ਜਲੰਧਰ ( ਪਰਮਿੰਦਰ ਸਿੰਘ) – ਕੇਂਦਰ ਸਰਕਾਰ ਵਲੋਂ ਏਕੀਕਿ੍ਰਤ ਪੈਨਸ਼ਨ ਯੋਜਨਾ (ਯੂ ਪੀ ਐਸ)ਦਾ ਨੋਟੀਫਿਕੇਸ਼ਨ ਬੀਤੇ 25 ਜਨਵਰੀ ਨੂੰ ਜਾਰੀ ਹੋਣ ਤੇ ਕਰਮਚਾਰੀਆਂ ਨੇ ਕੇਂਦਰ ਸਰਕਾਰ ਦਾ ਇਸ ਨੂੰ ਇਕ ਹੋਰ ਧੋਖਾ ਕਰਾਰ ਦਿੱਤਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਕਰਦੇ ਹੋਏ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜਿਲ੍ਹਾ ਜਲੰਧਰ ਦੇ ਕਨਵੀਨਰ ਕੁਲਦੀਪ ਵਾਲੀਆ ਅਤੇ ਕੋ ਕਨਵੀਨਰ ਦਿਲਬਾਗ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀਤੇ ਦਿਨੀ ਕੇਂਦਰ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਦੀ ਜੋ ਐਸ.ਓ.ਪੀ ਜਾਰੀ ਕੀਤੀ ਹੈ, ਉਹ ਬਹੁਤ ਹੀ ਘਾਤਕ ਹੈ ਕਿਉਂਕਿ ਉਪਰੋਕਤ ਸਕੀਮ ਦੇ ਅਨੁਸਾਰ ਸਰਕਾਰ ਮੁਲਾਜ਼ਮਾਂ ਦਾ ਪੈਸਾ ਹੜੱਪ ਕੇ ਮੁਲਾਜ਼ਮਾਂ ਨੂੰ ਪੈਨਸ਼ਨ ਦੇਣਾ ਚਾਹੁੰਦੀ ਹੈ l ਉਹਨਾਂ ਕਿਹਾ ਇਸ ਸਕੀਮ ਨਾਲ ਮੁਲਾਜ਼ਮ ਨੂੰ ਰਿਟਾਇਰਮੈਂਟ ਤੋਂ ਬਾਅਦ ਖਾਲੀ ਹੱਥ ਘਰ ਨੂੰ ਤੋਰਨ ਦੀ ਸਕੀਮ ਹੈ, ਇਸ ਸਕੀਮ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਪੈਨਸ਼ਨ ਦੇ ਨਾਂ ਤੇ ਕਰਮਚਾਰੀਆਂ ਦੀ ਖ਼ੂਨ ਪਸੀਨੇ ਦੀ ਕਮਾਈ ਖੋਹਣ ਵਾਲੀ ਯੋਜਨਾ ਦਾ ਆਉਣ ਵਾਲੀ 4 ਫਰਵਰੀ ਨੂੰ ਇਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕ ਕੇ ਵਿਰੋਧ ਦਰਜ ਕਰਵਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਸਮੂਹ ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਮੁਲਾਜ਼ਮ ਭਾਗ ਲੈਣਗੇ ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਅਧੂਰੇ ਨੋਟੀਫਿਕੇਸ਼ਨ ਨੂੰ ਪੂਰਾ ਕਰਕੇ 1972 ਦੇ ਨਿਯਮਾਂ ਅਨੁਸਾਰ ਪੁਰਾਣੀ ਪੈਨਸ਼ਨ ਬਹਾਲ ਕਰੇ । ਉਹਨਾਂ ਕਿਹਾ ਕਿ ਆਪ ਦੇ ਸੀਨੀਅਰ ਨੇਤਾ ਸੰਜੇ ਸਿੰਘ ਇਸ ਸਕੀਮ ਨੂੰ ਪਹਿਲਾਂ ਹੀ ਮੁਲਾਜ਼ਮਾਂ ਨਾਲ ਧੋਖਾ ਕਰਾਰ ਦੇ ਚੁੱਕੇ ਹਨ I ਉਹਨਾਂ ਕਿਹਾ ਕਿ ਗੁਆਂਢੀ ਸੂਬੇ ਹਿਮਾਚਲ ਦੇ ਮੁੱਖ ਮੰਤਰੀ ਅਨੁਸਾਰ ਉਹਨਾਂ ਨੇ ਜੋ ਓ.ਪੀ.ਐਸ ਆਪਣੇ ਰਾਜ ਵਿੱਚ ਲਾਗੂ ਕੀਤੀ ਹੈ ਉਸ ਨਾਲ ਰਾਜ ਉੱਪਰ ਕੋਈ ਵਿੱਤੀ ਬੋਝ ਨਹੀਂ ਪਿਆ ਹੈ। ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿੱਚ ਓ.ਪੀ.ਐਸ ਲਾਗੂ ਕਰੇ ਅਤੇ ਤੁਰੰਤ ਜੀ.ਪੀ.ਐਫ ਖਾਤੇ ਖੋਲੇ I
ਇਸ ਮੌਕੇ ਵੇਦ ਰਾਜ ਜਲੰਧਰ,ਕਰਨੈਲ ਫਿਲੌਰ, ਜਸਬੀਰ ਸਿੰਘ, ਪਵਨ ਕੁਮਾਰ, ਪਰੇਮ ਖਾਲਵਾੜਾ,ਸੰਦੀਪ ਰਾਜੋਵਾਲ,ਅਮਰਜੀਤ ਭਗਤ,ਮੋਹਣ ਲਾਲ,ਕੁਲਵੀਰ ਕੁਮਾਰ,ਮੁਕੇਸ਼ ਕੁਮਾਰ, ਸੰਦੀਪ ਕੁਮਾਰ, ਰਾਕੇਸ਼ ਠਾਕੁਰ, ਰਾਜੇਸ਼ ਭੱਟੀ,ਰਵਿੰਦਰ ਕੁਮਾਰ, ਪ੍ਰਦੀਪ ਕੁਮਾਰ, ਦਲਬੀਰ ਰਾਮ, ਵਿਪਨ ਕਾਲੜਾ ਅਤੇ ਹੋਰ ਸਾਥੀ ਹਾਜ਼ਰ ਸਨ।