India

ਆਈਸੀਐੱਮਆਰ ਦੀਆਂ ਨਵੀਆਂ ਗਾਈਡਲਾਈਨਜ਼ ਘੱਟ ਟੈਸਟਿੰਗ ਦੀ ਵੱਡੀ ਵਜ੍ਹਾ

ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਧਦੀ ਗਿਣਤੀ ਦੇ ਅਨੁਪਾਤ ’ਚ ਟੈਸਟਿੰਗ ਨਾ ਵਧਣ ਦੀ ਇਕ ਵੱਡੀ ਵਜ੍ਹਾ ਟੈਸਟਿੰਗ ਲਈ ਆਈਸੀਐੱਮਆਰ ਦੀਆਂ ਨਵੀਆਂ ਗਾਈਡਲਾਈਨਜ਼ ਵੀ ਮੰਨੀਆਂ ਜਾ ਰਹੀਆਂ ਹਨ। ਉਸ ਮੁਤਾਬਕ ਆਈਸੀਐੱਮਆਰ ਨੇ ਕੋਰੋਨਾ ਪੀੜਤਾਂ ਦੇ ਸੰਪਰਕ ’ਚ ਆਉਣ ਵਾਲੇ ਸਾਰੇ ਲੋਕਾਂ ਦੀ ਟੈਸਟਿੰਗ ਦੀ ਲਾਜ਼ਮੀਅਤਾ ਖ਼ਤਮ ਕਰ ਦਿੱਤੀ ਹੈ। ਉੱਥੇ ਇਨਫੈਕਸ਼ਨ ਦੀ ਦਰ 15 ਫ਼ੀਸਦੀ ਦੇ ਪਾਰ ਹੋਣ ਦੇ ਬਾਵਜੂਦ ਹਸਪਤਾਲਾਂ ’ਚ ਦਾਖ਼ਲ ਹੋਣ ਵਾਲੇ ਪੀੜਤਾਂ ਦੀ ਘੱਟ ਗਿਣਤੀ ਕਾਰਨ ਸਰਕਾਰ ’ਚ ਦੂੁਜੀ ਲਹਿਰ ਵਰਗੀ ਬੇਚੈਨੀ ਦੇਖਣ ਨੂੰ ਨਹੀਂ ਮਿਲ ਰਹੀ।

ਅਸਲ ’ਚ ਪਿਛਲੇ ਤਿੰਨ ਦਿਨਾਂ ’ਚ ਪੂਰੇ ਦੇਸ਼ ਅੰਦਰ ਕੋਰੋਨਾ ਟੈਸਟਿੰਗ ’ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੁੱਧਵਾਰ ਨੂੰ 18.86 ਲੱਖ ਟੈਸਟ ਹੋਏ ਸਨ ਜਿਹੜੇ ਵੀਰਵਾਰ ਨੂੰ 17.87 ਲੱਖ ਤੇ ਸ਼ੁੱਕਰਵਾਰ ਨੂੰ 16.13 ਹਜ਼ਾਰ ਟੈਸਟ ਹੀ ਹੋਏ ਜਦਕਿ ਇਨ੍ਹਾਂ ਤਿੰਨ ਦਿਨਾਂ ’ਚ ਇਨਫੈਕਸ਼ਨ ਦਰ ਬੁੱਧਵਾਰ ਨੂੰ 16.66 ਫ਼ੀਸਦੀ ਤਕ ਪਹੁੰਚ ਗਈ ਹੈ। ਇਨਫੈਕਸ਼ਨ ਦਰ ਵਧਣ ਦੇ ਬਾਵਜੂਦ ਟੈਸਟਿੰਗ ਨਾ ਵਧਣ ਦੀ ਇਕ ਵੱਡੀ ਵਜ੍ਹਾ ਆਈਸੀਐੱਮਆਰ ਦੀਆਂ ਨਵੀਆਂ ਗਾਈਡਲਾਈਨਜ਼ ਮੰਨੀਆਂ ਜਾ ਰਹੀਆਂ ਹਨ।

ਦੂਜੀ ਲਹਿਰ ਦੌਰਾਨ ਜਿੱਥੇ ਸਰਕਾਰ ਟੈਸਟਿੰਗ, ਟੈਸਟਿੰਗ ਤੇ ਟੈਸਟਿੰਗ ’ਤੇ ਜ਼ੋਰ ਦਿੱਤਾ ਜਾ ਰਿਹਾ ਸੀ, ਉੱਥੇ ਇਸ ਵਾਰੀ ਆਈਸੀਐੱਮਆਰ ਨੇ ਪੀੜਤ ਵਿਅਕਤੀ ਦੇ ਸੰਪਰਕ ’ਚ ਆਉਣ ਵਾਲੇ ਸਿਰਫ਼ ਉਨ੍ਹਾਂ ਲੋਕਾਂ ਤਕ ਟੈਸਟਿੰਗ ਸੀਮਤ ਕਰ ਦਿੱਤੀ ਜਿਨ੍ਹਾਂ ’ਚ ਕੋਰੋਨਾ ਇਨਫੈਕਸ਼ਨ ਨਾਲ ਜੁੜਿਆ ਕੋਈ ਲੱਛਣ ਹੋਵੇ ਜਾਂ ਜਿਹੜੇ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹੋਣ ਜਾਂ ਜਿਨ੍ਹਾਂ ਦੀ ਉਮਰ 60 ਸਾਲ ਤੋਂ ਜ਼ਿਆਦਾ ਹੋਵੇ।

