Articles India

‘ਆਪ੍ਰੇਸ਼ਨ ਹਨੀਮੂਨ’: ਰੌਂਗਟੇ ਖੜ੍ਹੇ ਕਰਨ ਵਾਲੀ ਹੈ ਰਾਜਾ ਰਘੂਵੰਸ਼ੀ ਕਤਲ ਕੇਸ ਦੀ ਪੂਰੀ ਕਹਾਣੀ !

ਇੰਦੌਰ ਦੇ ਰਹਿਣ ਵਾਲੇ ਰਾਜਾ ਰਘੂਵੰਸ਼ੀ ਅਤੇ ਸੋਨਮ ਦਾ ਵਿਆਹ 11 ਮਈ ਨੂੰ ਬਹੁਤ ਧੂਮਧਾਮ ਨਾਲ ਹੋਇਆ ਸੀ।

ਭਾਰਤ ਦੇ ਸੂਬੇ ਮੱਧ-ਪ੍ਰਦੇਸ਼ ਦੇ ਸਭ ਤੋਂ ਭੀੜ-ਭੜੱਕੇ ਵਾਲਾ ਇੰਦੌਰ ਸ਼ਹਿਰ ਰਾਜਾ ਰਘੂਵੰਸ਼ੀ ਕਤਲ ਕੇਸ ਕਦੀ ਅੱਜਕੱਲ੍ਹ ਪੂਰੀ ਦੁਨੀਆਂ ਦੇ ਵਿੱਚ ਬਹੁਤ ਚਰਚਾ ਹੋ ਰਹੀ ਹੈ। ਇੰਦੌਰ ਕ੍ਰਾਈਮ ਬ੍ਰਾਂਚ ਨੇ ਦਾਅਵਾ ਕੀਤਾ ਹੈ ਕਿ ਰਾਜਾ ਰਘੂਵੰਸ਼ੀ ਕਤਲ ਕੇਸ ਦੇ ਚਾਰੇ ਮੁਲਜ਼ਮਾਂ ਨੇ ਕਤਲ ਵਿੱਚ ਆਪਣੀ ਸ਼ਮੂਲੀਅਤ ਕਬੂਲ ਕਰ ਲਈ ਹੈ। ਮੁਲਜ਼ਮਾਂ ਨੇ ਕਤਲ ਅਤੇ ਲਾਸ਼ ਨੂੰ ਖੱਡ ਵਿੱਚ ਸੁੱਟਣ ਦਾ ਇਕਬਾਲ ਕਰ ਲਿਆ ਹੈ।

ਇਹ ਘਟਨਾ ਮੇਘਾਲਿਆ ਦੇ ਪੂਰਬੀ ਖਾਸੀ ਜ਼ਿਲ੍ਹੇ ਵਿੱਚ ਵਾਪਰੀ ਸੀ, ਜਿੱਥੇ ਰਾਜਾ ਰਘੂਵੰਸ਼ੀ ਆਪਣੀ ਪਤਨੀ ਨਾਲ ਹਨੀਮੂਨ ‘ਤੇ ਗਿਆ ਸੀ ਪਰ ਇਸ ਦੌਰਾਨ ਉਹ ਲਾਪਤਾ ਹੋ ਗਏ ਅਤੇ ਬਾਅਦ ਵਿੱਚ ਰਾਜਾ ਦੀ ਲਾਸ਼ ਬਰਾਮਦ ਹੋਈ ਸੀ। ਇੰਦੌਰ ਦੇ ਰਹਿਣ ਵਾਲੇ ਰਾਜਾ ਰਘੂਵੰਸ਼ੀ ਦਾ ਕਤਲ ਤੋਂ 12 ਦਿਨ ਪਹਿਲਾਂ ਸੋਨਮ ਨਾਲ ਵਿਆਹ ਹੋਇਆ ਸੀ।

ਇੰਦੌਰ ਦੇ ਰਹਿਣ ਵਾਲੇ ਰਾਜਾ ਰਘੂਵੰਸ਼ੀ ਅਤੇ ਸੋਨਮ ਦਾ ਵਿਆਹ 11 ਮਈ ਨੂੰ ਬਹੁਤ ਧੂਮਧਾਮ ਨਾਲ ਹੋਇਆ ਸੀ। ਵਿਆਹ ਤੋਂ ਕੁਝ ਦਿਨ ਬਾਅਦ ਦੋਵੇਂ ਸੋਨਮ ਦੁਆਰਾ ਬਣਾਏ ਗਏ ਹਨੀਮੂਨ ਪਲਾਨ ਦੇ ਤਹਿਤ ਮੇਘਾਲਿਆ ਪਹੁੰਚੇ। ਪਰ 23 ਮਈ ਨੂੰ ਦੋਵੇਂ ਅਚਾਨਕ ਰਹੱਸਮਈ ਢੰਗ ਨਾਲ ਲਾਪਤਾ ਹੋ ਗਏ। ਲਗਭਗ ਦਸ ਦਿਨਾਂ ਬਾਅਦ 2 ਜੂਨ ਨੂੰ ਰਾਜਾ ਰਘੂਵੰਸ਼ੀ ਦੀ ਲਾਸ਼ ਚੈਰਾਪੂੰਜੀ (ਸੋਹਰਾ) ਦੇ ਵਿਸਾਵਡੋਂਗ ਦੇ ਨੇੜੇ ਇੱਕ ਡੂੰਘੀ ਖੱਡ ਵਿੱਚੋਂ ਬਰਾਮਦ ਹੋਈ। ਲਾਸ਼ ਦੀ ਹਾਲਤ ਅਤੇ ਨੇੜੇ ਤੋਂ ਮਿਲੇ ਖੂਨ ਨਾਲ ਲੱਥਪੱਥ ਦਾਤ (ਵੱਡਾ ਚਾਕੂ) ਅਤੇ ਰੇਨਕੋਟ ਨੇ ਕਤਲ ਦੀ ਪੁਸ਼ਟੀ ਕੀਤੀ। ਲਾਸ਼ ਦੀ ਪਛਾਣ ਰਾਜਾ ਦੇ ਸੱਜੇ ਹੱਥ ‘ਤੇ ‘ਰਾਜਾ’ ਟੈਟੂ ਅਤੇ ਉਸਦੇ ਗੁੱਟ ‘ਤੇ ਬੰਨ੍ਹੀ ਵਾਟਰਪ੍ਰੂਫ਼ ਸਮਾਰਟਵਾਚ ਤੋਂ ਹੋਈ ਸੀ।

ਸੋਨਮ ਨੇ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਰਾਜਾ ਰਘੂਵੰਸ਼ੀ ਨਾਲ ਵਿਆਹ ਕੀਤਾ ਪਰ ਉਸਦਾ ਦਿਲ ਰਾਜ ਕੁਸ਼ਵਾਹਾ ਨਾਮ ਦੇ ਲੜਕੇ ਲਈ ਧੜਕਦਾ ਸੀ। ਵਿਆਹ ਤੋਂ ਤੁਰੰਤ ਬਾਅਦ ਸੋਨਮ ਨੇ ਰਾਜਾ ਨੂੰ ਖਤਮ ਕਰਨ ਦੀ ਸਾਜ਼ਿਸ਼ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। 21 ਮਈ ਨੂੰ ਸਾਰੇ ਦੋਸ਼ੀ ਗੁਹਾਟੀ ਆਏ। ਇਸ ਤੋਂ ਬਾਅਦ ਸੋਨਮ 22 ਮਈ ਨੂੰ ਉਸਦੇ ਪਿੱਛੇ ਸ਼ਿਲਾਂਗ ਗਈ। 23 ਮਈ ਨੂੰ ਇਹ ਅਪਰਾਧ ਕੀਤਾ ਗਿਆ। ਇਸ ਤੋਂ ਬਾਅਦ ਸੋਨਮ 23 ਮਈ ਨੂੰ ਗੁਹਾਟੀ ਤੋਂ ਰੇਲਗੱਡੀ ਰਾਹੀਂ ਇੰਦੌਰ ਲਈ ਰਵਾਨਾ ਹੋ ਗਈ। ਉਹ 25 ਮਈ ਨੂੰ ਇੰਦੌਰ ਪਹੁੰਚੀ ਅਤੇ ਉੱਥੇ ਰਾਜ ਕੁਸ਼ਵਾਹਾ ਨੂੰ ਮਿਲੀ। ਰਾਜ ਕੁਸ਼ਵਾਹਾ ਨੇ ਉਸਨੂੰ ਇੰਦੌਰ ਵਿੱਚ ਇੱਕ ਦਿਨ ਲਈ ਕਿਰਾਏ ਦੇ ਕਮਰੇ ਵਿੱਚ ਠਹਿਰਾਇਆ ਅਤੇ ਫਿਰ ਇੱਕ ਡਰਾਈਵਰ ਨੇ ਉਸਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਛੱਡ ਦਿੱਤਾ। ਕਤਲ ਤੋਂ ਬਾਅਦ ਸੋਨਮ ਅਤੇ ਰਾਜ ਕੁਸ਼ਵਾਹਾ ਲਗਾਤਾਰ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ। ਸੋਨਮ ਅਤੇ ਰਾਜ ਨੇ ਸ਼ਿਲਾਂਗ ਆਉਣ ਤੋਂ ਬਾਅਦ ਆਪਣੀ ਕੋਈ ਫੋਟੋ ਨਹੀਂ ਲਈ ਅਤੇ ਨਾ ਹੀ ਉਸਨੂੰ ਅਪਲੋਡ ਕੀਤਾ। ਪਰ ਕਤਲ ਤੋਂ ਬਾਅਦ ਸੋਨਮ ਨੇ ਰਾਜ ਦੇ ਅਕਾਊਂਟ ਤੋਂ ਇੱਕ ਫੋਟੋ ਪੋਸਟ ਕੀਤੀ, ਜਿਸ ਨਾਲ ਉਹ ਸ਼ੱਕ ਦੇ ਘੇਰੇ ਵਿੱਚ ਆ ਗਈ। ਕਤਲ ਤੋਂ ਬਾਅਦ ਦੁਪਹਿਰ 2.15 ਵਜੇ, ਉਸਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਸਾਤ ਜਨਮੋਂ ਕਾ ਸਾਥ ਹੈ”।

ਰਾਜਾ ਰਘੂਵੰਸ਼ੀ ਦੇ ਕਤਲ ਦੇ ਚਾਰੇ ਮੁਲਜ਼ਮਾਂ ਨੇ ਜੁਰਮ ਕਬੂਲ ਕਰ ਲਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਰਾਜਾ ਰਘੂਵੰਸ਼ੀ ਦਾ ਕਤਲ ਕੀਤਾ ਸੀ ਅਤੇ ਕਤਲ ਤੋਂ ਬਾਅਦ ਉਸਦੀ ਲਾਸ਼ ਨੂੰ ਡੂੰਘੀ ਖੱਡ ਵਿੱਚ ਸੁੱਟ ਦਿੱਤਾ ਗਿਆ ਸੀ। ਇੰਦੌਰ ਕ੍ਰਾਈਮ ਬ੍ਰਾਂਚ ਨੇ ਮੁਲਜ਼ਮਾਂ ਦੇ ਇਸ ਇਕਬਾਲ ਦੀ ਪੁਸ਼ਟੀ ਕੀਤੀ ਜਿਸ ਵਿੱਚ ਰਾਜਾ ਦੀ ਪਤਨੀ ਸੋਨਮ ਰਘੂਵੰਸ਼ੀ ਨੂੰ ਮੁੱਖ ਦੋਸ਼ੀ ਅਤੇ ਸਾਜ਼ਿਸ਼ਕਰਤਾ ਦੱਸਿਆ ਜਾ ਰਿਹਾ ਹੈ। ਕ੍ਰਾਈਮ ਬ੍ਰਾਂਚ ਦੇ ਅਨੁਸਾਰ ਰਾਜਾ ‘ਤੇ ਪਹਿਲਾ ਹਮਲਾ ਵਿਸ਼ਾਲ ਉਰਫ਼ ਵਿੱਕੀ ਠਾਕੁਰ ਨੇ ਕੀਤਾ ਸੀ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਪਹਿਲਾਂ ਇੰਦੌਰ ਤੋਂ ਰੇਲਗੱਡੀ ਰਾਹੀਂ ਗੁਹਾਟੀ ਗਏ ਸਨ ਅਤੇ ਉੱਥੋਂ ਸ਼ਿਲਾਂਗ ਪਹੁੰਚੇ। ਇੰਦੌਰ ਤੋਂ ਸਿੱਧੀ ਰੇਲਗੱਡੀ ਨਾ ਹੋਣ ਕਾਰਣ ਉਨ੍ਹਾਂ ਨੂੰ ਮੇਘਾਲਿਆ ਪਹੁੰਚਣ ਲਈ ਕਈ ਰੇਲਗੱਡੀਆਂ ਬਦਲਣੀਆਂ ਪਈਆਂ। ਰਾਜ ਕੁਸ਼ਵਾਹਾ ਇਸ ਸਮੇਂ ਇੰਦੌਰ ਵਿੱਚ ਸੀ ਪਰ ਉਸਨੇ ਵਿਸ਼ਾਲ, ਆਕਾਸ਼ ਅਤੇ ਆਨੰਦ ਨਾਮਕ ਤਿੰਨ ਦੋਸ਼ੀਆਂ ਨੂੰ ਮੇਘਾਲਿਆ ਵਿੱਚ ਖਰਚੇ ਲਈ ਲਗਭਗ 40-50 ਹਜ਼ਾਰ ਰੁਪਏ ਦਿੱਤੇ ਸਨ। ਕਤਲ ਸਮੇਂ ਸੋਨਮ ਰਘੂਵੰਸ਼ੀ ਵੀ ਉੱਥੇ ਮੌਜੂਦ ਸੀ। ਦੋਸ਼ੀ ਨੇ ਕਿਹਾ ਕਿ ਸੋਨਮ ਆਪਣੇ ਪਤੀ ਰਾਜਾ ਰਘੂਵੰਸ਼ੀ ਨੂੰ ਮਰਦੇ ਹੋਏ ਦੇਖ ਰਹੀ ਸੀ। ਇਸ ਤੋਂ ਬਾਅਦ ਦੋਸ਼ੀ ਨੇ ਰਾਜਾ ਰਘੂਵੰਸ਼ੀ ਦੀ ਲਾਸ਼ ਨੂੰ ਇੱਕ ਡੂੰਘੀ ਖੱਡ ਵਿੱਚ ਸੁੱਟ ਦਿੱਤਾ।

ਮੇਘਾਲਿਆ ਪੁਲਿਸ ਨੇ ਮੱਧ ਪ੍ਰਦੇਸ਼ ਦੇ ਇੰਦੌਰ ਦੇ ਕਾਰੋਬਾਰੀ ਰਾਜਾ ਰਘੂਵੰਸ਼ੀ ਦੇ ਕਤਲ ਕੇਸ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਪੁਲਿਸ ਨੇ ਦੱਸਿਆ ਕਿ ਇਸ ਕਤਲ ਦੀ ਮਾਸਟਰਮਾਈਂਡ ਹੋਰ ਕੋਈ ਨਹੀਂ ਸਗੋਂ ਰਾਜਾ ਦੀ ਪਤਨੀ ਸੋਨਮ ਹੀ ਹੈ। ਸੋਨਮ ਨੇ ਆਪਣੇ ਪ੍ਰੇਮੀ ਰਾਜ ਕੁਸ਼ਵਾਹਾ ਅਤੇ ਚਾਰ ਕੰਟਰੈਕਟ ਕਿੱਲਰਾਂ ਦੀ ਮਦਦ ਨਾਲ ਇਹ ਸਾਜ਼ਿਸ਼ ਰਚੀ ਸੀ। ਮੇਘਾਲਿਆ ਪੁਲਿਸ ਨੇ ਪੂਰੇ ਆਪ੍ਰੇਸ਼ਨ ਨੂੰ ‘ਆਪ੍ਰੇਸ਼ਨ ਹਨੀਮੂਨ’ ਦਾ ਨਾਮ ਦਿੱਤਾ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਨੁਸਾਰ, ਸਾਰੇ ਦੋਸ਼ੀਆਂ ਨੂੰ ‘ਆਪ੍ਰੇਸ਼ਨ ਹਨੀਮੂਨ’ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਵਿੱਚ 120 ਪੁਲਿਸ ਕਰਮਚਾਰੀ ਸ਼ਾਮਲ ਸਨ। ਰਾਜਾ ਰਘੂਵੰਸ਼ੀ ਦੇ ਕਤਲ ਦੇ ਮਾਮਲੇ ਵਿੱਚ, ਇੱਕ ਔਰਤ ਦੀ ਚਿੱਟੀ ਕਮੀਜ਼, ਪੈਂਟਰਾ 40 ਦੀ ਦਵਾਈ ਦੀ ਪੱਟੀ, ਇੱਕ ਟੁੱਟਿਆ ਹੋਇਆ ਮੋਬਾਈਲ ਫੋਨ, ਇੱਕ ਸਮਾਰਟਵਾਚ ਅਤੇ ਇੱਕ ਨਵਾਂ ਤੇਜ਼ਧਾਰ ਹਥਿਆਰ ਅਪਰਾਧ ਵਾਲੀ ਥਾਂ ਤੋਂ ਬਰਾਮਦ ਕੀਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਰਾਜਾ ਦਾ ਕਤਲ ਦਰੱਖਤਾਂ ਨੂੰ ਕੱਟਣ ਲਈ ਵਰਤੇ ਗਏ ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਸੀ। ਪੁਲਿਸ ਨੇ ਇਸ ਅੰਨ੍ਹੇ ਕਤਲ ਦੀ ਜਾਂਚ ਲੁੱਟ ਦੇ ਨਜ਼ਰੀਏ ਤੋਂ ਸ਼ੁਰੂ ਕੀਤੀ ਸੀ, ਪਰ ਕੋਈ ਠੋਸ ਸੁਰਾਗ ਨਹੀਂ ਮਿਲਿਆ। ਰਾਜਾ ਦੇ ਕਾਲ ਵੇਰਵਿਆਂ ਦੀ ਜਾਂਚ ਕੀਤੀ ਗਈ, ਪਰ ਇਸ ਵਿੱਚ ਕੋਈ ਮਹੱਤਵਪੂਰਨ ਜਾਣਕਾਰੀ ਵੀ ਨਹੀਂ ਮਿਲੀ। ਇਸ ਤੋਂ ਬਾਅਦ ਜਿਵੇਂ ਹੀ ਪੁਲਿਸ ਨੇ ਰਾਜਾ ਦੀ ਪਤਨੀ ਸੋਨਮ ਦੇ ਕਾਲ ਵੇਰਵਿਆਂ ਦੀ ਜਾਂਚ ਸ਼ੁਰੂ ਕੀਤੀ ਤਾਂ ਸ਼ੱਕ ਦੀ ਸੂਈ ਉਸ ਵੱਲ ਮੁੜ ਗਈ। ਹਾਲਾਂਕਿ, ਰਾਜਾ ਦੇ ਪਰਿਵਾਰ ਨੂੰ ਸੋਨਮ ‘ਤੇ ਥੋੜ੍ਹਾ ਜਿਹਾ ਵੀ ਸ਼ੱਕ ਨਹੀਂ ਸੀ। ਉਸਦੇ ਪਰਿਵਾਰ ਨੂੰ ਸੋਨਮ ‘ਤੇ ਪੂਰਾ ਵਿਸ਼ਵਾਸ ਸੀ। ਪਰ ਸੋਨਮ ਦੇ ਕਾਲ ਡਿਟੇਲ ਨੇ ਪੁਲਿਸ ਨੂੰ ਇੰਨੇ ਮਹੱਤਵਪੂਰਨ ਸੁਰਾਗ ਦਿੱਤੇ ਕਿ ਪੂਰਾ ਮਾਮਲਾ ਸੁਲਝ ਗਿਆ। ਮੇਘਾਲਿਆ ਪੁਲਿਸ ਨੂੰ 3 ਅਤੇ 4 ਜੂਨ ਨੂੰ ਹੀ ਪਤਾ ਲੱਗਾ ਕਿ ਸੋਨਮ ਕਤਲ ਵਿੱਚ ਸ਼ਾਮਲ ਸੀ। ਆਕਾਸ਼ ਦੀ ਕਮੀਜ਼ ਅਪਰਾਧ ਵਾਲੀ ਥਾਂ ‘ਤੇ ਖੂਨ ਨਾਲ ਲੱਥਪੱਥ ਮਿਲੀ ਸੀ। ਸੋਨਮ ਨੇ ਆਪਣਾ ਰੇਨਕੋਟ ਆਕਾਸ਼ ਨੂੰ ਦਿੱਤਾ ਸੀ, ਜੋ ਅਪਰਾਧ ਵਾਲੀ ਥਾਂ ਤੋਂ 6 ਕਿਲੋਮੀਟਰ ਦੂਰ ਮਿਲਿਆ ਸੀ। ਇਹ ਜਾਂਚ ਨੂੰ ਗਲਤ ਦਿਸ਼ਾ ਦੇਣ ਲਈ ਕੀਤਾ ਗਿਆ ਸੀ। ਜਦੋਂ ਆਨੰਦ ਨੂੰ ਫੜਿਆ ਗਿਆ, ਤਾਂ ਉਸਨੇ ਉਹੀ ਕੱਪੜੇ ਪਾਏ ਹੋਏ ਸਨ ਜੋ ਉਸਨੇ ਘਟਨਾ ਸਮੇਂ ਪਾਏ ਸਨ। ਕਤਲ ਤੋਂ ਬਾਅਦ, ਸਾਰੇ 11 ਕਿਲੋਮੀਟਰ ਦੂਰ ਮਿਲੇ। ਇਸ ਤੋਂ ਇੱਕ ਦਿਨ ਬਾਅਦ, ਗੁਹਾਟੀ ਵਿੱਚ ਰਹਿਣ ਤੋਂ ਬਾਅਦ, ਸਾਰੇ ਵੱਖ ਹੋ ਗਏ।

