ਨਵੀਂ ਦਿੱਲੀ – ਦਿੱਲੀ ਵਿਧਾਨ ਸਭਾ ਚੋਣਾਂ ਤੋਂ ਸਿਰਫ 5 ਦਿਨ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ 7 ਵਿਧਾਇਕਾਂ ਨੇ ਸ਼ੁਕਰਵਾਰ ਨੂੰ ਪਾਰਟੀ ਤੋਂ ਅਸਤੀਫ਼ਾ ਦੇ ਦਿਤਾ। ਇਹ ਵਿਧਾਇਕ 5 ਫ਼ਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਟਿਕਟਾਂ ਨਾ ਮਿਲਣ ਤੋਂ ਬਾਅਦ ਨਾਰਾਜ਼ ਸਨ ਅਤੇ ਹੋਰ ਪਾਰਟੀਆਂ ਦੇ ਸੰਪਰਕ ’ਚ ਸਨ।
ਵਿਧਾਇਕਾਂ ਨੇ ਅਪਣੇ ਅਸਤੀਫੇ ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਅਤੇ ਭ੍ਰਿਸ਼ਟਾਚਾਰ ਅਤੇ ਹੋਰ ਮੁੱਦਿਆਂ ’ਤੇ ਆਮ ਆਦਮੀ ਪਾਰਟੀ (ਆਪ) ਦੀ ਆਲੋਚਨਾ ਕੀਤੀ। ਕਸਤੂਰਬਾ ਨਗਰ ਤੋਂ ਵਿਧਾਇਕ ਮਦਨ ਲਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਅਤੇ ‘ਆਪ’ ਦੇ ਛੇ ਹੋਰ ਵਿਧਾਇਕਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਛੱਡ ਦਿਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਪਣੇ ਅਸਤੀਫੇ ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ ਨੂੰ ਵੀ ਭੇਜ ਦਿਤੇ ਹਨ। ਲਾਲ ਤੋਂ ਇਲਾਵਾ ਅਸਤੀਫਾ ਦੇਣ ਵਾਲੇ ‘ਆਪ’ ਵਿਧਾਇਕਾਂ ’ਚ ਭਾਵਨਾ ਗੌੜ (ਪਾਲਮ), ਨਰੇਸ਼ ਯਾਦਵ (ਮਹਿਰੌਲੀ), ਰੋਹਿਤ ਮਹਿਰੌਲੀਆ (ਤ੍ਰਿਲੋਕਪੁਰੀ), ਪਵਨ ਸ਼ਰਮਾ (ਆਦਰਸ਼ ਨਗਰ), ਬੀਐਸ ਜੂਨ (ਬਿਜਵਾਸਨ), ਗਿਰੀਸ਼ ਸੋਨੀ (ਮਾਦੀਪੁਰ) ਅਤੇ ਰਾਜੇਸ਼ ਰਿਸ਼ੀ (ਜਨਕਪੁਰੀ) ਸ਼ਾਮਲ ਹਨ। ਉਨ੍ਹਾਂ ਕਿਹਾ, ‘‘ਪਾਰਟੀ ਦੇ ਸੱਤ ਵਿਧਾਇਕ ਸਾਲਾਂ ਤੋਂ ਇਮਾਨਦਾਰੀ ਨਾਲ ਕੰਮ ਕਰਨ ਦੇ ਬਾਵਜੂਦ ਪਾਰਟੀ ਅਤੇ ਇਸ ਦੇ ਨੇਤਾਵਾਂ ਵਲੋਂ ਕਿਨਾਰਾ ਕਰ ਦਿਤੇ ਜਾਣ ਤੋਂ ਨਾਰਾਜ਼ ਹਨ। ਅਸੀਂ ਜਲਦੀ ਹੀ ਅਪਣੀ ਭਵਿੱਖ ਦੀ ਰਣਨੀਤੀ ਸਾਂਝੀ ਕਰਾਂਗੇ।’’ ਦੂਜੇ ਪਾਸੇ ਇਨ੍ਹਾਂ ਵਿਧਾਇਕਾਂ ਦੀ ਆਲੋਚਨਾ ਕਰਦਿਆਂ ‘ਆਪ‘ ਦੀ ਕੌਮੀ ਬੁਲਾਰਾ ਰੀਨਾ ਗੁਪਤਾ ਨੇ ਕਿਹਾ ਕਿ ਪਾਰਟੀ ਵਲੋਂ ਕਰਵਾਏ ਗਏ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਇਹ ਸਾਰੇ ਅਪਣੇ-ਅਪਣੇ ਹਲਕਿਆਂ ’ਚ ਜਨਤਾ ਲਈ ਉਪਲਬਧ ਨਹੀਂ ਸਨ ਅਤੇ ਇਸ ਲਈ ਉਨ੍ਹਾਂ ਨੂੰ ਚੋਣ ਟਿਕਟਾਂ ਦੇਣ ਤੋਂ ਇਨਕਾਰ ਕਰ ਦਿਤਾ ਗਿਆ। ਉਨ੍ਹਾਂ ਕਿਹਾ ਕਿ ਸਰਵੇਖਣ ਦੇ ਮਾੜੇ ਨਤੀਜਿਆਂ ਕਾਰਨ ਅਸੀਂ ਉਨ੍ਹਾਂ ਨੂੰ ਟਿਕਟਾਂ ਨਹੀਂ ਦਿਤੀ ਆਂ। ਇਹ ਤੱਥ ਕਿ ਟਿਕਟਾਂ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਉਹ ਹੁਣ ਕਿਸੇ ਹੋਰ ਪਾਰਟੀ ’ਚ ਸ਼ਾਮਲ ਹੋ ਰਹੇ ਹਨ, ਕੋਈ ਵੱਡੀ ਗੱਲ ਨਹੀਂ ਹੈ। ਇਹ ਰਾਜਨੀਤੀ ਦਾ ਹਿੱਸਾ ਹੈ। ਯਾਦਵ ਨੂੰ ਪਹਿਲਾਂ ‘ਆਪ’ ਨੇ ਮਹਿਰੌਲੀ ਤੋਂ ਟਿਕਟ ਦਿਤੀ ਸੀ ਪਰ ਪੰਜਾਬ ਦੀ ਇਕ ਅਦਾਲਤ ਵਲੋਂ 2016 ’ਚ ਕੁਰਾਨ ਦੀ ਬੇਅਦਬੀ ਦੇ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਦਸੰਬਰ ’ਚ ਉਨ੍ਹਾਂ ਦੀ ਥਾਂ ਮਹਿੰਦਰ ਚੌਧਰੀ ਨੂੰ ਟਿਕਟ ਦਿਤੀ ਗਈ ਸੀ। ਯਾਦਵ 2015 ਤੋਂ ਮਹਿਰੌਲੀ ਦੇ ਵਿਧਾਇਕ ਹਨ।