ਇੱਥੋਂ ਤਕ ਹੋਮ ਆਈਸੋਲੇਸ਼ਨ ’ਚ ਰਹਿਣ ਵਾਲੇ ਪੀੜਤਾਂ ਲਈ ਵੀ ਤਿੰਨ ਦਿਨ ਤਕ ਲਗਾਤਾਰ ਬੁਖਾਰ ਨਾ ਹੋਣ ’ਤੇ ਸੱਤਵੇਂ ਦਿਨ ਉਨ੍ਹਾਂ ਨੂੰ ਕੋਰੋਨਾ ਮੁਕਤ ਮੰਨ ਲਿਆ ਜਾਂਦਾ ਹੈ ਤੇ ਇਸ ਦੇ ਲਈ ਕੋਈ ਟੈਸਟਿੰਗ ਦੀ ਲੋੜ ਨਹੀਂ। ਜ਼ਾਹਰ ਹੈ ਨਵੀਆਂ ਗਾਈਡਲਾਈਨਜ਼ ਦੇ ਹਿਸਾਬ ਨਾਲ ਮੁਕਾਬਲਤਨ ਘੱਟ ਲੋਕਾਂ ਨੂੰ ਟੈਸਟ ਕਰਵਾਉਣ ਦੀ ਲੋੜ ਪੈ ਰਹੀ ਹੈ। ਦੇਸ਼ ’ਚ ਵਧਦੀ ਇਨਫੈਕਸ਼ਨ ਦਰ ਦੇ ਬਾਵਜੂਦ ਟੈਸਟਿੰਗ ਨਾ ਵਧਾਉਣ ਦੀ ਵਜ੍ਹਾ ਪੁੱਛੇ ਜਾਣ ’ਤੇ ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਤੀਜੀ ਲਹਿਰ ’ਚ ਅਜੇ ਤਕ ਇਨਫੈਕਸ਼ਨ ਦਰ ਦਾ ਵਧਣਾ ਚੁਣੌਤੀ ਵਜੋਂ ਸਾਹਮਣੇ ਨਹੀਂ ਆਇਆ ਕਿਉਂਕਿ ਪੀੜਤ ਵਿਅਕਤੀਆਂ ’ਚ ਵੀ 96 ਫ਼ੀਸਦੀ ਲੱਛਣ ਦੇਖਣ ਨੂੰ ਨਹੀਂ ਮਿਲ ਰਹੇ ਜਿਨ੍ਹਾਂ ’ਚ ਲੱਛਣ ਦੇਖਣ ਨੂੰ ਮਿਲ ਵੀ ਰਹੇ ਹਨ, ਉਨ੍ਹਾਂ ’ਚ ਜ਼ਿਆਦਾਤਰ ਹਲਕੇ ਕਿਸਮ ਦੇ ਹਨ ਜਿਹੜੇ ਘਰ ’ਚ ਹੀ ਠੀਕ ਹੋ ਰਹੇ ਹਨ। ਬਹੁਤ ਘੱਟ ਲੋਕਾਂ ਨੂੰ ਹਸਪਤਾਲ ’ਚ ਦਾਖ਼ਲ ਕਰਾਉਣ ਅਤੇ ਆਕਸੀਜਨ ਸਪੋਰਟ ਦੀ ਲੋੜ ਪੈ ਰਹੀ ਹੈ। ਇਸ ਕਾਰਨ ਸਿਰਫ਼ ਇਨਫੈਕਸ਼ਨ ਦਰ ਵਧਣ ਕਾਰਨ ਘਬਰਾਹਟ ’ਚ ਕੋਈ ਫ਼ੈਸਲਾ ਲੈਣਾ ਸਹੀ ਨਹੀਂ ਹੋਵੇਗਾ। ਉਨ੍ਹਾਂ ਮੁਤਾਬਕ ਸਥਿਤੀ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਤੇ ਇਸੇ ਕਾਰਨ ਬਦਲਦੇ ਹਾਲਾਤ ਮੁਤਾਬਕ ਇਸ ਵਾਰ ਟੈਸਟਿੰਗ ’ਤੇ ਜ਼ੋਰ ਨਹੀਂ ਦਿੱਤਾ ਜਾ ਰਿਹਾ।

Related posts

ਭਾਰਤੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਰਿਕਾਰਡ ਤੋੜ ਸੇਲ ਹੋਈ !

admin

ਭਾਰਤੀ ਕਿਸਾਨ ਸੋਲਰ ਪੈਨਲ ਨਾਲ ਰੋਜ਼ਾਨਾ 25,000 ਯੂਨਿਟ ਬਿਜਲੀ ਪੈਦਾ ਕਰ ਰਿਹਾ !

admin

HAPPY DIWALI 2025 !

admin