇਜਾਜ਼ਤ ਨਹੀਂ ਹੋਵੇਗੀ। ਟਵੀਟ ਕਰ ਕੇ ਤਾਲਿਬਾਨੀ ਬੁਲਾਰੇ ਜਬੀਬੁੱਲਾ ਮੁਜਾਹਿਦੀਨ ਨੇ ਇਹ ਜਾਣਕਾਰੀ ਦਿੱਤੀ ਹੈ।