Articles Australia & New Zealand Women's World

‘ਅੰਬਰਾਂ ਦੀ ਪਰੀ’ ਡਾ.ਪਰਵਿੰਦਰ ਕੌਰ ਆਸਟ੍ਰੇਲੀਆ ਦੀ ਸੰਸਦ ‘ਚ ਪਹਿਲੀ ਪੰਜਾਬਣ !

ਡਾ.ਪਰਵਿੰਦਰ ਕੌਰ, ਐਮਐਲਸੀ, ਵੈਸਟਰਨ ਆਸਟ੍ਰੇਲੀਆ।
ਲੇਖਕ: ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਕੁੜੀਆਂ ਤੇ ਚਿੜੀਆਂ ਅੰਬਰਾਂ ਦੀਆਂ ਪਰੀਆਂ ਹੁੰਦੀਆਂ ਹਨ। ਇਹ ਪਰੀਆਂ ਅੰਬਰਾਂ ਦੀਆਂ ਉਡਾਣਾ ਭਰ ਸਕਦੀਆਂ ਹਨ, ਬਸ਼ਰਤੇ ਕਿ ਇਨ੍ਹਾਂ ਦੀਆਂ ਵਾਗਾਂ ਖੱੁਲ੍ਹੀਆਂ ਛੱਡੀਆਂ ਜਾਣ। ਸਮਾਜਿਕ ਪਾਬੰਦੀਆਂ ਇਨ੍ਹਾਂ ਦੇ ਅੰਬਰਾਂ ਦੀਆਂ ਉਡਾਣਾ ਦੇ ਰਸਤੇ ਦੀ ਰੁਕਾਵਟ ਬਣਦੀਆਂ ਹਨ। ਮਾਪਿਆਂ ਦੇ ਫ਼ਰਜ਼ ਬਣਦੇ ਹਨ ਕਿ ਉਹ ਲੜਕਿਆਂ ਦੀ ਤਰ੍ਹਾਂ ਇਨ੍ਹਾਂ ਅੰਬਰਾਂ ਦੀਆਂ ਪਰੀਆਂ ਨੂੰ ਵੀ ਆਪਣੀਆਂ ਇੱਛਾਵਾਂ ਮੁਤਾਬਕ ਆਪਣੇ ਕੈਰੀਅਰ ਬਣਾਉਣ ਲਈ ਉਡਾਣਾ ਭਰਨ ਦੇ ਰਾਹ ਵਿੱਚ ਰੁਕਾਵਟਾਂ ਨਾ ਖੜ੍ਹੀਆਂ ਕਰਨ, ਸਗੋਂ ਬਰਾਬਰ ਦੇ ਅਧਿਕਾਰ ਦੇਣ।

ਅਜਿਹੀ ਹੀ ਇੱਕ ਅੰਬਰਾਂ ਦੀ ਪਰੀ ਹੈ, ਡਾ ਪਰਵਿੰਦਰ ਕੌਰ, ਜਿਹੜੀ ਵੈਸਟਰਨ ਆਸਟ੍ਰੇਲੀਆ ਦੇ ਅਪਰ ਹਾਊਸ ਭਾਵ ਸੰਸਦ ਦੀ ਮੈਂਬਰ ਚੁਣੀ ਗਈ ਹੈ। ਭਾਰਤੀ ਮੂਲ ਦੇ ਪੰਜਾਬੀਆਂ ਨੇ ਪਰਵਾਸ ਦੀ ਸਿਆਸਤ ਵਿੱਚ ਵਿਲੱਖਣ ਮਾਅਰਕੇ ਮਾਰੇ ਹਨ। ਹੁਣ ਤੱਕ ਭਾਰਤੀ ਮੂਲ ਦੇ ਪੰਜਾਬੀਆਂ ਨੇ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਦੀ ਸਿਆਸਤ ਵਿੱਚ ਆਪਣੀ ਕਾਬਲੀਅਤ ਦਾ ਪ੍ਰਗਟਾਵਾ ਕਰਦੇ ਹੋਏ ਝੰਡੇ ਗੱਡੇ ਸਨ। ਕੈਨੇਡਾ ਦੀ ਸੰਘੀ ਸਰਕਾਰ ਵਿੱਚ ਤਾਂ ਦੋ ਪੰਜਾਬਣਾਂ ਅਨੀਤਾ ਇੰਦਰਾ ਆਨੰਦ ਅਤੇ ਰੂਬੀ ਸਹੋਤਾ ਮੰਤਰੀ ਹਨ। ਅਮਰੀਕਾ ਵਿੱਚ ਤੁਲਸੀ ਗਵਾਰਡ ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ ਹੈ। ਪ੍ਰੰਤੂ ਹੁਣ ਆਸਟ੍ਰੇਲੀਆ ਦੀ ਸਿਆਸਤ ਵਿੱਚ ਵੀ ਇੱਕ ਪੰਜਾਬਣ ਜੀਵ ਵਿਗਿਆਨੀ ਡਾ. ਪਰਵਿੰਦਰ ਕੌਰ ਨੇ ਪਹਿਲੀ ਵਾਰ ਉਥੋਂ ਦੀ ਸੰਸਦ ਦੀ ਮੈਂਬਰ ਬਣਕੇ ਪੰਜਾਬਣਾਂ ਦੀ ਲਿਆਕਤ ਦੀ ਵੱਖਰੀ ਹੀ ਛਾਪ ਛੱਡੀ ਹੈ।

ਡਾ. ਪਰਵਿੰਦਰ ਕੌਰ, ਆਸਟ੍ਰੇਲੀਅਨ ਲੇਬਰ ਪਾਰਟੀ ਵਲੋਂ ਵੈਸਟਰਨ ਆਸਟ੍ਰੇਲੀਆ ਦੀਆਂ 42ਵੀਂਆ ਸੂਬਾਈ ਚੋਣਾਂ ਦੇ ਵਿੱਚ ਲੇਬਰ ਪਾਰਟੀ ਵਲੋਂ ਅਪਰ ਹਾਊਸ (ਲੈਜਿਸਲੇਟਿਵ ਕੌਂਸਲ) ਦੇ ਮੈਂਬਰ ਚੁਣੇ ਗਏ ਹਨ। ਡਾ. ਪਰਵਿੰਦਰ ਕੌਰ ਪਾਰਲੀਮੈਂਟਰੀ ਕਮੇਟੀਆਂ ਦੇ ਡਿਪਟੀ ਚੇਅਰਪਰਸਨ ਅਤੇ ਵਾਤਾਵਰਣ ਅਤੇ ਜਨਤਕ ਮਾਮਲਿਆਂ ਵਾਰੇ ਸਥਾਈ ਕਮੇਟੀ ਦੇ ਮੈਂਬਰ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਪਰਵਿੰਦਰ ਕੌਰ ਨੇ ਆਸਟ੍ਰੇਲੀਆ ਦੀ ਸਿਆਸਤ ਵਿੱਚ ਨਵਾਂ ਅਧਿਆਇ ਜੋੜਕੇ ਇਤਿਹਾਸ ਸਿਰਜ ਦਿੱਤਾ ਹੈ। ਇਸ ਤੋਂ ਪਹਿਲਾਂ ਗੁਰਮੇਸ਼ ਸਿੰਘ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ ਸੂਬੇ ਤੋਂ ਮੈਂਬਰ ਪਾਰਲੀਮੈਂਟ ਬਣੇ ਸਨ। ਪਰਵਿੰਦਰ ਕੌਰ ਸਮਾਜਿਕ, ਸਾਹਿਤਕ, ਸੰਗੀਤਕ, ਸਪੋਰਟਸ, ਸਭਿਆਚਾਰਕ ਅਤੇ ਧਾਰਮਿਕ ਸਰਗਰਮੀਆਂ ਅਤੇ ਰੇਡੀਓ ਦੇ ਪ੍ਰੋਗਰਾਮਾ ਵਿੱਚ ਵੀ ਹਿੱਸਾ ਲੈਂਦੀ ਰਹਿੰਦੀ ਹੈ। ਇਸੇ ਤਰ੍ਹਾਂ ਗੁਰੂ ਘਰ ਨੂੰ ਵੀ ਪੂਰੀ ਸਮਰਪਤ ਹੈ। ਉਨ੍ਹਾਂ ਨੇ ਸੰਸਦ ਮੈਂਬਰ ਦੀ ਸਹੁੰ ਵੀ ਜਪੁਜੀ ਸਾਹਿਬ ‘ਤੇ ਹੱਥ ਰੱਖਕੇ ਕੇ ਚੁੱਕੀ ਹੈ।

ਡਾ. ਪਰਵਿੰਦਰ ਕੌਰ ਦਾ ਜਨਮ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਹਿਆਤਪੁਰ ਰੁੜਕੀ ਵਿੱਚ ਮਾਤਾ ਬੀਬੀ ਜਰਨੈਲ ਕੌਰ ਤੇ ਪਿਤਾ ਕਸ਼ਮੀਰ ਸਿੰਘ ਦੇ ਘਰ ਹੋਇਆ। ਡਾ. ਪਰਵਿੰਦਰ ਕੌਰ ਦੋ ਭੈਣ ਭਰਾ ਹਨ। ਉਸਦਾ ਭਰਾ ਛੋਟਾ ਹੈ। ਪਰਵਿੰਦਰ ਕੌਰ ਦੀ ਸਿੱਖਿਆ ਵੱਖ-ਵੱਖ ਫ਼ੌਜੀ ਸਕੂਲਾਂ ਵਿੱਚ ਹੋਈ ਕਿਉਂਕਿ ਉਸਦੇ ਪਿਤਾ ਫੌਜ ਵਿੱਚ ਨੌਕਰੀ ਕਰਦੇ ਸਨ, ਉਨ੍ਹਾਂ ਦੀ ਬਦਲੀ ਹੋਣ ਕਰਕੇ ਪਰਿਵਾਰ ਨੂੰ ਉਸਦੇ ਨਾਲ ਹੀ ਜਾਣਾ ਪੈਂਦਾ ਸੀ ਪ੍ਰੰਤੂ ਬਹੁਤਾ ਸਮਾਂ ਉਸਨੇ ਜਲੰਧਰ ਅਤੇ ਅੰਬਾਲਾ ਕੈਂਟ ਦੇ ਸਕੂਲਾਂ ਵਿੱਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਪਰਵਿੰਦਰ ਕੌਰ ਨੇ ਪਟਿਆਲਾ ਵਿਖੇ ਗਿਆਰਵੀਂ ਤੇ ਬਾਰਵੀਂ ਦੀ ਪੜ੍ਹਾਈ ਕੀਤੀ। ਪਰਵਿੰਦਰ ਕੌਰ ਦੀ ਰੁਚੀ ਸਾਇੰਸ ਦੇ ਵਿਸ਼ੇ ਵਿੱਚ ਸੀ ਪ੍ਰੰਤੂ ਉਸਨੇ ਗਿਆਰਵੀਂ ਵਿੱਚ ਮਿਲੇ-ਜੁਲੇ ਵਿਸ਼ਿਆਂ ਦੀ ਚੋਣ ਕਰ ਲਈ। ਫਿਰ ਉਸਨੂੰ ਮਹਿਸੂਸ ਹੋਇਆ ਕਿ ਜ਼ਿੰਦਗੀ ਵਿੱਚ ਸਫ਼ਲ ਹੋਣ ਲਈ ਕੋਈ ਨਿਸ਼ਾਨਾ ਨਿਸ਼ਚਤ ਕਰਨਾ ਜ਼ਰੂਰੀ ਹੈ। ਉਸਨੇ ਬੀ. ਡੀ. ਐਸ. ਦੀ ਪੜ੍ਹਾਈ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਡਾਕਟਰੀ ਦਾ ਵਿਸ਼ਾ ਤਾਂ ਚੁਣ ਲਿਆ ਪ੍ਰੰਤੂ ਪਰਵਿੰਦਰ ਕੌਰ ਦੀ ਦਿਲਚਸਪੀ ਤੇ ਪਸੰਦ ਦਾ ਵਿਸ਼ਾ ਜੀਵ-ਵਿਗਿਆਨ ਸੀ। ਪਿਤਾ ਦੇ ਫੌਜ ਵਿੱਚ ਨੌਕਰੀ ਕਰਨ ਕਰਕੇ ਸਕੂਲਾਂ ਵਿੱਚ ਛੱੁਟੀਆਂ ਦੇ ਸਮੇਂ ਪਰਵਿੰਦਰ ਕੌਰ ਆਪਣੇ ਮਾਤਾ ਜੀ ਨਾਲ ਆਪਣੇ ਪਿੰਡ ਆ ਕੇ ਰਹਿੰਦੇ ਸਨ। ਜ਼ਿਮੀਦਾਰ ਪਰਿਵਾਰ ਹੋਣ ਕਰਕੇ ਪਰਵਿੰਦਰ ਕੌਰ ਨੂੰ ਖੇਤੀ ਵਿਗਿਆਨ ਨਾਲ ਮੋਹ ਹੋ ਗਿਆ। ਉਸਨੂੰ ਪਿੰਡ ਰਹਿੰਦਿਆਂ ਮਹਿਸੂਸ ਹੋਇਆ ਕਿ ਕਿਸਾਨ ਨੂੰ ਅਨਾਜ ਦੇ ਉਤਪਾਦਨ ਵਿੱਚ ਕਿਤਨੀ ਮਿਹਨਤ ਤੇ ਜਦੋਜਹਿਦ ਕਰਨੀ ਪੈਂਦੀ ਹੈ। ਅੰਨਦਾਤਾ ਕਹਾਉਣ ਲਈ ਕਿਸਾਨ ਨੂੰ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ। ਇਸਦਾ ਉਸਨੂੰ ਯੋਗ ਇਵਜ਼ਾਨਾ ਨਹੀਂ ਮਿਲਦਾ। ਕਿਸਾਨੀ ਦੇ ਜੀਵਨ ਦੀਆਂ ਤਲਖੀਆਂ ਨੇ ਪਰਵਿੰਦਰ ਕੌਰ ਨੂੰ ਡਾਕਟਰੀ ਦੀ ਪੜ੍ਹਾਈ ਨੂੰ ਤਿਲਾਂਜ਼ਲੀ ਦੇ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਜੀਵ ਵਿਗਿਆਨ ਦੇ ਵਿਸ਼ੇ ਵਿੱਚ ਦਾਖ਼ਲਾ ਲੈਣ ਲਈ ਪ੍ਰੇਰਿਆ। ਫਿਰ ਉਸਨੇ ਬੀ. ਐਸ. ਸੀ. ਵਿੱਚ ਦਾਖ਼ਲਾ ਲੈ ਲਿਆ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ, ਇਸ ਕਰਕੇ ਉਸਨੂੰ ਯੂਨੀਵਰਸਿਟੀ ਨੇ ਵਜੀਫ਼ਾ ਦੇ ਦਿੱਤਾ। ਇਥੋਂ ਪਰਵਿੰਦਰ ਕੌਰ ਦਾ ਜੀਵ ਵਿਗਿਆਨੀ ਦੇ ਤੌਰ ‘ਤੇ ਕੈਰੀਅਰ ਸ਼ੁਰੂ ਹੋ ਗਿਆ। ਫਿਰ ਉਸਨੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕਰਨ ਲਈ ਸਿਰ ਤੋੜ ਮਿਹਨਤ ਕੀਤੀ, ਜਿਸ ਦੇ ਨਤੀਜੇ ਵਜੋਂ ਉਸਨੂੰ ਮਾਸਟਰਜ਼ ਵਿੱਚ ਵੀ ਵਜ਼ੀਫਾ ਮਿਲ ਗਿਆ। ਮਾਸਟਰਜ਼ ਵਿੱਚ ਵੀ ਪਰਵਿੰਦਰ ਕੌਰ ਨੇ ਪੜ੍ਹਾਈ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ। ਫਿਰ ਉਸਨੇ ਆਸਟ੍ਰੇਲੀਆ ਦੇ ਸ਼ਹਿਰ ਪਰਥ ਦੀ ਮਸ਼ਹੂਰ ਯੂਨੀਵਰਸਿਟੀ ਆਫ਼ ਵੈਸਟਰਨ ਆਸਟ੍ਰੇਲੀਆ ਵਿੱਚ ਪੀ. ਐਚ. ਡੀ. ਕਰਨ ਲਈ ਅਪਲਾਈ ਕੀਤਾ, ਜਿਥੇ ਉਸਨੂੰ ਪੀ. ਐਚ. ਡੀ. ਕਰਨ ਲਈ ਦਾਖ਼ਲ ਕਰਕੇ ਵਜੀਫ਼ਾ ਪ੍ਰਦਾਨ ਕੀਤਾ ਗਿਆ। ਪਰਵਿੰਦਰ ਕੌਰ ਦੇ ਮਾਪੇ ਆਰਥਿਕ ਤੌਰ ‘ਤੇ ਪਰਵਾਸ ਵਿੱਚ ਪੜ੍ਹਾਈ ਕਰਵਾਉਣ ਦੀ ਸਮਰੱਥਾ ਨਹੀਂ ਰੱਖਦੇ ਸਨ, ਕਿਉਂਕਿ ਉਹ ਛੋਟੇ ਜ਼ਿਮੀਦਾਰ ਹਨ। ਦੂਜੇ ਉਸਦੇ ਪਿਤਾ ਫੌਜ ਵਿੱਚੋਂ ਸੇਵਾ ਮੁਕਤ ਹੋ ਚੁੱਕੇ ਸਨ, ਪ੍ਰੰਤੂ ਜਦੋਂ ਉਸਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਹ ਆਸਟ੍ਰੇਲੀਆ ਵਿੱਚ ਪੜ੍ਹਨ ਜਾਣ ਦੀ ਇੱਛਾ ਰੱਖਦੀ ਹੈ ਤਾਂ ਪਿਤਾ ਹਿਚਕਚਾ ਰਹੇ ਸਨ, ਪ੍ਰੰਤੂ ਪਰਵਿੰਦਰ ਕੌਰ ਨੇ ਦੱਸਿਆ ਕਿ ਪੜ੍ਹਾਈ ਦਾ ਸਾਰਾ ਖ਼ਰਚਾ ਯੂਨੀਵਰਸਿਟੀ ਉਠਾਏਗੀ। ਪਹਿਲਾਂ ਤਾਂ ਪਰਵਿੰਦਰ ਕੌਰ ਦੇ ਪਿਤਾ ਨੂੰ ਵਿਸ਼ਵਾਸ ਹੀ ਨਹੀਂ ਆ ਰਿਹਾ ਸੀ। ਪਰਿਵਾਰ ਦੀ ਪ੍ਰਵਾਨਗੀ ਤੋਂ ਬਾਅਦ ਪਰਵਿੰਦਰ ਕੌਰ ਪੀ. ਐਚ. ਡੀ. ਕਰਨ ਲਈ ਆਸਟ੍ਰੇਲੀਆ ਪਹੁੰਚ ਗਈ। ਆਸਟ੍ਰੇਲੀਆ ਪਹੁੰਚ ਕੇ ਪਰਵਿੰਦਰ ਕੌਰ ਨੇ ਬੜੀ ਸਖ਼ਤ ਮਿਹਨਤ ਕੀਤੀ। ਪਰਵਿੰਦਰ ਕੌਰ ਨੇ ਖੋਜ ਕਰਦਿਆਂ ਮਹਿਸੂਸ ਕੀਤਾ ਕਿ ਇਨਸਾਨ ਨੂੰ ਆਪਣੀ ਪ੍ਰਤਿਭਾ ਦੀ ਪਹਿਲਾਂ ਪਛਾਣ ਕਰਨੀ ਚਾਹੀਦੀ ਹੈ। ਫਿਰ ਉਸ ਦਾ ਸਦਉਪਯੋਗ ਕਰਨ ਦੇ ਢੰਗ ਤਰੀਕੇ ਅਪਨਾਉਣੇ ਚਾਹੀਦੇ ਹਨ। ਉਹ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦੀ ਹੈ ਕਿ ਉਸਨੂੰ ਉਸਦੇ ਸ਼ੌਕ ਅਨੁਸਾਰ ਡੀ. ਐਨ. ਏ.ਵਰਗੇ ਉਸਦੇ ਪਸੰਦੀਦਾ ਵਿਸ਼ੇ ‘ਤੇ ਖੋਜ ਕਰਨ ਦਾ ਮੌਕਾ ਮਿਲ ਗਿਆ। ਫਿਰ ਉਸਨੇ ਇਸ ਮੌਕੇ ਨੂੰ ਸੰਭਾਲਦਿਆਂ ਦ੍ਰਿੜ੍ਹਤਾ ਅਤੇ ਲਗਨ ਨਾਲ ਖੋਜ ਵਿੱਚ ਦਿਲਚਸਪੀ ਲਈ, ਜਿਸਦੇ ਨਤੀਜੇ ਵਜੋਂ ਉਸਨੂੰ 10 ਸਾਲ ਦੀ ਮਿਹਨਤ ਦਾ ਫਲ 2010 ਵਿੱਚ ਪੀ. ਐਚ. ਡੀ. ਦੀ ਡਿਗਰੀ ਨਾਲ ਮਿਲਿਆ। ਇਸ ਖੋਜ ਕਾਰਜ ‘ਤੇ ਉਸਦਾ ਇੱਕ ਧੇਲਾ ਵੀ ਨਹੀਂ ਲੱਗਿਆ, ਸਗੋਂ ਸਾਰਾ ਖ਼ਰਚਾ ਯੂਨੀਵਰਸਿਟੀ ਨੇ ਕੀਤਾ। ਹੁਣ ਵੈਸਟਰਨ ਆਸਟ੍ਰੇਲੀਆ ਦੇ ਲੋਕਾਂ ਨੇ ਪਰਵਿੰਦਰ ਕੌਰ ਦੀ ਆਸਟ੍ਰੇਲੀਆ ਲਈ ਕੀਤੀ ਖੋਜ ਦਾ ਮੁੱਲ ਉਸਨੂੰ ਅਪਰ ਹਾਊਸ ਦੀ ਮੈਂਬਰ ਬਣਾ ਕੇ ਪਾ ਦਿੱਤਾ ਹੈ।

ਡਾ ਪਰਵਿੰਦਰ ਕੌਰ ਯੂਨੀਵਰਸਿਟੀ ਆਫ਼ ਵੈਸਟਰਨ ਆਸਟ੍ਰੇਲੀਆ ਦੇ ਡੀ. ਐਨ. ਏ. ਜੂ ਆਸਟ੍ਰੇਲੀਆ ਦੇ ਡਾਇਰੈਕਟਰ ਅਤੇ ਐਸੋਸੀਏਟ ਪ੍ਰੋਫੈਸਰ ਰਹਿ ਚੁੱਕੇ ਹਨ। ਸਾਲ 2023 ਵਿੱਚ ਅੰਤਰਰਾਸ਼ਟਰੀ ਇਸਤਰੀ ਦਿਵਸ ਦੇ ਮੌਕੇ ‘ਤੇ ਉਹਨਾਂ ਨੂੰ ‘ਵੈਸਟਰਨ ਆਸਟ੍ਰੇਲੀਆ ਵੋਮੈਨਜ਼ ਹਾਲ ਆਫ਼ ਫੇਮ’ ਦਾ ਖਿਤਾਬ ਵੀ ਦਿੱਤਾ ਗਿਆ ਸੀ।