ਮੇਘਾਲਿਆ ਪੁਲਿਸ ਨੇ ਸੋਨਮ ਦੇ ਪ੍ਰੇਮੀ ਰਾਜ ਕੁਸ਼ਵਾਹਾ ਨੂੰ ਇੰਦੌਰ ਤੋਂ ਗ੍ਰਿਫ਼ਤਾਰ ਕੀਤਾ। ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਵਿਸ਼ਾਲ ਉਰਫ਼ ਵਿੱਕੀ ਠਾਕੁਰ ਨੂੰ ਇੰਦੌਰ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਕਿ ਆਕਾਸ਼ ਰਾਜਪੂਤ ਨੂੰ ਯੂਪੀ ਦੇ ਲਲਿਤਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ, ਅਤੇ ਆਨੰਦ ਨੂੰ ਮੱਧ ਪ੍ਰਦੇਸ਼ ਦੇ ਬੀਨਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਦਾ ਦਾਅਵਾ ਹੈ ਕਿ ਸੋਨਮ ਨੇ ਦੋਸ਼ੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਗਾਜ਼ੀਪੁਰ ਵਿੱਚ ਆਤਮ ਸਮਰਪਣ ਦਾ ਡਰਾਮਾ ਕੀਤਾ, ਕਿਉਂਕਿ ਉਹ ਜਾਣਦੀ ਸੀ ਕਿ ਹੁਣ ਕਾਨੂੰਨ ਦੇ ਲੰਬੇ ਹੱਥ ਕਿਸੇ ਵੀ ਸਮੇਂ ਉਸ ਤੱਕ ਪਹੁੰਚ ਸਕਦੇ ਹਨ।

