ਕੈਨਬਰਾ – ਆਸਟ੍ਰੇਲੀਆ ਦੇ ਸੀਨੀਅਰ ਨਾਗਰਿਕ ਅਤੇ ਬਜ਼ੁਰਗ ਦੇਖਭਾਲ ਸੇਵਾ ਮੰਤਰੀ ਰਿਚਰਡ ਕੋਲਬੇਕ ਨੇ ਸੈਨੇਟ ਵਿੱਚ ਕਿਹਾ ਹੈ ਕਿ ਦੇਸ਼ ਦੀ ਬਜ਼ੁਰਗ ਦੇਖ-ਰੇਖ ਵਿੱਚ ਕੋਰੋਨਾ ਵਾਇਰਸ ਮੌਤਾਂ ਵਿਚ ਵਾਧੇ ਦੇ ਬਾਵਜੂਦ ਕੋਈ ਸੰਕਟ ਨਹੀਂ ਹੈ। ਸਿਹਤ ਅਧਿਕਾਰੀਆਂ ਨੇ ਸੰਸਦੀ ਕਮੇਟੀ ਨੂੰ ਕਿਹਾ ਕਿ ਸਾਲ 2022 ਵਿੱਚ ਹੁਣ ਤੱਕ 691 ਸੀਨੀਅਰ ਨਾਗਰਿਕਾਂ ਦੀ ਕੋਰੋਨਾ ਇਨਫੈਕਸ਼ਨ ਤੋਂ ਮੌਤ ਹੋ ਚੁੱਕੀ ਹੈ ਜਦਕਿ ਸਾਲ 2021 ਵਿਚ 282 ਸੀਨੀਅਰ ਨਾਗਰਿਕਾਂ ਦੀ ਮੌਤ ਹੋਈ ਸੀ ਅਤੇ ਸਾਲ 2020 ਵਿੱਚ 685 ਸੀਨੀਅਰ ਨਾਗਰਿਕਾਂ ਦੀ ਮੌਤ ਹੋਈ।
ਆਸਟ੍ਰੇਲੀਆ ਦੇ 2,900 ਬਜ਼ੁਰਗਾਂ ਦੀ ਦੇਖਭਾਲ ਸਹੂਲਤ ਕੇਂਦਰਾਂ ਵਿੱਚੋਂ 900 ਤੋਂ ਵੱਧ ਮੌਜੂਦਾ ਸਮੇਂ ਵਿੱਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹਨ। ਮੰਤਰੀ ਨੇ ਵਿਆਪਕ ਕੋਵਿਡ-19 ਦੇ ਪ੍ਰਕੋਪ ਅਤੇ ਇਸ ਜਾਨਲੇਵਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਹੋਣ ਦੇ ਦੋਸ਼ ਨੂੰ ਖਾਰਿਜ ਕੀਤਾ ਹੈ। ਆਸਟ੍ਰੇਲੀਆ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 25,000 ਨਵੇਂ ਕੇਸ ਸਾਹਮਣੇ ਆਏ ਅਤੇ ਇਸ ਜਾਨਲੇਵਾ ਵਾਇਰਸ ਦੇ ਸੰਕਰਮਣ ਤੋਂ 60 ਹੋਰ ਮਰੀਜਾਂ ਦੀ ਮੌਤ ਹੋ ਗਈ।