ਪਟਿਆਲਾ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦੇਸ਼ ਵਿਚ ਜਿਹੜੇ ਰਾਜਾਂ ਵਿਚ ਚੋਣਾਂ ਹੋ ਰਹੀਆਂ ਹਨ, ਉਥੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਕੈਂਸਰ ਦੀ ਬਿਮਾਰੀ ਹੈ ਜੋ ਜਿਸ ਘਰ ਵਿਚ ਵੜ੍ਹਦੀ ਹੈ, ਉਸਨੂੰ ਬਰਬਾਦ ਕਰ ਦਿੰਦੀ ਹੈ, ਇਸ ਲਈ ਉਹ ਆਪ ਨੂੰ ਵੋਟਾਂ ਪਾਉਣ ਤੋਂ ਗੁਰੇਜ਼ ਕਰਨ ਤੇ ਪੰਜਾਬ ਵੱਲ ਵੇਖਣ ਜਿਸਨੂੰ ਆਪ ਸਰਕਾਰ ਬਰਬਾਦ ਕਰਨ ’ਤੇ ਲੱਗੀ ਹੈ।
ਅੱਜ ਇਥੇ ਸਾਬਕਾ ਮੰਤਰੀ ਸਰਦਾਰ ਸੁਰਜੀਤ ਸਿੰਘ ਰੱਖੜਾ ਤੇ ਉੱਘੇ ਸਮਾਜ ਸੇਵੀ ਸਰਦਾਰ ਦਰਸ਼ਨ ਸਿੰਘ ਰੱਖੜਾ ਤੇ ਸਰਦਾਰ ਚਰਨਜੀਤ ਸਿੰਘ ਰੱਖੜਾ ਦੇ ਪਿਤਾ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਰੱਖੜਾ ਦੀ ਬਰਸੀ ਮੌਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਬਰਬਾਦ ਕਰਨ ’ਤੇ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਨਕਲੀ ਤੇ ਕਠਪੁਤਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਾਰੀ ਤਾਕਤ ਤੇ ਪੰਜਾਬ ਦੇ ਖ਼ਜ਼ਾਨੇ ਨੂੰ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੀ ਸੇਵਾ ਵਿਚ ਲਗਾ ਦਿੱਤਾ ਹੈ ਤੇ ਸੂਬੇ ਨੂੰ ਬਰਬਾਦ ਕਰ ਰਹੇ ਹਨ।
ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸੁਪਰੀਮ ਕੋਰਟ ਵਿਚ ਝੋਨੇ ’ਤੇ ਐਮ ਐਸ ਪੀ ਨੂੰ ਬੰਦ ਕਰ ਕੇ ਕਿਸੇ ਹੋਰ ਫਸਲ ’ਤੇ ਐਮ ਐਸ ਪੀ ਦੇਣ ਦੀ ਰਾਇ ਦੇ ਕੇ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਰਨ ਦਾ ਰਾਹ ਚੁਣਿਆ ਹੈ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਗਵੰਤ ਮਾਨ ਨੇ ਸੁਪਰੀਮ ਕੋਰਟ ਵਿਚ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਹੈ। ਇਸਤੋਂ ਪਹਿਲਾਂ ਉਹ ਸੁਪਰੀਮ ਕੋਰਟ ਵਿਚ ਇਹ ਆਖ ਚੁੱਕੇ ਹਨ ਕਿ ਉਹ ਐਸ ਵਾਈ ਐਲ ਦਾ ਨਿਰਮਾਣ ਕਰਨ ਨੂੰ ਤਿਆਰ ਹਨ ਪਰ ਵਿਰੋਧੀ ਪਾਰਟੀਆਂ ਤੇ ਬਾਦਲ ਸਰਕਾਰ ਵੱਲੋਂ ਕਿਸਾਨਾਂ ਨੂੰ ਵਾਪਸ ਕੀਤੀ ਨਹਿਰ ਦੀ ਜ਼ਮੀਨ ਮੁੜ ਐਕਵਾਇਰ ਕਰਨ ਵਿਚ ਮੁਸ਼ਕਿਲਾਂ ਹਨ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਵੱਲੋਂ ਚੰਡੀਗੜ੍ਹ ਵਿਚ ਵੱਖਰੀ ਵਿਧਾਨ ਸਭਾ ਲਈ ਥਾਂ ਮੰਗਣ ਦਾ ਵਿਰੋਧ ਕਰਨ ਦੀ ਥਾਂ ਆਪਣੇ ਲਈ ਵੀ ਥਾਂ ਮੰਗ ਕੇ ਪੰਜਾਬ ਦੇ ਚੰਡੀਗੜ੍ਹ ’ਤੇ ਦਾਅਵੇ ਨੂੰ ਕਮਜ਼ੋਰ ਕੀਤਾ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਸਨ, ਸਰਕਾਰ ਬਣਨ ਮਗਰੋਂ ਉਸਦੇ ਬਿਲਕੁਲ ਉਲਟ ਕੰਮ ਕਰ ਰਹੀ ਹੈ।
ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸੁਪਰੀਮ ਕੋਰਟ ਵਿਚ ਕਿਸਾਨਾਂ ਖਿਲਾਫ ਸਟੈਂਡ ਲੈ ਕੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਕਿਸਾਨਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਉਹੀ ਕਰਦੇ ਹਨ ਜੋ ਉਹਨਾਂ ਦੇ ਆਕਾ ਅਰਵਿੰਦ ਕੇਜਰੀਵਾਲ ਹਦਾਇਤ ਕਰਦੇ ਹਨ। ਉਹਨਾਂ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਦਾ ਨਿਸ਼ਾਨਾ ਹੈ ਕਿ ਉਹ ਪੰਜਾਬ ਦਾ ਸਭ ਕੁਝ ਲੁੱਟ ਕੇ ਦਿੱਲੀ ਲੈ ਜਾਣ।
ਉਹਨਾਂ ਕਿਹਾ ਕਿ ਹਵਾਈ ਜਹਾਜ਼ ਦੀ ਵਰਤੋਂ ਅਰਵਿੰਦ ਕੇਜਰੀਵਾਲ ਕਰ ਰਹੇ ਹਨ ਪਰ ਉਸਦਾ ਕਰੋੜਾਂ ਰੁਪਿਆ ਕਿਰਾਇਆ ਪੰਜਾਬ ਸਰਕਾਰ ਭਰ ਰਹੀ ਹੈ ਤੇ ਇੰਨਾ ਹੀ ਨਹੀਂ ਦੇਸ਼ ਭਰ ਵਿਚ ਆਪ ਨੂੰ ਮਜ਼ਬੂਤ ਕਰਨ ਵਾਸਤੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦੀ ਅੰਨੀ ਲੁੱਟ ਕੀਤੀ ਜਾ ਰਹੀ ਹੈ।
ਉਹਨਾਂਕਿਹਾ ਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਆਖਦੇ ਸਨ ਕਿ ਉਹਨਾਂ ਕੋਲ ਅਜਿਹਾ ਕੈਮੀਕਲ ਹੈ ਜੋ ਪਰਾਲੀ ਨੂੰ ਖੇਤ ਵਿਚ ਖੋਰ ਦੇਵੇਗਾ ਪਰ ਹੁਣ ਪਿਛਲੇ ਦੋ ਸਾਲਾਂ ਤੋਂ ਅਜਿਹਾ ਕੋਈ ਕੈਮੀਕਲ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ। ਜਿਹੜਾ 100 ਰੁਪਏਪ੍ਰਤੀ ਕੁਇੰਟਲ ਮੁਆਵਜ਼ਾ ਦੇਣ ਦੀ ਗੱਲ ਚੋਣਾਂ ਵਿਚ ਹੋਈਸੀ, ਉਹ ਵੀ ਨਹੀਂ ਦਿੱਤਾ ਗਿਆ ਤੇ ਨਾ ਹੀ ਪਰਾਲੀ ਦੀ ਸੰਭਾਲ ਲਈ ਕੋਈ ਮਸ਼ੀਨਰੀ ਹੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜਦੋਂ ਮਜਬੂਰ ਹੋ ਕੇ ਕਿਸਾਨ ਪਰਾਲੀ ਨੂੰ ਅੱਗ ਲਗਾ ਰਹੇ ਹਨ ਤਾਂ ਉਹਨਾਂ ਖਿਲਾਫ ਪਰਚੇ ਦਰਜ ਕੀਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਪੰਜਾਬੀਆਂ ਨੇ ਇਸ ਨਲਾਇਕ, ਨਿਕੰਮੇ ਨੂੰ ਮੁੱਖ ਮੰਤਰੀ ਬਣਾ ਕੇ ਬਹੁਤ ਵੱਡਾ ਨੁਕਸਾਨ ਕਰ ਲਿਆ। ਉਹਨਾਂ ਕਿਹਾ ਕਿ ਅਸਲੀ ਮੁੱਖ ਮੰਤਰੀ ਕੇਜਰੀਵਾਲ ਹੈ ਤੇ ਇਹ ਜਾਅਲੀ ਤੇ ਕਠਪੁਤਲੀ ਮੁੱਖ ਮੰਤਰੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਇਹ ਹਨ ਕਿ ਆਪ ਵਿਧਾਇਕ ਸੂਬੇ ਨੂੰ ਲੁੱਟਣ ’ਤੇ ਲੱਗੇ ਹਨ। ਉਹਨਾਂ ਕਿਹਾ ਕਿ ਆਪ ਨੇ ਰੇਤ ਮਾਫੀਆ ਤੇ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਪਰ ਉਲਟਾ ਨਸ਼ਾ ਹੋਰ ਵੱਧ ਗਿਆ ਹੈ ਜਿਸਦਾ ਵੱਡਾ ਕਾਰਨ ਹੈ ਕਿ ਇਹਨਾਂ ਦੇ ਐਮ ਐਲ ਏ ਤੇ ਆਗੂ ਮਹੀਨੇ ਲੈ ਰਹੇ ਹਨ ਜੋ 5 ਲੱਖ ਤੇ ਕੋਈ 10 ਲੱਖ ਲੈ ਰਿਹਾ ਹੈ।
ਉਹਨਾਂ ਕਿਹਾਕਿ ਕਾਨੂੰਨ ਵਿਵਸਥਾ ਖਤਮ ਹੋ ਗਈ ਹੈ ਤੇ ਹਰ ਰੋਜ਼ ਕਤਲ ਹੋ ਰਹੇ ਹਨ। ਉਹਨਾਂ ਕਿਹਾ ਕਿ ਆਪ ਆਗੂ ਹਰ ਵਪਾਰ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ।
ਮੀਡੀਆ ਦੇ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਾਸਤੇ ਪੂਰੀ ਤਰ੍ਹਾਂ ਤਿਆਰ ਹੈ। ਉਹਨਾਂ ਕਿਹਾ ਕਿ ਇੰਦਰਾ ਗਾਂਧੀ ਤੋਂ ਲੈ ਕੇ ਅੱਜ ਤੱਕ ਏਜੰਸੀਆਂ ਵੱਲੋਂ ਤਿਆਰ ਕੀਤੇ ਗੱਦਾਰ ਹਰ ਵਾਰ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਅਕਾਲੀ ਦਲ ਨੂੰ ਚੁਣੌਤੀ ਦਿੰਦੇ ਹਨ ਪਰ ਹਰ ਵਾਰ ਖਾਲਸਾ ਪੰਥ ਸੇਵਾ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਹੀ ਪਾਉਂਦਾ ਹੈ।
ਇਸ ਤੋਂ ਪਹਿਲਾਂ ਬਰਸੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰੱਖੜਾ ਪਰਿਵਾਰ ਨਾਲ ਸਾਂਝ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਤੇ ਦੱਸਿਆ ਕਿ ਰੱਖੜਾ ਤੇ ਬਾਦਲ ਪਰਿਵਾਰ ਦੋਵਾਂ ਵਿਚ ਕਿੰਨੀ ਸਾਂਝ ਹੈ। ਉਹਨਾਂ ਨੇ ਤਿੰਨਾਂ ਭਰਾਵਾਂ ਵੱਲੋਂ ਹਰ ਸਾਲ ਬਜ਼ੁਰਗਾਂ ਦੀ ਬਰਸੀ ਵੱਡੀ ਪੱਧਰ ’ਤੇ ਮਨਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੱਖੜਾ ਪਰਿਵਾਰ ਸਮਾਜ ਸੇਵੀ ਪਰਿਵਾਰ ਹੈ ਜਿਸਨੇ ਇਲਾਕੇ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਹੈ।
ਇਸ ਮੌਕੇ ’ਤੇ ਸਰਦਾਰ ਦਰਸ਼ਨ ਸਿੰਘ ਰੱਖੜਾ, ਸਰਦਾਰ ਚਰਨਜੀਤ ਸਿੰਘ ਰੱਖੜਾ, ਸਰਦਾਰ ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ, ਸਰਦਾਰ ਜਸਪਾਲ ਸਿੰਘ ਬਿੱਟੂ ਚੱਠਾ, ਸਰਦਾਰ ਰਾਜਿੰਦਰ ਸਿੰਘ ਵਿਰਕ, ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਤੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।