ਆਸਟ੍ਰੇਲੀਅਨ ਅਤੇ ਭਾਰਤੀ ਫੌਜਾਂ ਵਿਚਕਾਰ ਸਾਂਝਾ ਫੌਜੀ ਅਭਿਆਸ “ਆਸਟ੍ਰਾਹਿੰਦ-2025” ਆਸਟ੍ਰੇਲੀਆ ਦੇ ਪਰਥ ਵਿੱਚ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੀਤਾ ਗਿਆ। ਇਹ ਅਭਿਆਸ ਅੱਤਵਾਦ ਵਿਰੋਧੀ ਕਾਰਵਾਈਆਂ, ਬਗਾਵਤ ਪ੍ਰਭਾਵਿਤ ਖੇਤਰਾਂ ਵਿੱਚ ਕਾਰਵਾਈਆਂ ਤੇ ਸੰਯੁਕਤ ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ‘ਤੇ ਕੇਂਦ੍ਰਿਤ ਸੀ।
ਇਹ ਦੋਵਾਂ ਦੇਸ਼ਾਂ ਵਿਚਕਾਰ ਅਭਿਆਸ ਦਾ ਚੌਥਾ ਐਡੀਸ਼ਨ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਰਣਨੀਤਕ ਅਭਿਆਸਾਂ, ਫਾਇਰਿੰਗ ਡ੍ਰਿਲਸ, ਫੀਲਡ ਸਿਖਲਾਈ ਅਤੇ ਯੋਗਾ ਸੈਸ਼ਨਾਂ ਵਿੱਚ ਹਿੱਸਾ ਲਿਆ। ਇਹਨਾਂ ਗਤੀਵਿਧੀਆਂ ਨੇ ਸੈਨਿਕਾਂ ਦੇ ਅਨੁਸ਼ਾਸਨ, ਤਾਲਮੇਲ ਅਤੇ ਸਾਂਝੀਆਂ ਸਮਰੱਥਾਵਾਂ ਨੂੰ ਵਧਾਇਆ। ਇਸ ਅਭਿਆਸ ਦਾ ਮੁੱਖ ਉਦੇਸ਼ ਦੋਵਾਂ ਫੌਜਾਂ ਵਿਚਕਾਰ ਆਪਸੀ ਸਹਿਯੋਗ ਨੂੰ ਵਧਾਉਣਾ ਅਤੇ ਸਾਂਝੀਆਂ ਸੁਰੱਖਿਆ ਚੁਣੌਤੀਆਂ ਨੂੰ ਹੱਲ ਕਰਨ ਦੀ ਉਨ੍ਹਾਂ ਦੀ ਯੋਗਤਾ ਨੂੰ ਮਜ਼ਬੂਤ ਕਰਨਾ ਹੈ।
ਇਸ ਅਭਿਆਸ ਵਿੱਚ ਆਸਟ੍ਰੇਲੀਆ ਦੀ ਸੈਕਿੰਡ ਡਵੀਜ਼ਨ ਤੇ 120 ਭਾਰਤੀ ਫੌਜ ਦੇ ਸੈਨਿਕਾਂ ਅਤੇ ਅਧਿਕਾਰੀਆਂ ਦੀ ਇੱਕ ਟੁਕੜੀ ਨੇ ਹਿੱਸਾ ਲਿਆ ਜਿਸਦੀ ਅਗਵਾਈ ਗੋਰਖਾ ਰਾਈਫਲਜ਼ ਦੀ ਇੱਕ ਬਟਾਲੀਅਨ ਨੇ ਕੀਤੀ। ਇਸ ਵਿੱਚ ਵੱਖ-ਵੱਖ ਭਾਰਤੀ ਫੌਜ ਦੇ ਫਾਰਮੇਸ਼ਨਾਂ ਦੇ ਚੁਣੇ ਹੋਏ ਸੈਨਿਕ ਸ਼ਾਮਲ ਹੋਏ। ਇਹ ਅਭਿਆਸ ਸ਼ਹਿਰੀ, ਅਰਧ-ਸ਼ਹਿਰੀ ਅਤੇ ਖੁੱਲ੍ਹੇ ਮਾਰੂਥਲ ਖੇਤਰਾਂ ਵਿੱਚ ਕੀਤਾ ਗਿਆ, ਜਿਸ ਵਿੱਚ ਰਣਨੀਤੀ ਵਿਕਾਸ, ਰਣਨੀਤਕ ਅਭਿਆਸ, ਵਿਸ਼ੇਸ਼ ਹਥਿਆਰਾਂ ਦੇ ਹੁਨਰ ਅਤੇ ਮਿਸ਼ਨ ਸੰਚਾਲਨ ਸ਼ਾਮਲ ਸਨ। ਅਭਿਆਸ ਦੌਰਾਨ ਸੰਯੁਕਤ ਕਮਾਂਡ ਪੋਸਟ ਅਭਿਆਸ, ਲਾਈਵ ਫਾਇਰਿੰਗ ਅਤੇ ਫੀਲਡ ਸਿਖਲਾਈ ਵੀ ਕੀਤੀ ਗਈ, ਜੋ ਯਥਾਰਥਵਾਦੀ ਲੜਾਈ ਦੀਆਂ ਸਥਿਤੀਆਂ ਵਿੱਚ ਦੋਵਾਂ ਫੌਜਾਂ ਦੀਆਂ ਸਮਰੱਥਾਵਾਂ ਨੂੰ ਵਧਾਉਂਦੀ ਹੈ।
‘ਆਸਟ੍ਰਾਹਿੰਦ’ ਲੜੀ 2022 ਵਿੱਚ ਸ਼ੁਰੂ ਹੋਈ ਸੀ ਅਤੇ ਉਦੋਂ ਤੋਂ ਦੁਵੱਲੇ ਰੱਖਿਆ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਪਲੇਟਫਾਰਮ ਬਣ ਗਈ ਹੈ। ਇਹ ਅਭਿਆਸ ਆਸਟ੍ਰੇਲੀਆ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨ ਲਈ ਦੋਵਾਂ ਦੇਸ਼ਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