ਸੋਨਮ ਰਘੂਵੰਸ਼ੀ ਨੂੰ ਸੋਮਵਾਰ 9 ਜੂਨ ਦੀ ਸਵੇਰੇ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਤੋਂ ਹਿਰਾਸਤ ਵਿੱਚ ਲਿਆ ਗਿਆ। ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਸਨੇ ਮਦਦ ਲਈ ਇੱਕ ਢਾਬਾ ਮਾਲਕ ਨਾਲ ਸੰਪਰਕ ਕੀਤਾ। ਉਸਨੇ ਦਾਅਵਾ ਕੀਤਾ ਕਿ ਉਸਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ ਅਤੇ ਉਸਨੂੰ ਯਾਦ ਨਹੀਂ ਹੈ ਕਿ ਉਹ ਗਾਜ਼ੀਪੁਰ ਕਿਵੇਂ ਪਹੁੰਚੀ।

Related posts

ਏਅਰ ਇੰਡੀਆ ਦਾ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਪਲੇਨ ਕ੍ਰੈਸ਼ !

admin

ਭਾਰਤੀ ਰੇਲਵੇ ਵਲੋਂ 1 ਜੁਲਾਈ ਤੋਂ ਤਤਕਾਲ ਟਿਕਟ ਬੁਕਿੰਗ ਵਿੱਚ ਵੱਡੇ ਬਦਲਾਅ ਹੋਣਗੇ !

admin

ਸਰਕਾਰ ਵਲੋਂ ਅਗਲੀਆਂ ਲੋਕ ਸਭਾ ਚੋਣਾਂ ‘ਚ 33% ਮਹਿਲਾ ਰਾਖਵੇਂਕਰਨ ਦਾ ਟੀਚਾ !

admin