Sport

ਆਸਟ੍ਰੇਲੀਅਨ ਓਪਨ: ਯਾਨਿਕ ਸਿਨਰ ਨੇ ਆਪਣੀ ਜਿੱਤ ਰੱਖੀ ਬਰਕਰਾਰ

ਮੈਲਬੌਰਨ – ਚੋਟੀ ਦੀ ਰੈਂਕਿੰਗ ਵਾਲੇ ਯਾਨਿਕ ਸਿਨਰ ਨੇ ਆਸਟ੍ਰੇਲੀਅਨ ਓਪਨ ਦੇ ਫਾਈਨਲ ’ਚ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਨੂੰ ਸਿੱਧੇ ਤਿੰਨ ਸੈਟਾਂ ’ਚ ਹਰਾ ਕੇ ਅਪਣੇ ਆਸਟ੍ਰੇਲੀਅਨ ਓਪਨ ਖਿਤਾਬ ਦਾ ਬਚਾਅ ਕੀਤਾ। ਇਟਲੀ ਦੇ 23 ਸਾਲ ਦੇ ਸਿਨਰ ਨੇ ਜਵੇਰੇਵ ਨੂੰ ਦੂਜੇ ਦਰਜੇ ਦੇ ਖਿਡਾਰੀ ਸਿਨਰ ਵਿਰੁਧ  6-3, 7-6, 6-3 ਨਾਲ ਹਰਾਇਆ, ਜੋ ਦੋ ਘੰਟੇ 42 ਮਿੰਟ ਤਕ ਬਿਨਾਂ ਕੋਈ ਬ੍ਰੇਕ ਪੁਆਇੰਟ ਗੁਆਏ ਰਹੇ। ਇਸ ਦੇ ਨਾਲ ਹੀ ਉਹ 1992 ਅਤੇ 1993 ’ਚ ਜਿਮ ਕੋਰੀਅਰ ਤੋਂ ਬਾਅਦ ਲਗਾਤਾਰ ਦੋ ਵਾਰ ਇਹ ਟਰਾਫੀ ਜਿੱਤਣ ਵਾਲੇ ਸੱਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਹਨ।

ਉਹ ਇਟਲੀ ਦੇ ਤਿੰਨ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੇ ਵੀ ਪਹਿਲੇ ਖਿਡਾਰੀ ਬਣ ਗਏ। ਸਾਲ 2019 ’ਚ ਜੋਕੋਵਿਕ ਨੇ ਦੂਜੀ ਰੈਂਕਿੰਗ ਵਾਲੇ ਨਡਾਲ ਨੂੰ ਹਰਾਇਆ ਸੀ, ਜਿਸ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਚੋਟੀ ਦੇ ਦੋ ਰੈਂਕਿੰਗ ਵਾਲੇ ਖਿਡਾਰੀ ਖਿਤਾਬੀ ਮੈਚ ’ਚ ਇਕ-ਦੂਜੇ ਦਾ ਸਾਹਮਣਾ ਕਰ ਰਹੇ ਸਨ। ਦੋਹਾਂ  ਖਿਡਾਰੀਆਂ ਦੀ ਰੈਂਕਿੰਗ ’ਚ ਸਿਰਫ ਇਕ ਸਥਾਨ ਦਾ ਫਰਕ ਹੈ ਪਰ ਫਾਈਨਲ ਮੈਚ ਦੇ ਦੂਜੇ ਸੈੱਟ ਤੋਂ ਇਲਾਵਾ ਜਵੇਰੇਵ ਕਦੇ ਵੀ ਸਿਨਰ ਨਾਲ ਮੁਕਾਬਲਾ ਕਰਦੇ ਨਜ਼ਰ ਨਹੀਂ ਆਏ। ਇਸ ਮੈਚ ’ਚ ਸਿਨਰ ਦੇ ਦਬਦਬੇ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਜਵੇਰੇਵ ਦੇ 25 ਵਿਨਰਸ ਦੇ ਮੁਕਾਬਲੇ 32 ਵਿਨਰਸ ਲਗਾਏ। ਜਰਮਨ ਨੇ 45 ਬੇਲੋੜੀਆਂ ਗਲਤੀਆਂ ਕੀਤੀਆਂ ਜਦਕਿ ਸਿਨਰ ਨੇ ਅੰਕੜੇ ਨੂੰ 27 ਤਕ  ਸੀਮਤ ਕਰ ਦਿਤਾ। ਸਿਨਰ ਦੀ ਇਹ ਲਗਾਤਾਰ 21ਵੀਂ ਜਿੱਤ ਹੈ। ਪਿਛਲੇ ਪੰਜ ਗ੍ਰੈਂਡ ਸਲੈਮ ’ਚ ਉਹ ਤੀਜੀ ਵਾਰ ਚੈਂਪੀਅਨ ਬਣਿਆ ਹੈ। ਪਿਛਲੇ ਸਾਲ ਤੋਂ ਉਸ ਦਾ ਜਿੱਤ-ਹਾਰ ਦਾ ਰੀਕਾਰਡ  80-6 ਹੈ ਅਤੇ ਇਸ ਦੌਰਾਨ ਉਸ ਨੇ ਕੁਲ  9 ਟੂਰਨਾਮੈਂਟ ਜਿੱਤੇ ਹਨ।

