
ਮਨੁੱਖੀ ਜਿੰਦਗੀ ਦੇ ਦੋ ਪੱਖ ਹਨ।ਸਕਾਰਤਮਕ ਤੇ ਨਕਾਰਾਤਮਕ।ਹਰ ਇੱਕ ਮਨੁੱਖ ਵਿੱਚ ਚੰਗੇ ਮਾੜੇ ਗੁਣ ਜ਼ਰੂਰ ਹੁੰਦੇ ਹਨ।ਕੋਈ ਵੀ ਮਨੁੱਖ ਗੁਣਾਂ ਨਾਲ ਭਰਪੂਰ ਨਹੀਂ ਹੁੰਦਾ।ਦੋਸਤੋਂ ਕਈ ਵਾਰ ਮਨੁੱਖ ਮੁਸੀਬਤ ਸਮੇਂ ਜਲਦੀ ਹੀ ਹੌਸਲਾ ਛੱਡ ਦਿੰਦਾ ਹੈ।ਜਾ ਕਈ ਵਾਰ ਉਹ ਆਪਣੀਆਂ ਕਮੀਆਂ ਨੂੰ ਲੈਕੇ ਹੀ ਖ਼ੁਦ ਨੂੰ ਕੋਸਣ ਲੱਗ ਜਾਂਦਾ ਹੈ।ਜਦਕਿ ਆਪਣੇ ਸਕਾਰਤਮਕ ਰਵੱਈਆ ਤੇ ਆਪਣੇ ਗੁਣਾਂ ਵੱਲ ਧਿਆਨ ਹੀ ਨਹੀਂ ਦਿੰਦਾ।ਜਿਸ ਕਾਰਨ ਉਹ ਆਪਣੇ ਅੰਦਰ ਛੁਪੀ ਯੋਗਤਾ ਨੂੰ ਦੁਨੀਆਂ ਸਾਹਮਣੇ ਨਹੀਂ ਰੱਖ ਪਾਉਂਦਾ ।ਆਪਣੇ ਆਪ ਦੀ ਸਵੈ ਪੜਚੋਲ ਮਤਲਬ ਆਪਣੇ ਆਪ ਦਾ ਸਵੈ ਮੁਲਾਂਕਣ ਇੱਕ ਅਜਿਹਾ ਸਾਧਨ ਹੈ ਜੋ ਕਿ ਸਾਡੇ ਅੰਦਰਲੇ ਸਕਾਰਤਮਕ ਰਵੱਈਆ ਨੂੰ ਬਾਹਰ ਉਜਾਗਰ ਕਰਨ ਵਿੱਚ ਮਦਦ ਕਰਦਾ ਹੈ।ਤੇ ਨਕਾਰਤਮਕ ਸੋਚ ਨੂੰ ਘਟਾਉਂਦਾ ਹੈ।ਆਪਣੇ ਅੰਦਰ ਆਪੇ ਦੀ ਪਹਿਚਾਣ ਇੱਕ ਅਜਿਹੀ ਕੋਸ਼ਿਸ਼ ਹੈ, ਜੋ ਮਨੁੱਖ ਦੇ ਅੰਦਰਲੇ ਆਪੇ ਭਾਵ ਆਤਮਾ ਨੂੰ ਹਲੂਣਾ ਦੇ ਕੇ ਅੰਦਰਲਾ ਆਪਾ ਰੌਸ਼ਨ ਕਰਕੇ ਹਨੇਰਾ ਦੂਰ ਕਰਦੀ ਹੈ।ਅਸਲ ਵਿੱਚ ਇਹ ਇੱਕ ਅਜਿਹੀ ਪੌੜੀ ਹੈ ਜੋ ਮਨੁੱਖ ਨੂੰ ਮੰਜਿਲ ਤੱਕ ਪਹੁੰਚਾਉਣ ਦਾ ਯਤਨ ਕਰਦੀ ਹੈ।ਹਰ ਇੱਕ ਮਨੁੱਖ ਨੂੰ ਰੱਬ ਵੱਲੋਂ ਭਾਵ ਕੁਦਰਤ ਵੱਲੋਂ ਬਹੁਤ ਕੁੱਝ ਪ੍ਰਦਾਨ ਕੀਤਾ ਹੁੰਦਾ ਹੈ।ਬੱਸ ਮਨੁੱਖ ਨੂੰ ਉਸਦੀ ਪਹਿਚਾਣ ਨਹੀਂ ਹੁੰਦੀ।ਕਦਰ ਨਹੀ ਹੁੰਦੀ ।ਇਹ ਤਾ ਹੀ ਸੰਭਵ ਹੋ ਸਕਦਾ ਹੈ ਜੇਕਰ ਮਨੁੱਖ ਆਪਣੇ ਲਈ ਸਮਾਂ ਕੱਢੇ ਤੇ ਆਪਣੇ ਆਪ ਦੀ ਸਵੈ ਪੜਚੋਲ ਕਰੇ।ਆਪਣੇ ਅੰਦਰ ਛੁਪੇ ਗੁਣਾ (ਹੁਨਰ ) ਨੂੰ ਬਾਹਰ ਲੈਕੇ ਆਵੇ ।ਤੇ ਮਾੜੇ ਨਕਾਰਤਮਕ ਰਵੱਈਏ ਦਾ ਤਿਆਗ ਕਰੇ।ਮਨੁੱਖ ਨੂੰ ਆਪਣੇ ਆਪ ਲਈ ਸਮਾਂ ਦੇਣਾ ਚਾਹੀਦਾ ਹੈ ।ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਉਹ ਕੀ ਹੈ ,ਕੀ ਕਿਸ ਤਰ੍ਹਾਂ ਦੇ ਕੰਮ ਕਰ ਰਿਹਾ ਹੈ ।ਕੀ ਉਸਦੇ ਅੱਗੇ ਵਧਣ ਨਾਲ ਕਿਸੇ ਨੂੰ ਕੋਈ ਪਰੇਸ਼ਾਨੀ ਤਾ ਨਹੀਂ ਜਾ ਫਿਰ ਉਹ ਆਪਣੀ ਮੰਜਿਲ ਪਾਉਣ ਲਈ ਕਿਸੇ ਨੂੰ ਦੁਖੀ ਤਾਂ ਨਹੀਂ ਕਰ ਰਿਹਾ।ਉਹ ਰੋਜ਼ਾਨਾ ਦੇ ਜੀਵਨ ਵਿੱਚ ਕਿੰਨਾ ਕੁ ਸਮਾਂ ਫ਼ਜ਼ੂਲ ਗਵਾ ਰਿਹਾ ਹੈ।ਕੀ ਉਸਦਾ ਕੋਈ ਉਦੇਸ਼ ਨਿਸਚਿਤ ਹੈ ਜਾਂ ਬਿਨਾ ਨਿਸ਼ਾਨੇ ਦੇ ਹੀ ਭੱਜ ਦੌੜ ਵਿੱਚ ਲੱਗਿਆ ਹੋਇਆ ਹੈ।ਅੱਜ ਉਹ ਕਿੰਨਾਂ- ਕਿੰਨਾਂ ਦੇ ਨਾਲ ਵਿਚਰਿਆ ਹੈ।ਉਹਨਾਂ ਤੋਂ ਕੀ-ਕੀ ਹਾਸਿਲ ਕੀਤਾ ਹੈ।ਕੋਈ ਚੰਗਾ ਕੰਮ ਕੀਤਾ ਜਾਂ ਕਿਸੇ ਦਾ ਦਿਲ ਦੁਖਾਇਆ ਹੈ।ਆਪਣੇ ਸਮੇਂ ਦਾ ਸਹੀ ਉਪਯੋਗ ਕੀਤਾ ਹੈ ਜਾ ਨਹੀਂ ।ਜੇਕਰ ਮਨੁੱਖ ਇਸ ਤਰ੍ਹਾਂ ਦੇ ਸਵਾਲ ਆਪਣੇ ਆਪ ਨੂੰ ਕਰੇ ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਉਸਦਾ ਜੀਵਨ ਸਾਰਥਕ ਉਦੇਸ਼ ਨੂੰ ਪੂਰਾ ਕਰ ਲਵੇਗਾ ।ਜਦੋਂ ਮਨੁੱਖ ਸਵੈ ਮੁਲਾਂਕਣ ਕਰਕੇ ਆਪਣੇ ਅੰਦਰਲੇ ਹੁਨਰਾਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਬਾਹਰ ਉਜਾਗਰ ਕਰਦਾ ਹੈ ਵਿਕਸਿਤ ਕਰਦਾ ਹੈ ਤਾਂ ਉਹ ਆਪਣੇ ਉਦੇਸ਼ ਦੀ ਪ੍ਰਾਪਤੀ ਵੱਲ ਕਦਮ ਵਧਾਉਣਾ ਸ਼ੁਰੂ ਕਰ ਦਿੰਦਾ ਹੈ ਉਸਨੂੰ ਪਹਿਚਾਣ ਹੋ ਜਾਂਦੀ ਹੈ ਕਿ ਅਸਲ ਵਿੱਚ ਉਸਦਾ ਮਨੋਰਥ ਕੀ ਹੈ ਉਸਦੀ ਮੰਜਿਲ ਕੀ ਹੈ।ਉਹ ਸਭ ਕੁੱਝ ਜਾਣ ਲੈਂਦਾ ਹੈ ਜੋ ਕੁੱਝ ਉਸਨੇ ਕਰਨਾ ਹੈ ਜੋ ਕੁੱਝ ਉਹ ਬਣਨਾ ਚਾਹੁੰਦਾ ਹੈ।ਸੋ ਅੰਤ ਵਿੱਚ ਇਹੋ ਕਹਾਂਗੀ ਕਿ ਆਓ ਸਾਰੇ ਆਪਣੇ ਆਪ ਦੀ ਸਵੈ ਪੜਚੋਲ ਕਰੀਏ ਤੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਈਏ ।