ਕੈਨਬਰਾ – ਆਸਟ੍ਰੇਲੀਆ ਪੋਸਟ ਨੇ ਬਰਤਾਨੀਆਂ ਦੀ ਮਹਾਰਾਣੀ ਐਲਿਜ਼ਾਬੈਥ ਦੀ ਪਲੈਟੀਨਮ ਜੁਬਲੀ ਦੇ ਮੌਕੇ ‘ਤੇ ਦੋ ਡਾਕ ਟਿਕਟਾਂ ਜਾਰੀ ਕੀਤੀਆਂ ਹਨ, ਆਸਟ੍ਰੇਲੀਆ ਰਾਸ਼ਟਰਮੰਡਲ ਦੀ ਮੁਖੀ ਵਜੋਂ ਉਨ੍ਹਾਂ ਦੀ 70ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਹਨਾਂ ਟਿਕਟਾਂ ਉਪਰ ਮਹਾਰਾਣੀ ਐਲਿਜ਼ਾਬੈਥ-2 ਦੀਆਂ 1952 ਦੀ ਉਹ ਤਸਵੀਰ ਹੈ, ਜਦੋਂ ਉਹ ਗੱਦੀ ‘ਤੇ ਬਿਰਾਜਮਾਨ ਹੋਈ ਸੀ ਅਤੇ 2019 ਵਿਚ ਰਾਸ਼ਟਰਮੰਡਲ ਦੇ ਮੁਖੀ ਵਜੋਂ ਉਸ ਦੀ ਲੰਬੀ ਉਮਰ ਨੂੰ ਦਰਸਾਉਂਦੀ ਹੈ, ਜਿਸ ਵਿੱਚ ਆਸਟ੍ਰੇਲੀਆ, ਕੈਨੇਡਾ ਅਤੇ ਨਿਊਜ਼ੀਲੈਂਡ ਵਰਗੇ ਦੇਸ਼ ਸ਼ਾਮਲ ਹਨ।
ਇਸ ਸਬੰਧੀ ਆਸਟ੍ਰੇਲੀਆ ਪੋਸਟ ਦੇ ਮੈਨੇਜਰ ਮਾਈਕਲ ਜ਼ਸੋਲਟ ਨੇ ਕਿਹਾ ਕਿ ਨਵੀਨਤਮ ਵਾਧਾ ਮਹਾਰਾਣੀ ਐਲਿਜ਼ਾਬੈਥ-2 ਦਾ ਸਨਮਾਨ ਕਰਨ ਦੀ ਸੇਵਾ ਦੀ ਪਰੰਪਰਾ ਦਾ ਹਿੱਸਾ ਹੈ। ਮਹਾਰਾਣੀ ਐਲਿਜ਼ਾਬੈਥ-2 ਆਸਟ੍ਰੇਲੀਅਨ ਟਿਕਟਾਂ ‘ਤੇ ਸਭ ਤੋਂ ਵੱਧ ਵਿਸ਼ੇਸ਼ ਜਾਂ ਫੀਚਰਡ ਵਿਅਕਤੀ ਹੈ ਅਤੇ ਆਸਟ੍ਰੇਲੀਆ ਪੋਸਟ ਰਾਸ਼ਟਰਮੰਡਲ ਵਿੱਚ ਪਹਿਲੀ ਡਾਕ ਅਥਾਰਟੀ ਸੀ ਜੋ ਹਰ ਸਾਲ ਉਹਨਾਂ ਦੇ ਜਨਮਦਿਨ ਲਈ ਇੱਕ ਟਿਕਟ ਤਿਆਰ ਕਰਦੀ ਸੀ।
ਵਰਨਣਯੋਗ ਹੈ ਕਿ ਆਸਟ੍ਰੇਲੀਆ ਪੋਸਟ ਨੇ ਪਹਿਲਾਂ ਮਹਾਰਾਣੀ ਐਲਿਜ਼ਾਬੈਥ-2 ਦੀ ਗੋਲਡਨ ਅਤੇ ਡਾਇਮੰਡ ਜੁਬਲੀ ਮਨਾਉਣ ਲਈ ਡਾਕ ਟਿਕਟਾਂ ਜਾਰੀ ਕੀਤੀਆਂ ਸਨ, ਜੋ ਉਹਨਾਂ ਦੀ ਸੇਵਾ ਦੇ 50 ਅਤੇ 60 ਸਾਲਾਂ ਨੂੰ ਦਰਸਾਉਂਦੀਆਂ ਹਨ। ਹਾਲਾਂਕਿ ਮਹਾਰਾਣੀ ਐਲਿਜ਼ਾਬੈਥ-2 ਦੀ ਆਸਟ੍ਰੇਲੀਆ ਦੇ ਸ਼ਾਸਨ ਵਿੱਚ ਬਹੁਤ ਘੱਟ ਸ਼ਮੂਲੀਅਤ ਹੈ, ਫਿਰ ਵੀ ਉਹ ਅਜੇ ਵੀ ਇੱਕ ਪ੍ਰਮੁੱਖ ਸੱਭਿਆਚਾਰਕ ਭੂਮਿਕਾ ਨਿਭਾਉਂਦੀ ਹੈ। ਉਹਨਾਂ ਦਾ ਚਿੱਤਰ ਆਸਟ੍ਰੇਲੀਅਨ ਕਰੰਸੀ ਉਪਰ ਵੀ ਪ੍ਰਦਰਸ਼ਿਤ ਹੁੰਦਾ ਹੈ।