Articles Punjab

‘ਆਪ’ ਦੇ ਸੰਜੀਵ ਅਰੋੜਾ ਦੀ ‘ਜਿੱਤ’ ਅਤੇ ਬਾਕੀ 13 ਉਮੀਦਵਾਰ ਕਿਵੇਂ ਹੋਏ ‘ਚਿੱਤ’ ?

ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਆਪਣੇ ਸਾਰੇ ਹੀ 13 ਵਿਰੋਧੀ ਉਮੀਦਵਾਰਾਂ ਨੂੰ ‘ਚਿੱਤ’ ਕਰਕੇ ਸ਼ਾਨਦਾਰ ‘ਜਿੱਤ’ ਹਾਸਲ ਕੀਤੀ ਹੈ।

ਪੰਜਾਬ ਦੇ ਵਿੱਚ ਲੁਧਿਆਣਾ ਪੱਛਮੀ ਵਿਧਾਨ ਸਭਾ ਉਪ-ਚੋਣ ਲਈ 19 ਜੂਨ ਨੂੰ ਪਈਆਂ ਵੋਟਾਂ ਦੇ 23 ਜੂਨ ਨੂੰ ਆਏ ਨਤੀਜੇ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਆਪਣੇ ਸਾਰੇ ਹੀ 13 ਵਿਰੋਧੀ ਉਮੀਦਵਾਰਾਂ ਨੂੰ ‘ਚਿੱਤ’ ਕਰਕੇ ਸ਼ਾਨਦਾਰ ‘ਜਿੱਤ’ ਹਾਸਲ ਕੀਤੀ ਹੈ। ਲੁਧਿਆਣਾ ਪੱਛਮੀ ਉਪ-ਚੋਣ ਵਿੱਚ ਸੰਜੀਵ ਅਰੋੜਾ ਸਮੇਤ 14 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਸਨ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਕਾਂਗਰਸ ਤੋਂ ਭਾਰਤ ਭੂਸ਼ਣ ਆਸ਼ੂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਪਰਉਪਕਾਰ ਸਿੰਘ ਘੁੰਮਣ ਅਤੇ ਭਾਜਪਾ ਤੋਂ ਜੀਵਨ ਗੁਪਤਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਨਵਨੀਤ ਕੁਮਾਰ ਗੋਪੀ, ਚੋਣ ਮੈਦਾਨ ਦੇ ਵਿੱਚ ਕਿਸਮਤ ਅਜ਼ਮਾਈ ਕਰ ਹਰੇ ਸਨ।

