ਚੰਡੀਗੜ – ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਏ ਜਾਣ ਵਿਰੁੱਧ ਆਪਣਾ ਸਖ਼ਤ ਸਟੈਂਡ ਜਾਰੀ ਰੱਖਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਭਾਰਤ ਜੋੜੋ ਨਿਆਂ ਯਾਤਰਾ ਵੀ ਅੱਜ ਦੀ ਸੂਬਾ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸਿ਼ਪ ਵਾਂਗ ਖੋਖਲੀ ਹੈ।
ਜਾਖੜ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ੋੋਜਿਹੜੇ ਲੋਕ ਦੇਸ਼ ਲਈ ਨਿਆਏ ਲਈ ਲੜਨ ਦੀ ਗੱਲ ਕਰ ਰਹੇ ਹਨ, ਉਹ ਮੂਕ ਦਰਸ਼ਕ ਹਨ ਅਤੇ ਆਪਣੇ ਹੀ ਵਿਧਾਇਕ ਨਾਲ ਬੇਇਨਸਾਫੀ ਕਰਨ ਵਾਲਿਆਂ ਨਾਲ ਮਿਲੀਭੁਗਤ ਹੈ।
ਸੂਬਾ ਭਾਜਪਾ ਪ੍ਰਧਾਨ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਸੱਦੇ ’ਤੇ ਲੋਹੜੀ ਦੇ ਵਿਸ਼ੇਸ਼ ਸਮਾਗਮ ਦਾ ਹਿੱਸਾ ਬਣਨ ਲਈ ਸ਼ਹਿਰ ਵਿੱਚ ਆਏ ਹੋਏ ਸਨ। ਜਾਖੜ ਨੇ ਕਿਹਾ ਕਿ ਜੇਕਰ ਕਾਂਗਰਸ ਦੀ ਸਟੇਟ ਲੀਡਰਸਿ਼ਪ ਵਿੱਚ ਅਜੇ ਵੀ ਸਵੈ—ਮਾਣ ਦਾ ਕੋਈ ਕਿਣਕਾ ਬਾਕੀ ਹੈ, ਤਾਂ ਉਨ੍ਹਾਂ ਨੂੰ ਪਹਿਲਾਂ ਕੇਜਰੀਵਾਲ ਅਤੇ ਭਗਵੰਤ ਮਾਨ ਤੋਂ ਖਹਿਰਾ ਨੂੰ ਸਲਾਖਾਂ ਪਿੱਛੇ ਰੱਖਣ ਲਈ ਇੱਕ ਬੇਤੁਕੇ ਜਾਅਲੀ ਅਤੇ ਮਨਘੜਤ ਕੇਸ ਦਾ ਜਵਾਬ ਮੰਗਣਾ ਚਾਹੀਦਾ ਹੈ।
ਜਾਖੜ ਨੇ ਕਿਹਾ ਕਿ ਪੰਜਾਬ ਕਾਂਗਰਸ ਲੀਡਰਸਿ਼ਪ ਪੁਲਿਸ ਦੀ ਕਾਰਵਾਈ ਤੋਂ ਆਪਣੇ ਆਪ ਨੂੰ ਬਚਾਉਣ ਅਤੇ ਆਪਣੇ ਮਾੜੇ ਕੰਮਾਂ ਨੂੰ ਛੁਪਾਉਣ ਲਈ ਆਪ ਲੀਡਰਸਿ਼ਪ ਨਾਲ ਸਾਂਝ ਪਾ ਰਹੀ ਹੈ, ਜਾਖੜ ਨੇ ਕਿਹਾ ਕਿ ਸੁਖਪਾਲ ਖਹਿਰਾ ਵੱਲੋਂ ਆਪ ਸਰਕਾਰ ਤੇ ਦੀ ਤਰਕ ਅਤੇ ਦਲੇਰੀ ਨਾਲ ਸਵਾਲ ਚੁੱਕੇ ਜਾ ਰਹੇ ਸਨ ਜਿਸ ਨੂੰ ਦਬਾਉਣ ਦਾ ਇੱਕੋ ਇੱਕ ਇਰਾਦਾ ਸੂਬਾ ਸਰਕਾਰ ਨੇ ਧਾਰਿਆ ਹੋਇਆ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ, ਅੱਜ ਸਵਾਲ ਇਹ ਹੈ ਕਿ ਸੂਬੇ ਨੂੰ ਆਪ ਦੀ ਸਰਕਾਰ ਵੱਲੋਂ ਚਲਾਈ ਤਬਾਹੀ ਦੇ ਇਸ ਰਾਹ ਤੇ ਜਾਣ ਤੋਂ ਬਚਾਇਆ ਕਿਵੇਂ ਜਾਵੇ।
ਜਾਖੜ ਨੇ ਕਿਹਾ ਕਿ ਕਿਸੇ ਪਾਰਟੀ ਵਿਸ਼ੇਸ਼ ਬਾਰੇ ਸੋਚਣ ਦੀ ਕੋਈ ਤੁਕ ਨਹੀਂ, ਜੇਕਰ ਪੰਜਾਬ ਬਚ ਗਿਆ ਤਾਂ ਸਾਰੀਆਂ ਪਾਰਟੀਆਂ ਬਚ ਜਾਣਗੀਆਂ। ਸੂਬੇ ਦੇ ਭਵਿੱਖ ਤੋਂ ਬਿਨਾਂ ਕਿਸੇ ਪਾਰਟੀ ਦਾ ਭਵਿੱਖ ਨਹੀਂ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਪੰਜਾਬ ਦੇ ਭਵਿੱਖ ਦੀ ਗੱਲ ਕਰਦੀ ਹੈ ਅਤੇ ਪਾਰਟੀ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਇਸ ਫਰਜ਼ ਨੂੰ ਮਿਸ਼ਨ ਮੋਡ ਤੇ ਨਿਭਾਏਗੀ। ਸੂਬੇ ਦੇ ਵਿਰੋਧੀ ਧਿਰਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਆਪ ਪਾਰਟੀ ਅੱਗੇ ਘੋਰ ਆਤਮ ਸਮਰਪਣ ਕਰ ਦਿੱਤਾ ਹੈ। ਜਾਖੜ ਨੇ ਦੋਸ਼ ਲਾਇਆ ਕਿ ਪੰਜਾਬ ਕਾਂਗਰਸ ਦੀ ਲੀਡਰਸਿ਼ਪ ਅਤੇ ਮੁੱਖ ਮੰਤਰੀ ਦਰਮਿਆਨ ਹਰ ਉਸ ਆਵਾਜ਼ ਨੂੰ ਦਬਾਉਣ ਦੀ ਸਾਜਿਸ਼ ਰਚੀ ਗਈ ਹੈ ਜੋ ਉਨ੍ਹਾਂ ਦੇ ਭ੍ਰਿਸ਼ਟਾਚਾਰ ਅਤੇ ਲੁੱਟ ਦਾ ਪਰਦਾਫਾਸ਼ ਕਰਦੀ ਹੋਵੇ।
