ਮੈਲਬੌਰਨ – ਆਸਟ੍ਰੇਲੀਆ ਦੇ ਭਾਰਤ ਸਥਿਤ ਹਾਈ ਕਮਿਸ਼ਨਰ ਬੈਰੀ ਓ ਫੈਰਲ ਕੱਲ੍ਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਦੇ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਕੋਲੋਂ ਸ੍ਰੀ ਹਰਿਮੰਦਰ ਸਾਹਿਬ ਤੇ ਪਰਕਰਮਾ ਵਿੱਚ ਸਥਿਤ ਇਤਿਹਾਸਕ ਅਸਥਾਨਾ ਦੇ ਇਤਿਹਾਸ ਸਬੰਧੀ ਵਿਸਥਾਰ ਦੇ ਵਿੱਚ ਜਾਣਕਾਰੀ ਲਈ ਅਤੇ ਲੰਗਰ ਦੇ ਵਿੱਚ ਜਾ ਕੇ ੇਵਾ ਕੀਤੀ। ਸੂਚਨਾ ਕੇਂਦਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਮੁਖਤਿਆਰ ਸਿੰਘ ਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਤੇ ਅੰਮ੍ਰਿਤਪਾਲ ਸਿੰਘ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ।
ਆਸਟ੍ਰੇਲੀਅਨ ਹਾਈ ਕਮਿਸ਼ਨਰ ਬੈਰੀ ਓ ਫੈਰਲ ਨੇ ਇਸ ਮੌਕੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਮੈਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ-ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਕੱੁਝ ਸਵਾਲਾਂ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਸਿੱਖ ਕੌਮ ਬੜੀ ਸੇਵਾ ਭਾਵਨਾ ਵਾਲੀ ਤੇ ਪਰਉਪਕਾਰੀ ਕੌਮ ਹੈ। ਜਦੋਂ ਵੀ ਕਿਤੇ ਭੀੜ ਬਣਦੀ ਹੈ ਤਾਂ ਇਹ ਹਮੇਸ਼ਾਂ ਤੱਤਪਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵਿਖੇ ਵੀ ਹਰ ਮੁਸੀਬਤ ਮੌਕੇ ਸਿੱਖ ਕੌਮ ਨੇ ਲੋਕਾਂ ਦਾ ਵਿਸ਼ੇਸ਼ ਤੌਰ ‘ਤੇ ਸਾਥ ਦਿੱਤਾ ਤੇ ਖ਼ਾਸਕਰ ਕੋਵਿਡ-19 ਮੌਕੇ ਬਹੁਤ ਮਦਦ ਕੀਤੀ ਹੈ। ਭਾਰਤ ਦੀ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਕਾਨੂੰਨ ਲਾਗੂ ਕਰਨ ਬਾਰੇ ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਵੀ ਡਿਪਲੋਮੈਟਿਕ ਪਾਲਿਸੀ ਨਹੀਂ ਹੈ, ਇਹ ਭਾਰਤ ਦਾ ਅੰਦਰੂਨੀ ਮਸਲਾ ਹੈ ਅਤੇ ਮੈਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦਾ।