“ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ” ਦਾ ਸ਼ਬਦ ਕੰਨੀ ਪੈਂਦਾ ਹੈ ਤਾਂ ਹਰ ਪੰਜਾਬੀ ਦਾ ਜਿੰਮੇਵਾਰੀ ਨਾਲ ਸਿਰ ਉੱਚਾ ਹੋਣ ਲੱਗਦਾ ਹੈ। ਇਸ ਜ਼ਰੀਏ ਪੰਜਾਬ ਨੂੰ ਦਰਪੇਸ਼ ਬਹੁਤੀਆਂ ਅਲਾਮਤਾਂ ਅਤੇ ਵੰਗਾਰਾਂ ਉੱਤੇ ਪੰਜਾਬੀਆਂ ਨੇ ਜਿੱਤ ਹਾਸਿਲ ਕੀਤੀ। ਪੰਜਾਬ ਵਿੱਚ ਨਸ਼ਾ ਇੱਕ ਘੁੰਮਣਘੇਰੀ ਬਣੀ ਹੋਈ ਹੈ। ਇਸ ਨੇ ਪੰਜਾਬ ਦੇ ਸਵੈ-ਮਾਣ ਅਤੇ ਨੈਤਿਕ ਨਾਬਰੀ ਦੇ ਸੁਭਾਅ ਨੂੰ ਬੁਰੀ ਤਰ੍ਹਾ ਨਾਲ ਝੰਜੋੜਿਆ ਹੈ। ਇੱਕ ਦੂਜੇ ‘ਤੇ ਦੋਸ਼ ਮੜਨ ਦੀ ਪ੍ਰਕਿਰਿਆ ਨਾਲ ਨਾਟਕ ਦੇ ਪਾਤਰ ਵਾਂਗ ਮਨ ਨੂੰ ਤਸੱਲੀ ਦੇ ਕੇ ਬੁੱਤਾ ਸਾਲ ਲਿਆ ਜਾਂਦਾ ਹੈ। ਸਭ ਤੋਂ ਅਚੰਭਾ ਇਸ ਗੱਲ ਦਾ ਹੈ ਕਿ ਪੰਜਾਬ ਨੇ ਇਸ ਨਸ਼ੇ ਤੇ ਆਪਣੇ ਸੁਭਾਅ ਅਨੁਸਾਰ ਕੋਈ ਮੱਲ ਮਾਰਨ ਦੀ ਸ਼ੁਰੂਆਤ ਨਹੀਂ ਕੀਤੀ। ਇਸ ਵਿਸ਼ੇ ‘ਤੇ ਪੰਜਾਬੀ ਚਿੰਤਕ, ਬੁੱਧੀਜੀਵੀ ਅਤੇ ਮਾਹਰ ਵੀ ਲਹਿਰ ਨਹੀਂ ਅਰੰਭ ਸਕੇ। ਇਹ ਮਸਲਾ ਇਹਨਾਂ ਦਾਨਸ਼ਵੰਦਾਂ ਦੀ ਕਚਹਿਰੀ ਵਿੱਚ ਲੰਬਿਤ ਪਿਆ ਹੈ।
ਸਰਕਾਰ ਦੇ ਉਪਰਾਲੇ ਜਾਰੀ ਹਨ ਪਰ ਇਹ ਉਪਰਾਲੇ ਲੋਕਾਂ ਦੇ ਸਹਿਯੋਗ ਦੀ ਪੁਰਜੋਰ ਮੰਗ ਕਰਦੇ ਹਨ। ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸਰਕਾਰੀ ਇੱਛਾ ਅਧੂਰੀ ਰਹਿੰਦੀ ਹੈ। ਨਸ਼ਿਆਂ ਖਿਲਾਫ ਸਰਕਾਰੀ ਸਿਕੰਜੇ ਦੇ ਰੂਝਾਨ ਜਾਰੀ ਹਨ। ਪਿਛਲੇ ਸਮਿਆਂ ਵਿੱਚ ਜਿਵੇਂ ਮਿਲੀਭੁਗਤ ਦੀਆਂ ਖਬਰਾਂ ਸਨ ਹੁਣ ਵੀ ਯਕੀਨ ਕਰਨਾ ਔਖਾ ਹੁੰਦਾ ਹੈ। ਰਾਜਨੀਤਿਕ ਗਲਿਆਰਿਆਂ ਦੀ ਸ਼ਮੂਲੀਅਤ ਨੇ ਤਾਂ ਉੱਪਰ ਥੱਲੇ ਕਰ ਦਿੱਤਾ ਸੀ। ਅਖਬਾਰੀ ਸੁਰਖੀਆਂ ਨੇ ਹਜ਼ਰਤ ਦਾਗ਼ ਦਾ ਸੇਅਰ ਯਾਦ ਕਰਵਾ ਦਿੱਤਾ ਸੀ:
“ਵਹੀ ਕਾਤਿਲ਼, ਵਹੀ ਮੁਖਬਿਰ, ਵਹੀ ਮੁਨਸਿਫ਼ ਠਹਿਰੇ,
ਅਕਿ੍ਬਾ ਮੇਰੇ ਕਰੇ ਖੂਨ ਕਾ ਦਾਅਵਾ ਕਿਸ ਪਰ ”
ਨਸ਼ੇ ਦੀ ਲਪੇਟ ਚ ਆਏ ਪੰਜਾਬ ਬਾਰੇ ਇੱਕ ਵਾਰ ਸ੍ਰੀ ਰਾਹੁਲ ਗਾਂਧੀ ਨੇ ਵੀ ਚੋਟ ਕੀਤੀ ਸੀ। ਇਸ ਦਾ ਪੰਜਾਬੀਆਂ ਨੇ ਬੁਰਾ ਮਨਾਇਆ ਸੀ ਪਰ ਹਕੀਕਤ ਦਿਨ ਪਰ ਦਿਨ ਸਾਹਮਣੇ ਆਉਣ ਲੱਗੀ। ਇਕ ਸਮੇਂ ਤਾਂ ਇਹ ਮੁੱਦਾ ਇੰਨਾ ਭਾਰੂ ਸੀ ਕਿ ਇਸ ਨੂੰ ਨਿਤ ਸੁਣਨ ਨਾਲੋਂ ਸਹਿਣ ਹੀ ਕਰਨ ਲੱਗ ਪਏ ਸੀ। ਕੋਈ ਇਸ ਮੁੱਦੇ ਨੂੰ ਖਾਹਮ ਖਾਹ ਕੋਈ ਇਸ ਨੂੰ ਦਰੁਸਤ ਕਹੀ ਗਿਆ। ਪਰ ਸੁਰਜੀਤ ਪਾਤਰ ਦੀ ਲਿਖਤ ਇਸ ਮੁੱਦੇ ‘ਤੇ ਉਹਨਾਂ ਲਈ ਕਾਫੀ ਹੈ ਜੋ ਨਸ਼ੇ ਨੂੰ ਮਜ਼ਾਕ ਦਾ ਪਾਤਰ ਬਣਾ ਰਹੇ ਹਨ:
“ਲੱਗੀ ਜੇ ਤੇਰੇ ਕਲੇਜੇ ਛੁਰੀ ਹੈ ਨੀ,
ਇਹ ਨਾ ਸਮਝੀ, ਕਿ ਸ਼ਹਿਰ ਦੀ ਹਾਲਤ ਬੁਰੀ ਹੈ ਨੀ”
ਲੋਕ ਗਾਇਕਾਂ ਰਣਜੀਤ ਬਾਵੇ ਅਤੇ ਗੁਰਦਾਸ ਮਾਨ ਵਗੈਰਾ ਨੇ ਸੱਚ ਬੋਲਣ ਦੀ ਜੁਰੱਅਤ ਦਿਖਾਈ ਸੀ ਜੋ ਪਚੀ ਨਹੀਂ ਸੀ। ਦੂਜੇ ਪਾਸੇ ਕੁਝ ਕਲਾਕਾਰਾਂ ਨੇ ਨਸ਼ਾ ਪਰਮੋਟ ਕੀਤਾ ਇਹ ਵੀ ਗਦਾਰੀ ਹੈ। ਅਤੀ ਦੇ ਸਿਖਰ ਨੂੰ ਟੁੰਬਣ ਤੋਂ ਬਾਅਦ ਸਰਕਾਰਾਂ ਨੇ ਉਪਰਾਲੇ ਕੀਤੇ ਪਰ ਦਹਾਕੇ ਬੀਤਣ ਕਰਕੇ ਮਰਜ਼ ਬੜਤੀ ਗਈ। ਸਾਰੇ ਵਰਤਾਰੇ ਵਿੱਚੋਂ ਕੁੱਝ ਅਵਾਜਾਂ ਅਫੀਮ ਦੀ ਖੇਤੀ ਨੂੰ ਮਾਨਤਾ ਦੇਣ ਦੀਆਂ ਵੀ ਆਈਆਂ। ਇਸ ਨੂੰ ਸਿੰਥੈਟਿਕ ਨਸ਼ੇ ਦਾ ਬਦਲ ਵੀ ਸਮਝਿਆ ਜਾਂਦਾ ਹੈ। ਕੈਮਿਸਟ ਅਤੇ ਝੋਲਾ ਛਾਪ ਡਾਕਟਰ ਵੀ ਆੜ ਹੇਠ ਡਰੱਗਜ਼ ਵਰਤਾਉਂਦੇ ਰਹਿੰਦੇ ਹਨ। ਨਸ਼ੇ ਨੇ ਪੰਜਾਬ ਦੀ ਪ੍ਰਜਨਣ ਦਰ 1.6 ਨੂੰ ਹੋਰ ਝੰਜੋੜ ਕੇ 5 ਤੋਂ 20 ਤੱਕ ਜੋੜੇ ਬੇਔਲਾਦ ਅਤੇ 20-30 ਔਰਤਾਂ ਨੂੰ ਗਰਭ ਗਿਰਨ ਦੀ ਕਰੋਪੀ ਦਿੱਤੀ। 30 ਤੋ 35% ਜਨ ਸੰਖਿਆ ਇਸ ਕਰਕੇ ਹੋਰ ਬਿਮਾਰੀਆ ਸਹੇੜ ਰਹੀ ਹੈ। ਬਲਵਾਨ ਪੰਜਾਬੀ ਹੁੰਦੇ ਹੋਏ ਜੰਮਦੇ ਹੀ ਕਮਜੋਰ ਹਨ। ਅਗੇਤਾ ਬੁਢਾਪਾ ਜ਼ਮਾਂਦਰੂ ਬਿਮਾਰੀਆਂ ਵੀ ਇਸੇ ਕਰਕੇ ਹੀ ਹਨ। ਸਭ ਤੋਂ ਚਿੰਤਾਜਨਕ ਇਹ ਹੈ ਕਿ ਨਸ਼ੇ ਨੇ ਮਰਦ ਦੀ ਮਰਦਾਨਗੀ ਅਤੇ ਔਰਤ ਦੀ ਜਣਨ ਪੑਕਿਰਿਆ ਨੂੰ ਖਾਹ ਲਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਰਾਏ ਵੀਰਜ਼ ਅਤੇ ਕੁੱਖ ਬਾਰੇ ਚਿੰਤਾ ਜ਼ਾਹਿਰ ਕਰ ਚੁੱਕੇ ਹਨ।
ਪੰਜਾਬ ਵਿੱਚ ਨਸ਼ੇ ਨਾਲ ਮੌਤ ਦਰ 20 ਫੀਸਦੀ ਹੈ। 2. 62 ਲੱਖ ਨਸ਼ੇ ਦੇ ਆਦੀ ਹਨ। ਸਰਕਾਰ ਨੇ 528 ਕੇਂਦਰ ਨਸ਼ੇ ਦੀ ਦਵਾ ਲਈ ਬਣਾਏ ਹਨ। 2022 ‘ਚ 144 ਮੌਤਾਂ ਓਵਰਡੋਜ਼ ਨਾਲ ਹੋਈਆਂ। ਇਹ ਸਿਰਫ ਸਰਕਾਰੀ ਅੰਕੜੇ ਹਨ। ਸਰਕਾਰ ਦੀ ਸੁਹਿਰਦ ਪਹੁੰਚ ਨਾਲ ਦਸੰਬਰ 2023 ਤੱਕ ਨਸ਼ੇ ਦੇ 26619 ਮਾਮਲੇ ਦਰਜ ਕੀਤੇ। ਹੈਰਾਨੀ ਵੱਧ ਜਾਂਦੀ ਹੈ ਕਿ ਬੱਚੇ ਵੀ ਨਸ਼ੇ ਦੇ ਆਦੀ ਹਨ। 2015 ਵਿੱਚ ਮਾਨਯੋਗ ਹਾਈਕੋਰਟ ਨੇ ਸਿੰਥੈਟਿਕ ਨਸ਼ੇ ਦੇ ਵਪਾਰ ਦੇ ਕੇਸਾਂ ਲਈ ਪੜਤਾਲ ਹਿੱਤ ਟੀਮ ਬਣਵਾਈ ਜਿਸ ਦਾ ਨਤੀਜਾ ਭੋਲੇ ਤੱਕ ਤੋਂ ਦੂਰ ਅੱਗੇ ਤੱਕ ਗਿਆ। 2016 ਪੰਜਾਬ ਦਾ ਆਗੂ ਰਾਜਸਥਾਨ ‘ਚ ਫੜਿਆ ਗਿਆ। ਸਰਕਾਰ ਨੇ 2018 ਦਾ ਸਾਲ ਨਸ਼ੇ ਦੇ ਵਿਰੁੱਧ ਮਨਾਇਆ। ਪਿੱਛੇ ਜਿਹੇ ਮੁੱਖ ਮੰਤਰੀ ਜੀ ਦੇ ਆਦੇਸ਼ ‘ਤੇ ਦੋ ਨਸ਼ਾ ਤਸ਼ਕਰਾਂ ਦੀ 1 ਕਰੋੜ 71ਲੱਖ 10 ਹਜਾਰ 300 ਸੌ ਰੁਪਏ ਦੀ ਜਾਇਦਾਦ ਤਰਨਤਾਰਨ ‘ਚ ਜ਼ਬਤ ਕੀਤੀ। ਇੱਥੇ 144 ਕੇਸ ਵੀ ਹੋਏ। ਅੰਕੜਾ ਹੈ ਕਿ ਹੁਣ ਤੱਕ 1 ਅਰਬ 44 ਕਰੋੜ ਦੀ ਜਾਇਦਾਦ ਜ਼ਬਤ ਹੋ ਚੁੱਕੀ ਹੈ। ਸਰਕਾਰ ਦਾ ਰਾਸ਼ਟਰੀ ਟੋਲ ਫਰੀ ਨੰਬਰ 1800 11 0031 ਨਸ਼ੇ ਛੱਡਣ ਅਤੇ ਛੁੱਡਵਾਉਣ ਵਾਲਿਆਂ ਲਈ ਹੈ ਅਤੇ ਇਸ ਦੀ ਮਦਦ ਲਈ ਜਾ ਸਕਦੀ ਹੈ।
ਮੌਜੂਦਾ ਸਰਕਾਰ ਦੌਰਾਨ 242 ਮੌਤਾਂ ਓਵਰਡੋਜ਼ ਨਾਲ ਹੋਈਆਂ। 2022 ਵਿੱਚ 168 ਅਤੇ 2023 ਵਿੱਚ 66 ਮੌਤਾਂ ਓਵਰਡੋਜ਼ ਨਾਲ ਹੋਈਆਂ। 23483 ਮਾਮਲੇ ਦਰਜ ਹੋਏ। ਇਹ ਮਾਮਲੇ ਸਰਕਾਰ ਦੀ ਨਸ਼ੇ ਵਿਰੁੱਧ ਸੁਹਿਰਦਤਾ ਅਤੇ ਇੱਛਾ ਸ਼ਕਤੀ ਨੂੰ ਦੱਸਦੇ ਹਨ। ਨਸ਼ੇ ਬਾਰੇ ਬਹੁਤ ਪੜ੍ਹਿਆ, ਲਿਖਿਆ, ਸੁਣਿਆ ਅਤੇ ਪ੍ਰਚਾਰਿਆ ਜਾ ਚੁੱਕਾ ਹੈ। ਹੁਣ ਵੇਲਾ ਹੈ:
“ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ,
ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੇ ਵਾਰੋ
ਸਾਡੀ ਪਵਿੱਤਰ ਗੁਰਬਾਣੀ ਦਾ ਸੰਦੇਸ਼ ਵੀ ਹੈ:
“ਜਿਤੁ ਪੀਤੈ ਮਤਿ ਦੂਰ ਹੋਇ, ਬਰਲੁ ਪਾਵੈ ਵਿਚਿ ਆਏ
ਅਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ”
ਇਸ ਤੋਂ ਇਲਾਵਾ ਸੁਰਜੀਤ ਪਾਤਰ ਦੇ ਇਸ ਪੰਜਾਬ ਤੋਂ ਵੀ ਸਬਕ ਲੈਣ ਦੀ ਲੋੜ ਹੈ:
“ਪੰਜਾਬ ਕੋਈ ਨਿਰਾ ਜੁਗਰਾਫੀਆ ਨਹੀਂ ਹੈ,
ਇਹ ਇੱਕ ਗੀਤ, ਰੀਤ ਅਤੇ ਇਤਿਹਾਸ ਵੀ ਹੈ,
ਗੁਰੂਆਂ, ਰਿਸ਼ੀਆਂ ਅਤੇ ਸੂਫੀਆਂ ਸਿਰਜਿਆ ਹੈ,
ਇਹ ਇੱਕ ਫ਼ਲਸਫਾ, ਸੋਚ ਅਤੇ ਇਤਿਹਾਸ ਵੀ ਹੈ,
ਕਿੰਨੇ ਝੱਖੜ ਤੂਫਾਨਾਂ ਵਿੱਚੋਂ ਲੰਘਿਆ ਹੈ,
ਇਹਦਾ ਮੁੱਖੜਾ ਕੁੱਝ ਕੁੱਝ ਉਦਾਸ ਵੀ ਹੈ”
ਆਓ ਸਾਰੀਆਂ ਚਿੰਤਾਵਾਂ, ਬੁਰਾਈਆਂ ਅਤੇ ਕਿਆਸ ਅਰਾਈਆਂ ਦਾ ਅੰਤ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਉੱਦਮ, ਉਪਰਾਲੇ ਅਤੇ ਉਪਚਾਰਾਂ ਦੀ ਲੋਕ ਲਹਿਰ ਅਰੰਭੀਏ। ਸਰਕਾਰੀ ਉਦਮਾਂ ਵਿੱਚ ਸ਼ਰੀਕ ਬਣੀਏ। ਦੁੱਧ, ਘਿਓ, ਖੇਡਾਂ, ਕਬੱਡੀਆਂ ਅਤੇ ਭੰਗੜੇ-ਗਿੱਧੇ ਵੱਲ ਚਲੀਏ। ਇਸ ਨਸ਼ੇ ਦੇ ਕੋਹੜ ਨੂੰ ਪਰੇ ਸੁੱਟ ਕੇ ਪੋ੍ਫੈਸਰ ਮੋਹਨ ਸਿੰਘ ਵਾਲਾ ਪੰਜਾਬ ਮੁੜ ਬਣਾਈਏ:
“ਪਤਝੜ ਤੋਂ ਬਚਾਈਏ ਧਰਤੀ ਪੰਜਾਬ ਦੀ,
ਖੇੜੇ ਵਿੱਚ ਲਿਆਈਏ ਫੁੱਲ ਗੁਲਾਬ ਦੀ” ।