ਡਾ.ਪਰਵਿੰਦਰ ਕੌਰ ਜੀਵ ਵਿਗਿਆਨ ਦੇ ਖੇਤਰ ਵਿੱਚ ਇੱਕ ਉਦਮੀ ਵੀ ਹੈ, ਉਸਨੇ ਇੱਕ ‘ਐਕਸ ਪਲਾਂਟਾ ਪ੍ਰਾਈਵੇਟ ਲਿਮਿਟਡ’ ਕੰਪਨੀ ਵੀ ਬਣਾਈ ਹੋਈ ਹੈ ਅਤੇ ਇਹ ਫਰਮੈਂਟੇਸ਼ਨ ਦੁਆਰਾ ਉਤਪਾਦਨ ਲਈ ਨਵੇਂ ਮਿਸ਼ਰਣ ਵਿਕਸਤ ਕਰਨ ਲਈ ਸਿੰਥੈਟਿਕ ਬਾਇਓਲੋਜੀ ਪਲੇਟਫਾਰਮ ਦੇ ਪ੍ਰਦਾਤਾ ਵਜੋਂ ਕੰਮ ਕਰਦੀ ਹੈ। ਡਾ.ਪਰਵਿੰਦਰ ਕੌਰ ਦੀ ਖੋਜ ਵਿਲੱਖਣ ਹੈ, ਖਾਸ ਤੌਰ ‘ਤੇ ਆਸਟ੍ਰੇਲੀਆ ਵਿੱਚ ਪਸ਼ੂਆਂ ਦੀ ਬਿਹਤਰੀ ਲਈ ਕਾਰਗਰ ਸਾਬਤ ਹੋਈ ਹੈ। ਆਸਟ੍ਰੇਲੀਆ ਦੀ ਬਹੁਤ ਵੱਡੀ ਸਮੱਸਿਆ ਸੀ, ਪਸ਼ੂਆਂ ਦੇ ਚਾਰੇ ਵਿੱਚ ਕੁਝ ਅਜਿਹੇ ਖ਼ਤਰਨਾਕ ਤੱਤ ਸਨ, ਜਿਨ੍ਹਾਂ ਕਾਰਨ ਬਹੁਤ ਵਧੇਰੇ ਮਾਤਰਾ ਵਿੱਚ ਮੀਥੇਨ ਗੈਸ ਬਣਦੀ ਸੀ, ਜੋ ਕਿ ਓਜ਼ੋਨ ‘ਚ ਹੋਏ ਸੁਰਾਖ਼ ਲਈ ਜ਼ਿੰਮੇਵਾਰ ਹੁੰਦੀ ਹੈ। ਆਸਟ੍ਰੇਲੀਆ ਵਿੱਚ ਬਣਦੀ ਕੁਲ ਮੀਥੇਨ ਗੈਸ ਦਾ 40 ਫ਼ੀਸਦੀ ਹਿੱਸਾ ਇਸ ਚਾਰੇ ਨੂੰ ਖਾ ਕੇ ਇਹ ਜਾਨਵਰ ਬਣਾਉਂਦੇ ਸਨ, ਪ੍ਰੰਤੂ ਡਾ ਪਰਵਿੰਦਰ ਕੌਰ ਦੀ ਮਿਹਨਤ ਸਦਕਾ ਇਸ ‘ਤੇ ਕਾਬੂ ਪੈਣਾ ਸ਼ੁਰੂ ਹੋ ਗਿਆ। ਡਾ.ਪਰਵਿੰਦਰ ਕੌਰ ਦੀ ਦੂਜੀ ਪ੍ਰਾਪਤੀ ਕਰੋਨਾ ਸਮੇਂ ਉਸਨੇ ਖੋਜ ਕੀਤੀ ਕਿ ਕਰੋਨਾ ਦਾ ਡੀ. ਐਨ. ਏ.ਕੋਡ ਫ਼ਸਲਾਂ ਦੇ ਕੋਡ ਨਾਲੋਂ ਛੋਟਾ ਹੈ, ਪਰ ਇਸ ਦਾ ਸਿੱਧਾ ਇਨਸਾਨ ਦੀ ਸਿਹਤ ਨਾਲ ਸੰਬੰਧ ਹੈ। ਉਸਨੇ ਮਿਹਨਤ ਕਰਕੇ ਕਰੋਨਾ ਦੇ ਕੋਡ ਨੂੰ ਡੀ ਕੋਡ ਕਰ ਦਿੱਤਾ। ਡਾ. ਪਰਵਿੰਦਰ ਕੌਰ ਖੋਜ ਨੂੰ ਇਤਨੀ ਸਮਰਪਤ ਹੈ ਕਿ ਉਹ ਆਪਣੇ 15 ਦਿਨਾਂ ਦੇ ਲੜਕੇ ਨੂੰ ਆਪਣੇ ਪਰਿਵਾਰ ਤੇ ਪਤੀ ਕੋਲ ਛੱਡਕੇ ਦੂਜੇ ਦੇਸ਼ਾਂ ਵਿੱਚ ਖੋਜ ਕਾਰਜ ਲਈ ਚਲੀ ਗਈ ਸੀ, ਹਾਲਾਂ ਕਿ ਉਹ ਛੇ ਮਹੀਨੇ ਦੀ ਛੁੱਟੀ ਲੈ ਸਕਦੀ ਸੀ ਪ੍ਰੰਤੂ ਡਾ. ਪਰਵਿੰਦਰ ਕੌਰ ਨੇ ਖੋਜ ਨੂੰ ਪਹਿਲ ਦਿੱਤੀ। ਇਸੇ ਤਰ੍ਹਾਂ ਪਰਵਿੰਦਰ ਕੌਰ ਨੂੰ ਉਸਦੇ ਮਾਪਿਆਂ ਨੇ ਉਸਦੇ ਭਰਾ ਦੀ ਤਰ੍ਹਾਂ ਹੀ ਸਹੂਲਤਾਂ ਦੇਣ ਸਮੇਂ ਕੋਈ ਫਰਕ ਨਹੀਂ ਰੱਖਿਆ, ਸਗੋਂ ਬਰਾਬਰ ਸਤਿਕਾਰ ਦਿੱਤਾ। ਪਰਵਿੰਦਰ ਕੌਰ ਦਾ ਵਿਆਹ ਉਸਦੇ ਸਕੂਲ ਵਿੱਚ ਗਿਆਰਵੀਂ ਦੇ ਜਮਾਤੀ ਅਮਿਤ ਨਾਲ ਹੋਇਆ, ਜਿਹੜਾ ਸਕੂਲ ਦੀ ਪੜ੍ਹਾਈ ਸਮੇਂ ਉਸ ਨਾਲ ਮੁਕਾਬਲੇ ਵਿੱਚ ਹੁੰਦਾ ਸੀ। ਜੀਵਨ ਸਾਥੀ ਦੇ ਤੌਰ ‘ਤੇ ਅਮਿਤ ਦਾ ਸਾਥ ਤੇ ਸਹਿਯੋਗ ਕਾਬਲੇ ਤਾਰੀਫ਼ ਹੈ। ਜ਼ਿੰਦਗੀ ਵਿੱਚ ਸਫਲ ਹੋਣ ਲਈ ਲੋਕਾਂ ਦੀ ਸੇਵਾ ਵਿੱਚ ਜੁੱਟੇ ਰਹਿਣਾ ਚਾਹੀਦਾ ਹੈ ਤਾਂ ਹੀ ਸਫਲਤਾ ਤੁਹਾਡੇ ਪੈਰ ਚੁੰਮੇਗੀ ਦੇ ਸਿਧਾਂਤ ’ਤੇ ਚੱਲਦਿਆਂ, ਡਾ.ਪਰਵਿੰਦਰ ਕੌਰ ਦਿਨੋਂ ਦਿਨ ਮੰਜਿ਼ਲਾਂ ਨੂੰ ਛੋਹ ਰਹੀ ਹੈ। ਡਾ. ਪਰਵਿੰਦਰ ਕੌਰ ਬਹੁਪੱਖੀ ਸ਼ਖਸੀਅਤ ਦੀ ਮਾਲਕ ਹੈ ਅਤੇ ਹੋਰਨਾਂ ਔਰਤਾਂ ਲਈ ਵੀ ਇੱਕ ਪ੍ਰੇਰਨਾ ਸਰੋਤ ਹੈ।

Related posts

‘ਸਰਕਾਰਾਂ ਆਪੇ ਜੱਜ ਅਤੇ ਜਿਊਰੀ ਨਹੀਂ ਬਣ ਸਕਦੀਆਂ, ਸੁਪਰੀਮ ਕੋਰਟ ਆਫ਼ ਇੰਡੀਆ ਦਾ ਹੁਕਮ’

admin

International Day of a Yoga 2025

admin

ਏਅਰ ਇੰਡੀਆ ਨੇ ਆਸਟ੍ਰੇਲੀਆ ਸਮੇਤ ਕਈ ਰੂਟਾਂ ‘ਤੇ ਉਡਾਣਾਂ ਘਟਾਈਆਂ !

admin