ਮਾਸਕੋ – ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਅੱਤਵਾਦੀਆਂ ਅਤੇ ਅਪਰਾਧੀਆਂ ਵੱਲੋਂ ਸੂਚਨਾ ਅਤੇ ਸੰਚਾਰ ਤਕਨਾਲੋਜੀ ਦੀ ਦੁਰਵਰਤੋਂ ਨੂੰ ਰੋਕਣ ਲਈ ਸਹਿਯੋਗ ਜਾਰੀ ਰੱਖੇਗਾ। ਉਨ੍ਹਾਂ ਨੇ ਸੂਚਨਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਕ ਖੁੱਲ੍ਹੇ, ਸਥਿਰ, ਸੁਰੱਖਿਅਤ, ਭਰੋਸੇਮੰਦ ਢਾਂਚੇ ਲਈ ਅੰਤਰਰਾਸ਼ਟਰੀ ਸਹਿਯੋਗ ਦੀ ਮੰਗ ਕੀਤੀ।
ਸੇਂਟ ਪੀਟਰਸਬਰਗ ਰੂਸ ਵਿਚ ‘ਇੰਸ਼ੋਰਿੰਗ ਇਨਫਰਮੇਸ਼ਨ ਸਕਿਓਰਿਟੀ ਇਨ ਦ ਪਾਲੀਸੈਂਟ੍ਰਿਕ ਵਰਲਡ’ਵਿਸ਼ੇ ’ਤੇ ਪੂਰੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਡੋਭਾਲ ਨੇ ਸਮਾਵੇਸ਼ੀ ਆਰਥਿਕ ਵਿਕਾਸ ਲਈ ਡਿਜੀਟਲ ਤਕਨਾਲੋਜੀ ਦੀ ਵਰਤੋਂ ਕਰਨ ਦੀ ਭਾਰਤ ਦੀ ਨੀਤੀ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਅੱਤਵਾਦੀਆਂ ਅਤੇ ਅਪਰਾਧੀਆਂ ਵੱਲੋਂ ਸੂਚਨਾ ਅਤੇ ਸੰਚਾਰ ਤਕਨਾਲੋਜੀ ਦੀ ਦੁਰਵਰਤੋਂ ਨੂੰ ਰੋਕਣ ਅਤੇ ਅੱਤਵਾਦ ਨੂੰ ਵਿੱਤੀ ਸਹਾਇਤਾ ਰੋਕਣ ਲਈ ਸਹਿਯੋਗ ਜਾਰੀ ਰੱਖੇਗਾ।
ਸੁਰੱਖਿਆ ਮਾਮਲਿਆਂ ਲਈ ਜ਼ਿੰਮੇਵਾਰ ਉੱਚ-ਪੱਧਰੀ ਅਧਿਕਾਰੀਆਂ ਦੀ 12ਵੀਂ ਅੰਤਰਰਾਸ਼ਟਰੀ ਮੀਟਿੰਗ ਵਿਚ ਹਿੱਸਾ ਲੈਂਦੇ ਹੋਏ ਡੋਭਾਲ ਨੇ ਕਿਹਾ ਕਿ ਅਜਿਹੇ ਸਹਿਯੋਗ ਦੇ ਢਾਂਚੇ ਵਿਚ ਸਰਕਾਰਾਂ, ਨਿੱਜੀ ਖੇਤਰ, ਅਕਾਦਮਿਕ, ਤਕਨੀਕੀ ਭਾਈਚਾਰਿਆਂ ਅਤੇ ਨਾਗਰਿਕ ਸਮਾਜ ਵਿਚਕਾਰ ਸਹਿਯੋਗ ਸ਼ਾਮਲ ਹੈ ਤਾਂ ਜੋ ਮਹੱਤਵਪੂਰਨ ਮੁੱਦਿਆਂ ’ਤੇ ਸਾਂਝੀ ਸਮਝ ਵਿਕਸਿਤ ਕੀਤੀ ਜਾ ਸਕੇ।