ਪੁਰਸ਼ ਸਿੰਗਲਜ਼ ’ਚ ਇਹ ਬਹੁਤ ਘੱਟ ਹੋਇਆ ਹੈ ਕਿ ਕਿਸੇ ਖਿਡਾਰੀ ਨੇ ਅਪਣੇ ਕਰੀਅਰ ਦੇ ਪਹਿਲੇ ਗ੍ਰੈਂਡ ਸਲੈਮ ਖਿਤਾਬ ਦਾ ਸਫਲਤਾਪੂਰਵਕ ਬਚਾਅ ਕੀਤਾ ਹੋਵੇ। ਸਿਨਰ ਤੋਂ ਪਹਿਲਾਂ ਸਪੇਨ ਦੇ ਰਾਫੇਲ ਨਡਾਲ ਨੇ 2005 ਅਤੇ 2006 ’ਚ ਫ੍ਰੈਂਚ ਓਪਨ ਦਾ ਖਿਤਾਬ ਜਿੱਤ ਕੇ ਅਜਿਹਾ ਕਾਰਨਾਮਾ ਕੀਤਾ ਸੀ।

ਓਪਨ ਯੁੱਗ (ਜੋ 1968 ਵਿਚ ਸ਼ੁਰੂ ਹੋਇਆ ਸੀ) ਵਿਚ ਸਿਨਰ ਅਪਣਾ ਪਹਿਲਾ ਤਿੰਨ ਗ੍ਰੈਂਡ ਸਲੈਮ ਫਾਈਨਲ ਜਿੱਤਣ ਵਾਲੇ ਅੱਠਵੇਂ ਖਿਡਾਰੀ ਹਨ, ਜਦਕਿ  ਜਵੇਰੇਵ ਅਪਣੇ  ਪਹਿਲੇ ਤਿੰਨ ਫਾਈਨਲ ਵਿਚ ਹਾਰਨ ਵਾਲੇ ਸੱਤਵੇਂ ਖਿਡਾਰੀ ਹਨ। ਜਵੇਰੇਵ ਇਸ ਤੋਂ ਪਹਿਲਾਂ 2020 ਯੂ.ਐਸ. ਓਪਨ ਅਤੇ 2024 ਫ੍ਰੈਂਚ ਓਪਨ ਦੇ ਫਾਈਨਲ ’ਚ ਪਹੁੰਚ ਚੁੱਕੇ ਹਨ।

ਦੂਜੇ ਪਾਸੇ ਅਮਰੀਕਾ ਦੀ ਟੇਲਰ ਟਾਊਨਸੇਂਡ ਨੇ ਚੈੱਕ ਗਣਰਾਜ ਦੀ ਕੈਟਰੀਨਾ ਸਿਨੀਆਕੋਵਾ ਨਾਲ ਮਿਲ ਕੇ ਸੀਹ ਸੁਵੇਈ ਅਤੇ ਜੇਲੇਨਾ ਓਸਟਾਪੇਂਕੋ ਨੂੰ ਹਰਾ ਕੇ ਆਸਟ੍ਰੇਲੀਅਨ ਓਪਨ ਮਹਿਲਾ ਡਬਲਜ਼ ਦਾ ਖਿਤਾਬ ਜਿੱਤ ਲਿਆ। ਟੇਲਰ ਅਤੇ ਕੈਟਰੀਨਾ ਦੀ ਚੋਟੀ ਦੀ ਸੀਡ ਜੋੜੀ ਨੇ ਤੀਜੀ ਦਰਜਾ ਪ੍ਰਾਪਤ ਜੋੜੀ ਨੂੰ 6-2, 6-7 (4), 6-3 ਨਾਲ ਹਰਾਇਆ। ਇਹ ਉਨ੍ਹਾਂ ਦਾ ਇਕੱਠੇ ਤੀਜਾ ਗ੍ਰੈਂਡ ਸਲੈਮ ਖਿਤਾਬ ਹੈ।

Related posts

ਹਾਕੀ ਇੰਡੀਆ ਵਲੋਂ 32 ਬਿਹਤਰੀਨ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ !

admin

ਰਾਸ਼ਟਰਮੰਡਲ ਖੇਡ ਫੈਡਰੇਸ਼ਨ ਨੇ ਆਪਣਾ ਨਾਮ ਬਦਲਕੇ ‘ਰਾਸ਼ਟਰਮੰਡਲ ਖੇਡ’ ਰੱਖਿਆ !

admin

ਰੈਸਲਿੰਗ ਫੈਡਰੇਸ਼ਨ ਤੋਂ ਮੁਅੱਤਲੀ ਹਟਾਈ: ਟਰਾਇਲ 15 ਮਾਰਚ ਤੋਂ ਹੋਣਗੇ !

admin