ਪੰਜਾਬ ਦੇ ਵੋਟਰਾਂ ਨੇ ਲੁਧਿਆਣਾ ਪੱਛਮੀ ਉਪ-ਚੋਣ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਦੇ ਫਰਕ ਨਾਲ ਹਰਾ ਕੇ ਇੱਕ ਫੈਸਲਾਕੁੰਨ ਜਿੱਤ ਦਿਵਾਈ ਹੈ। ਇਲਾਕੇ ਦੇ ਵੋਟਰਾਂ ਨੇ ਇਸ ਜਿੱਤ ਦਾ ਸਿਹਰਾ, ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਅਤੇ ਭਗਵੰਤ ਮਾਨ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਨੂੰ ਦਿੱਤਾ ਹੈ। ਸੰਜੀਵ ਅਰੋੜਾ ਲੁਧਿਆਣਾ ਸ਼ਹਿਰ ਦੇ ਮਸ਼ਹੂਰ ਉਦਯੋਗਪਤੀ ਹਨ ਅਤੇ ਰਾਜ ਸਭਾ ਮੈਂਬਰ ਵਜੋਂ ਜ਼ਮੀਨੀ ਪੱਧਰ ਉਪਰ ਪਹਿਲਾਂ ਤੋਂ ਹੀ ਵੋਟਰਾਂ ਦੇ ਨਾਲ ਜੁੜੇ ਹੋਏ ਸਨ। ਵੋਟਾਂ ਦੀ ਗਿਣਤੀ ਦੇ ਵਿੱਚ ਸ਼ੁਰੂ ਤੋਂ ਲੈ ਕੇ ਆਖਰੀ 14ਵੇਂ ਦੌਰ ਤੱਕ ਉਹ ਬਾਕੀ ਉਮੀਦਵਾਰਾਂ ਨਾਲੋਂ ਸਭ ਤੋਂ ਅੱਗੇ ਚੱਲਦੇ ਰਹੇ, ਜੋ ਲੋਕਾਂ ਦੇ ਵਿੱਚ ਉਹਨਾਂ ਦੀ ਲੋਕਪ੍ਰਿਯਤਾ ਦਾ ਹੀ ਸਬੂਤ ਹੈ। ਸੰਜੀਵ ਅਰੋੜਾ ਉਮੀਦਵਾਰ ਵਜੋਂ ਐਲਾਨ ਕੀਤੇ ਜਾਣ ਵਾਲੇ ਦਿਨ ਤੋਂ ਸਰਗਰਮ ਹੋ ਗਏ ਅਤੇ ਉਹਨਾਂ ਨੂੰ ਵੋਟਰਾਂ ਨਾਲ ਹੋਰ ਨੇੜਤਾ ਬਨਾਉਣ ਲਈ ਕਾਫ਼ੀ ਵਾਧੂ ਸਮਾਂ ਮਿਲਿਆ। ਉਹਨਾਂ ਨੇ ਆਪਣੀ ਚੋਣ ਮੁਹਿੰਮ ਦੇ ਦੌਰਾਨ ਆਪਣੇ ਵਿਰੋਧੀ ਉਮੀਦਵਾਰਾਂ ਉਪਰ ਨਿੱਜੀ ਹਮਲੇ ਕਰਨ ਦੀ ਵਜਾਇ, ਰਾਜ ਸਭਾ ਮੈਂਬਰ ਹੁੰਦਿਆਂ ਕੀਤੇ ਗਏ ਕੰਮਾਂ ਅਤੇ ਆਪਣੇ ਵਲੋਂ ਉਠਾਏ ਗਏ ਮੁੱਦਿਆਂ ਨੂੰ ਖੂਬ ਸਾਦਗੀ ਦੇ ਨਾਲ ਚੁੱਕਿਆ।

ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਅਤੇ ਹੋਰ ਆਗੂਆਂ ਨੇ ਚੋਣ-ਮੁਹਿੰਮ ਨੂੰ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਚਲਾਇਆ ਅਤੇ ਪਾਰਟੀ ਸਰਗਰਮੀਆਂ ਨੂੰ ਜਾਰੀ ਰੱਖਿਆ। ਦੂਜੇ ਪਾਸੇ ਵਿਰੋਧੀ ਪਾਰਟੀਆਂ ਆਪ ਦੀ ਸਰਕਾਰ ਉਪਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਅਤੇ ਵੋਟਰਾਂ ਨੂੰ ਲੁਭਾਉਣ ਲਈ ਮੁਫ਼ਤ ਰਾਸ਼ਨ ਵੰਡਣ ਆਦਿ ਦੇ ਦੋਸ਼ ਲਗਾਉਂਦੀਆਂ ਰਹੀਆਂ। ਪਿਛਲੇ ਸਮੇਂ ਦੌਰਾਨ ਪੰਜਾਬ ਦੀ ਮਾਨ ਸਰਕਾਰ ਵਲੋਂ ਕਿਸਾਨੀ ਮੁੱਦਿਆਂ ਦੀ ਹਮਾਇਤ, ਫਸਲਾਂ ਦੀ ਸਮੇਂ ਸਿਰ ਖੀ੍ਦ ਅਤੇ ਨੌਜਵਾਨਾਂ ਨੂੰ ਨੌਕਰੀਆਂ ਆਦਿ, ਨੇ ਲੋਕਾਂ ਦਾ ਸਰਕਾਰ ਪ੍ਰਤੀ ਵਿਸਵਾਸ਼ ਕਾਇਮ ਕੀਤਾ ਜਦਕਿ ਪਾਣੀ ਦੇ ਮੁੱਦੇ ‘ਤੇ ਕੇਂਦਰ ਸਰਕਾਰ ਦੇ ਪੰਜਾਬ ਸਰਕਾਰ ਨਾਲ ਤਾਜ਼ਾ ਟਕਰਾਅ ਨੇ ਪੰਜਾਬ ਦੇ ਲੋਕਾਂ ਨੂੰ ਭਾਵਨਾਤਮਿਕ ਤੌਰ ‘ਤੇ ਆਮ ਆਦਮੀ ਪਾਰਟੀ ਦੇ ਹੋਰ ਨੇੜੇ ਲੈ ਆਂਦਾ।

ਚੋਣ ਜਿੱਤਣ ਤੋਂ ਬਾਅਦ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਆਖਿਆ ਕਿ, ‘ਮੈਂ ਲੁਧਿਆਣਾ ਪੱਛਮੀ ਦੇ ਸਮੂਹ ਨਿਵਾਸੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ। ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਜਿਹੜਾ ਭਰੋਸਾ ਤੁਸੀਂ ਮੇਰੇ ‘ਤੇ ਕੀਤਾ ਹੈ, ਮੈਂ ਉਸ ‘ਤੇ ਪੂਰੀ ਤਰ੍ਹਾਂ ਨਾਲ ਖ਼ਰਾ ਉਤਰਾਂਗਾ। ਇਸ ਮੌਕੇ ਮੈਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਪ੍ਰਦਾਨ ਕੀਤਾ।’

ਇਸ ਚੋਣ ਸਬੰਧੀ ਇਲੈਕਸ਼ਨ ਕਮਿਸ਼ਨ ਆਫ਼ ਇੰਡੀਆ ਦੇ ਅਨੁਸਾਰ, ‘ਆਪ ਉਮੀਦਵਾਰ ਸੰਜੀਵ ਅਰੋੜਾ ਨੂੰ ਸਭ ਤੋਂ ਵੱਧ 35,179 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਇਸ ਚੋਣ ਦੇ ਵਿੱਚ ਉਹਨਾਂ ਤੋਂ ਇਲਾਵਾ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 24,542, ਬੀਜੇਪੀ ਦੇ ਜੀਵਨ ਗੁਪਤਾ ਨੂੰ 20,323, ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ 8,203, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਨਵਨੀਤ ਕੁਮਾਰ ਗੋਪੀ ਨੂੰ 171 ਅਤੇ ਨੈਸ਼ਨਲ ਲੋਕ ਸੇਵਾ ਪਾਰਟੀ ਦੇ ਜਤਿੰਦਰ ਕੁਮਾਰ ਸ਼ਰਮਾ ਨੂੰ 173 ਵੋਟਾਂ ਮਿਲੀਆਂ।’ ਇਸ ਉਪਚੋਣ ਦੇ ਵਿੱਚ ਬਾਕੀ ਸਾਰੇ ਆਜ਼ਾਦ ਉਮੀਦਵਾਰਾਂ ਦੇ ਵਿੱਚੋਂ ਸਭ ਤੋਂ ਵੱਧ ਐਲਬਰਟ ਦੂਆ ਅੰਨੂ ਨੂੰ 280 ਵੋਟਾਂ ਅਤੇ ਗੁਰਦੀਪ ਸਿੰਘ ਕਾਹਲੋਂ ਨੂੰ ਸਭ ਤੋਂ ਘੱਟ ਸਿਰਫ਼ 21 ਵੋਟਾਂ ਹੀ ਮਿਲੀਆਂ। ਇਸ ਉਪ-ਚੋਣ ਦੇ ਵਿੱਚ ਇਕੱਲੀ ਮਹਿਲਾ ਉਮੀਦਵਾਰ ਰੇਨੂੰ ਨੂੰ ਸਿਰਫ਼ 108 ਵੋਟਾਂ ਨਾਲ ਹੀ ਸਬਰ ਕਰਨਾ ਪਿਆ।

