ਅਹਿਮਦਾਬਾਦ – ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਾਰਦਿਕ ਪਟੇਲ ਨੇ ਆਪਣੀ ਹੀ ਪਾਰਟੀ ਦੀ ਰੀਤੀ ਨੀਤੀ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਕਾਂਗਰਸ ਪਾਟੀਦਾਰਾਂ ਦਾ ਅਪਮਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਟੀਦਾਰ ਆਗੂ ਨਰੇਸ਼ ਪਟੇਲ ਨੂੰ ਲੈ ਕੇ ਕਾਂਗਰਸ ਛੇਤੀ ਫ਼ੈਸਲਾ ਕਰੇ। ਕਾਂਗਰਸ ਦੇ ਦੋ ਪਾਟੀਦਾਰ ਵਿਧਾਇਕਾਂ ਨੇ ਹਾਰਦਿਕ ਦੇ ਬਿਆਨ ਤੋਂ ਅਸਹਿਮਤੀ ਪ੍ਰਗਟਾਈ ਹੈ।
ਰਾਖਵਾਂਕਰਨ ਅੰਦੋਲਨ ਦੇ ਇਕ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ ਸਜ਼ਾ ‘ਤੇ ਰੋਕ ਲਾਉਣ ਦੇ ਨਾਲ ਹੀ ਹਾਰਦਿਕ ਪਟੇਲ ਦਾ ਆਉਂਦੀ ਵਿਧਾਨ ਸਭਾ ਚੋਣ ਲੜਨਾ ਤੈਅ ਹੈ। ਹਾਰਦਿਕ ਨੇ ਬੁੱਧਵਾਰ ਨੂੰ ਕਿਹਾ ਕਿ ਕਾਂਗਰਸ ‘ਚ ਫ਼ੈਸਲਾ ਲੈਣ ਦੀ ਸ਼ਕਤੀ ਦੀ ਘਾਟ ਹੈ। ਕੇਂਦਰ ਤੇ ਸੂਬੇ ‘ਚ ਆਗੂ ਜ਼ਿਆਦਾ ਹੋਣ ਕਾਰਨ ਫ਼ੈਸਲਾ ਹੀ ਨਹੀਂ ਹੋ ਪਾਉਂਦਾ। 2017 ਦੀ ਚੋਣ ‘ਚ ਪਾਟੀਦਾਰ ਅੰਦੋਲਨ ਦਾ ਕਾਂਗਰਸ ਨੂੰ ਫ਼ਾਇਦਾ ਹੋਇਆ, ਪਰ 16 ਵਿਧਾਇਕ ਪਾਰਟੀ ਛੱਡ ਕੇ ਚਲੇ ਗਏ। ਕਾਂਗਰਸ ਉਨ੍ਹਾਂ ਨੂੰ ਵਿਕਾਊ ਦੱਸ ਕੇ ਆਪਣਾ ਪੱਲਾ ਨਹੀਂ ਨਹੀਂ ਝਾੜ ਸਕਦੀ। ਹਾਰਦਿਕ ਨੇ ਕਿਹਾ ਕਿ 2019 ਤੇ 2021 ‘ਚ ਪਾਟੀਦਾਰਾਂ ਦੀ ਅਣਦੇਖੀ ਕਾਰਨ ਪਾਰਟੀ ਦੀ ਕਰਾਰੀ ਹਾਰ ਹੋਈ ਸੀ।