ਮੈਲਬੌਰਨ – ਜਸਟਿਨ ਲੈਂਗਰ ਨੇ ਐਸ਼ੇਜ਼ ਸੀਰੀਜ਼ ਵਿਚ ਸ਼ਾਨਦਾਰ ਜਿੱਤ ਤੋਂ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਆਸਟ੍ਰੇਲੀਆ ਦੀ ਪੁਰਸ਼ ਕ੍ਰਿਕਟ ਟੀਮ ਦੇ ਮੁੱਖ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਫੈਸਲਾ ਬੀਤੀ ਰਾਤ ਕ੍ਰਿਕਟ ਆਸਟ੍ਰੇਲੀਆ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ।
ਲੈਂਗਰ ਦੀ ਕੋਚਿੰਗ ਸ਼ੈਲੀ ਤੋਂ ਖਿਡਾਰੀਆਂ ਦੇ ਅਸੰਤੁਸ਼ਟ ਹੋਣ ਦੀਆਂ ਅਫਵਾਹਾਂ ਨੇ ਪਿਛਲੇ 12 ਮਹੀਨਿਆਂ ਤੋਂ ਟੀਮ ਨੂੰ ਘੇਰਿਆ ਹੋਇਆ ਹੈ ਅਤੇ ਆਸਟ੍ਰੇਲੀਅਨ ਕ੍ਰਿਕਟ ਜਗਤ ਦੇ ਵਿੱਚ ਇਸ ਸਬੰਧੀ ਮਿਲੀਆਂ-ਜੁਲੀਆਂ ਪ੍ਰਤੀਕ੍ਰਿਰਿਆਵਾਂ ਵੀ ਵੇਖਣ ਤੇ ਸੁਣਨ ਨੂੰ ਮਿਲ ਰਹੀਆਂ ਹਨ।
ਆਸਟ੍ਰੇਲੀਆ ਦੀ ਪੁਰਸ਼ ਕ੍ਰਿਕਟ ਟੀਮ ਦੇ ਮੁੱਖ ਕੋਚ ਦੇ ਅਹੁਦੇ ਤੋਂ ਜਸਟਿਨ ਲੈਂਗਰ ਦੇ ਵਲੋਂ ਅਸਤੀਫਾ ਦਿੱਤੇ ਜਾਣ ਨੂੰ ਰਿਕੀ ਪੋਂਟਿੰਗ ਨੇ ਮੰਦਭਾਗਾ ਕਰਾਰ ਦਿੱਤਾ ਹੈ। ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦਾ ਕਹਿਣਾ ਹੈ ਕਿ ਕ੍ਰਿਕਟ ਆਸਟ੍ਰੇਲੀਆ ਨੇ ਜਿਸ ਤਰ੍ਹਾਂ ਨਾਲ ਇਸ ਮਾਮਲੇ ਨੂੰ ਨਜਿੱਠਿਆ ਹੈ, ਉਹ ਲਗਭਗ ਸ਼ਰਮਨਾਕ ਹੈ। ਪੋਂਟਿੰਗ ਨੇ ਕਿਹਾ ਕਿ ਕ੍ਰਿਕਟ ਆਸਟ੍ਰੇਲੀਆ ਨੇ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਟੈਸਟ ਕੈਪਟਨ ਟਿਮ ਪੇਨ ਅਤੇ ਹੁਣ ਕੋਚ ਦੇ ਨਾਲ ਵਰਤਾਅ ਕੀਤਾ ਹੈ, ਇੱਕ ਬਹੁਤ ਹੀ ਸ਼ਰਮਨਾਕ ਕਾਰਵਾਈ ਹੈ।
ਵਰਨਣਯੋਗ ਹੈ ਕਿ ਜਸਟਿਨ ਲੈਂਗਰ ਨੇ ਹਾਲ ਹੀ ਵਿੱਚ ਪੁਰਸ਼ ਟੀਮ ਨੂੰ 4-0 ਦੀ ਐਸ਼ੇਜ਼ ਲੜੀ ਅਤੇ ਪਿਛਲੇ ਨਵੰਬਰ ਵਿੱਚ ਟੀ-20 ਵਿਸ਼ਵ ਕੱਪ ਜਿੱਤਾਉਣ ਦੇ ਲਈ ਕੋਚ ਵਜੋਂ ਅਹਿਮ ਭੂਮਿਕਾ ਨਿਭਾਈ ਸੀ। ਲੈਂਗਰ ਨੇ 2018 ਵਿੱਚ ਦੱਖਣੀ ਅਫ਼ਰੀਕਾ ਵਿੱਚ ਬਾਲ ਟੈਂਪਰਿੰਗ ਸਕੈਂਡਲ ਤੋਂ ਬਾਅਦ ਅਹੁਦਾ ਸੰਭਾਲਣ ਤੋਂ ਬਾਅਦ ਪੁਰਸ਼ ਕੋਚ ਵਜੋਂ 27 ਵਿੱਚੋਂ 15 ਟੈਸਟ ਜਿੱਤੇ ਹਨ।