ਪਟਨਾ – ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਅੱਜ ਦਾਅਵਾ ਕੀਤਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਤੇ ਲਾਲੂ ਪ੍ਰਸਾਦ ਦੀ ਅਗਵਾਈ ਵਾਲੀ ਉਸ ਦੀ ਸਹਿਯੋਗੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਰਲੇਵੇਂ ਵੱਲ ਵਧ ਰਹੀਆਂ ਹਨ। ਭਾਜਪਾ ਨੇਤਾ ਗਿਰੀਰਾਜ ਸਿੰਘ ਨੇ ਸ਼ਰਾਰਤੀ ਲਹਿਜ਼ੇ ’ਚ ਕਿਹਾ, ‘‘ਲਾਲੂ ਜੀ ਨਾਲ ਮੇਰਾ ਵਿਅਕਤੀਗਤ ਸਮੀਕਰਨ ਹੈ। ਉਨ੍ਹਾਂ ਨੇ ਮੇਰੇ ਕੰਨ ’ਚ ਕਈ ਅਜਿਹੀਆਂ ਗੱਲਾਂ ਆਖੀਆਂ ਜਿਨ੍ਹਾਂ ਨੂੰ ਮੈਂ ਜਨਤਕ ਤੌਰ ’ਤੇ ਸਾਹਮਣੇ ਨਹੀਂ ਰੱਖ ਸਕਦਾ। ਪਰ ਮੈਂ ਤੁਹਾਨੂੰ ਇੰਨਾ ਦੱਸ ਦੇਵਾਂ ਕਿ ਜੇ.ਡੀ. (ਯੂ) ਦਾ ਜਲਦੀ ਹੀ ਆਰਜੇਡੀ ਨਾਲ ਰਲੇਵਾਂ ਹੋਣ ਵਾਲਾ ਹੈ।’’ ਦੂਜੇ ਪਾਸੇ ਤੇਜਸਵੀ ਯਾਦਵ ਨੇ ਭਾਜਪਾ ਨੇਤਾ ਦੇ ‘ਰਲੇਵੇਂ ਸਬੰਧੀ’ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ, ‘‘ਸਿੰਘ ਨੂੰ ਸੁਰਖੀਆਂ ’ਚ ਬਣੇ ਰਹਿਣਾ ਪਸੰਦ ਹੈ।ਜੇਕਰ ਉਹ ਕੁਝ ਵੀ ਪੁੱਠਾ-ਸਿੱਧਾ ਬੋਲਣਗੇ ਤਾਂ ਕੋਈ ਵੀ ਉਸ ’ਤੇ ਧਿਆਨ ਨਹੀਂ ਦੇਵੇਗਾ।’’ ਇਸ ਸਬੰਧ ’ਚ ਜੇ.ਡੀ.(ਯੂ) ਪ੍ਰਧਾਨ ਰਾਜੀਵ ਸਿੰਘ ‘ਲੱਲਨ’ ਨੇ ਆਖਿਆ, ‘‘ਸਾਨੂੰ ਗਿਰੀਰਾਜ ਸਿੰਘ ਦੀ ਚਰਚਾ ਨਹੀਂ ਕਰਨੀ ਚਾਹੀਦੀ।ਉਹ ਟੀਆਰਪੀ ਵਾਲੇ ਅਟਕਲਬਾਜ਼ ਹਨ। ਉਹ ਅਜਿਹੀਆਂ ਗੱਲਾਂ ਕਰਦੇ ਰਹਿਣਗੇ ਜਿਸ ਨਾਲ ਉਨ੍ਹਾਂ ਨੂੰ ਸੁਰਖੀਆਂ ’ਚ ਬਣੇ ਰਹਿਣ ’ਚ ਮਦਦ ਮਿਲੇਗੀ।’’