ਆਮ ਆਦਮੀ ਪਾਰਟੀ ਦੀ ਲੁਧਿਆਣਾ ਪੱਛਮੀ ਅਤੇ ਗੁਜਰਾਤ ਦੇ ਵਿਸਵਾਦਰ ਵਿਧਾਨ ਸਭਾ ਹਲਕੇ ਤੋਂ ਵੱਡੀ ਜਿੱਤ ‘ਤੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ, ‘ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ। ਵੱਡੀ ਲੀਡ ਨਾਲ ਮਿਲੀ ਜਿੱਤ ਦਰਸਾਉਂਦੀ ਹੈ ਕਿ ਸੂਬੇ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹੱਦ ਖੁਸ਼ ਹਨ। ਅਸੀਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦਿਨ ਰਾਤ ਬਿਨਾਂ ਭੇਦਭਾਵ ਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਜ਼ਿਮਨੀ ਚੋਣ ਦੌਰਾਨ ਪੰਜਾਬੀਆਂ ਨਾਲ ਕੀਤੇ ਹਰ ਇੱਕ ਵਾਅਦੇ ਨੂੰ ਅਸੀਂ ਪਹਿਲ ਦੇ ਆਧਾਰ ‘ਤੇ ਪੂਰਾ ਕਰਾਂਗੇ। ਸੰਜੀਵ ਅਰੋੜਾ ਨੂੰ ਬਹੁਤ-ਬਹੁਤ ਮੁਬਾਰਕਾਂ। ਨਾਲ ਹੀ ਇਸ ਜਿੱਤ ਲਈ ਦਿਨ ਰਾਤ ਮਿਹਨਤ ਕਰਨ ਵਾਲੀ ਸਮੁੱਚੀ ਲੀਡਰਸ਼ਿਪ ਤੇ ਵਲੰਟੀਅਰਾਂ ਨੂੰ ਵੀ ਬਹੁਤ-ਬਹੁਤ ਵਧਾਈਆਂ।’

ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ, ‘ਗੁਜਰਾਤ ਦੇ ਵਿਸਵਾਦਰ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਪ੍ਰਧਾਨ ਗੋਪਾਲ ਇਟਾਲੀਆ ਨੂੰ ਜਿੱਤ ‘ਤੇ ਦਿਲੋਂ ਵਧਾਈਆਂ…ਇਹ ਜਿੱਤ ਆਮ ਆਦਮੀ ਪਾਰਟੀ ਗੁਜਰਾਤ ਦੇ ਵਲੰਟੀਅਰਾਂ ਦੇ ਨਾਮ…ਜੋ ਭਾਜਪਾ ਦੀ ਧੱਕੇਸ਼ਾਹੀ ਅੱਗੇ ਡਟਕੇ ਖੜ੍ਹੇ ਨੇ…ਭਾਜਪਾ ਦੀਆਂ ਚਾਲਾਂ ਬੇਨਕਾਬ ਹੋ ਚੁੱਕੀਆਂ ਨੇ, ਲੋਕਾਂ ਨੇ ਫਿਰ ਇੱਕ ਵਾਰ ਆਮ ਆਦਮੀ ਪਾਰਟੀ ‘ਤੇ ਭਰੋਸਾ ਜਤਾਇਆ ਹੈ…ਪੂਰੇ ਦੇਸ਼ ‘ਚ ਜੇਕਰ ਕੋਈ ਭਾਜਪਾ ਨੂੰ ਹਰਾਉਣ ਦਾ ਦਮ ਰੱਖਦੀ ਹੈ ਉਹ ਆਮ ਆਦਮੀ ਪਾਰਟੀ ਹੀ ਹੈ…ਉਹ ਦਿਨ ਦੂਰ ਨਹੀਂ ਜਦੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਝੰਡਾ ਗੁਜਰਾਤ ‘ਚ ਵੀ ਲਹਿਰਾਏਗਾ…ਪਾਰਟੀ ਦੇ ਸਾਰੇ ਸੰਗਠਨ ਨੂੰ ਵੀ ਵਧਾਈਆਂ…!’

Related posts

ਹਾਰ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਦਾ ਅਸਤੀਫਾ, ਚੋਣ ਹਾਰਨ ਦਾ ਸਾਨੂੰ ਬੇਹੱਦ ਅਫ਼ਸੋਸ: ਰਾਜਾ ਵੜਿੰਗ

admin

ਕੋਰੀਅਰ ਰਾਹੀਂ ਮਿਥਾਈਲ ਅਲਕੋਹਲ (ਮਿਥੇਨੋਲ) ਦੀ ਵਿਕਰੀ ਅਤੇ ਡਲਿਵਰੀ ‘ਤੇ ਰੋਕ !

admin

ਸ਼੍ਰੋਮਣੀ ਕਮੇਟੀ ਵੱਲੋਂ ਯੂਪੀ ’ਚ ਨਗਰ ਕੀਰਤਨ ਦੇ ਪ੍ਰਬੰਧਾਂ ਲਈ ਸਰਗਰਮੀਆਂ !

admin