ਅੰਮ੍ਰਿਤਸਰ – ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ’ਤੇ ਸਥਿਤ ਸਪਾਈਸ ਜੈੱਟ ਹੈਲਥ ਲੈਬ ਨੂੰ ਚੱਲਦਾ ਕਰ ਦਿੱਤਾ ਗਿਆ ਹੈ। ਵਿਦੇਸ਼ ਤੋਂ ਆਉਣ ਵਾਲੇ ਮੁਸਾਫਰਾਂ ਦੇ ਕੋਰੋਨਾ ਟੈਸਟ ਲਈ ਏਅਰਪੋਰਟ ਅਥਾਰਟੀ ਨੇ ਇਸ ਲੈਬ ਨਾਲ ਕਰਾਰ ਕੀਤਾ ਸੀ। ਬੀਤੇ ਸ਼ੁੱਕਰਵਾਰ ਨੂੰ ਇਟਲੀ ਤੋਂ ਆਉਣ ਵਾਲੇ 285 ਮੁਸਾਫਰਾਂ ਵਿਚੋਂ 173 ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਅਜਿਹੇ ਵਿਚ ਲੈਬ ਦੀ ਪ੍ਰਮਾਣਿਕਤਾ ’ਤੇ ਸ਼ੱਕ ਸੀ। ਇਨ੍ਹਾਂ ਵਿਚੋਂ 75 ਲੋਕਾਂ ਦੇ ਦੁਬਾਰਾ ਟੈਸਟ ਕਰਵਾਏ ਗਏ। ਇਨ੍ਹਾਂ ਵਿਚੋਂ ਕੁਝ ਦੀ ਰਿਪੋਰਟ ਨੈਗੇਟਿਵ ਆਈ ਹੈ। ਅਜਿਹੇ ਵਿਚ ਏਅਰਪੋਰਟ ਅਥਾਰਟੀ ਨੇ ਲੈਬ ਨਾਲ ਨਾਤਾ ਤੋਡ਼ ਦਿੱਤਾ ਹੈ। ਹੁਣ ਅੰਮ੍ਰਿਤਸਰ ਦੀ ਨਿੱਜੀ ਭਸੀਨ ਲੈਬ ਵੱਲੋਂ ਮੁਸਾਫਰਾਂ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਸਪਾਈਸ ਜੈੱਟ ਲੈਬ ਵੱਲੋਂ ਅੰਮ੍ਰਿਤਸਰ ਏਅਰਪੋਰਟ ’ਤੇ 60 ਮਸ਼ੀਨਾਂ ਇੰਸਟਾਲ ਕੀਤੀਆਂ ਗਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਛੋਟੀਆਂ ਮਸ਼ੀਨਾਂ ਕੋਰੋਨਾ ਟੈਸਟ ਲਈ ਸਮਰੱਥ ਨਹੀਂ ਸਨ। ਮਸ਼ੀਨਾਂ ’ਚ ਤਕਨੀਕੀ ਗਡ਼ਬਡ਼ੀ ਕਾਰਨ ਰਿਪੋਰਟਾਂ ਗਲਤ ਆ ਰਹੀਆਂ ਸਨ। ਇਸ ਗੱਲ ਨੂੰ ਲੈ ਕੇ ਇਟਲੀ ਤੋਂ ਆਏ ਮੁਸਾਫਰ ਹੰਗਾਮਾ ਕਰਦੇ ਰਹੇ। ਉਨ੍ਹਾਂ ਦਾ ਤਰਕ ਸੀ ਕਿ ਉਹ ਇਟਲੀ ਤੋਂ ਨੈਗੇਟਿਵ ਰਿਪੋਰਟ ਲੈ ਕੇ ਆਏ ਹਨ ਤਾਂ ਇੱਥੇ ਅੱਠ ਘੰਟੇ ਬਾਅਦ ਪਾਜ਼ੇਟਿਵ ਕਿਵੇਂ ਹੋ ਸਕਦੇ ਹਨ। ਇਹ ਜਾਣਕਾਰੀ ਵੀ ਮਿਲੀ ਹੈ ਕਿ ਇਟਲੀ ਤੋਂ ਆਏ ਛੇ ਮਰੀਜ਼ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਅਧੀਨ ਕੀਤੇ ਗਏ ਹਨ। ਏਅਰਪੋਰਟ ’ਤੇ ਇਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਪਰ ਮੈਡੀਕਲ ਕਾਲਜ ਸਥਿਤ ਇੰਫਲੂੲੈਂਜ਼ਾ ਲੈਬ ਵਿਚ ਇਹ ਨੈਗੇਟਿਵ ਹਨ।
previous post