Punjab

ਇਕ ਦਿਨ ਡੀ.ਸੀ ਦੇ ਨਾਲ: ਜ਼ਿਲ੍ਹਾ ਸੰਗਰੂਰ ਦੀਆਂ ਟਾਪਰ ਵਿਦਿਆਰਥਣਾਂ ਨੇ ਡੀ.ਸੀ. ਨਾਲ ਬਿਤਾਇਆ ਪੂਰਾ ਦਿਨ

ਇਸ ਅਨੂਠੀ ਪਹਿਲਕਦਮੀ ਦਾ ਉਦੇਸ਼ ਨਾ ਕੇਵਲ ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨਿਤ ਕਰਨਾ ਸੀ, ਸਗੋਂ ਉਨ੍ਹਾਂ ਨੂੰ ਪ੍ਰਸ਼ਾਸਨਿਕ ਅਨੁਭਵ, ਲੀਡਰਸ਼ਿਪ ਅਤੇ ਜਨਤਕ ਸੇਵਾ ਦੀਆਂ ਜ਼ਮੀਨੀ ਹਕੀਕਤਾਂ ਤੋਂ ਜਾਣੂ ਕਰਵਾਉਣਾ ਵੀ ਸੀ।
ਸੰਗਰੂਰ – ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲਕਦਮੀ ‘ਇਕ ਦਿਨ ਡੀ.ਸੀ ਦੇ ਨਾਲ’ ਪ੍ਰੋਗਰਾਮ ਤਹਿਤ ਅੱਜ ਜ਼ਿਲ੍ਹਾ ਸੰਗਰੂਰ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਵਿਚ ਮੋਹਰੀ ਸਥਾਨ ਹਾਸਿਲ ਕਰਨ ਵਾਲੀਆਂ ਹੋਣਹਾਰ ਵਿਦਿਆਰਥਣਾਂ ਨੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨਾਲ ਇਕ ਪ੍ਰੇਰਣਾਦਾਇਕ ਦਿਨ ਬਿਤਾਇਆ। ਇਸ ਅਨੂਠੀ ਪਹਿਲਕਦਮੀ ਦਾ ਉਦੇਸ਼ ਨਾ ਕੇਵਲ ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨਿਤ ਕਰਨਾ ਸੀ, ਸਗੋਂ ਉਨ੍ਹਾਂ ਨੂੰ ਪ੍ਰਸ਼ਾਸਨਿਕ ਅਨੁਭਵ, ਲੀਡਰਸ਼ਿਪ ਅਤੇ ਜਨਤਕ ਸੇਵਾ ਦੀਆਂ ਜ਼ਮੀਨੀ ਹਕੀਕਤਾਂ ਤੋਂ ਜਾਣੂ ਕਰਵਾਉਣਾ ਵੀ ਸੀ।
ਸਵੇਰੇ 7:30 ਵਜੇ ਵਿਦਿਆਰਥਣਾਂ ਡਿਪਟੀ ਕਮਿਸ਼ਨਰ ਰਿਹਾਇਸ਼ ‘ਤੇ ਪਹੁੰਚੀਆਂ, ਜਿਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਵਿਦਿਆਰਥਣਾਂ ਨਾਲ ਜਾਣ-ਪਛਾਣ ਸੈਸ਼ਨ ਵਿਚ ਹਿੱਸਾ ਲਿਆ ਅਤੇ ਆਪਣੀ ਰੋਜ਼ਾਨਾ ਅਨੁਸ਼ਾਸਿਤ ਜੀਵਨ ਸ਼ੈਲੀ ਬਾਰੇ ਦੱਸਿਆ। ਇਸ ਮੌਕੇ ਉਹਨਾਂ ਆਪਣਾ ਸਰਕਾਰੀ ਘਰ ਖੁਦ ਦਿਖਾਇਆ।
9 ਵਜੇ ਤੋਂ ਬਾਅਦ ਵਿਦਿਆਰਥਣਾਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਦੌਰਾ ਕਰਵਾਇਆ ਗਿਆ। ਉਨ੍ਹਾਂ ਨੂੰ ਵੱਖ-ਵੱਖ ਵਿਭਾਗਾਂ ਦੇ ਕੰਮਕਾਜ਼, ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ ਅਤੇ ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਪ੍ਰਤੱਖ ਤੌਰ ‘ਤੇ ਦੇਖਣ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਵਿਦਿਆਰਥਣਾਂ ਨੂੰ ਮੀਟਿੰਗਾਂ ਵਿਚ ਵੀ ਹਿੱਸਾ ਦਿਵਾਇਆ ਗਿਆ ਜਿਥੇ ਜ਼ਿਲ੍ਹੇ ਦੇ ਵਿਕਾਸ ਮੁੱਦਿਆਂ ‘ਤੇ ਚਰਚਾ ਕੀਤੀ ਗਈ।
ਇਸ ਤੋਂ ਬਾਅਦ ਉਨ੍ਹਾਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਬੈਂਬੀ ਅਤੇ ਸਹਾਇਕ ਕਮਿਸ਼ਨਰ (ਜ) ਸ੍ਰ ਲਵਪ੍ਰੀਤ ਸਿੰਘ ਔਲਖ ਨਾਲ ਦੁਪਹਿਰ ਦਾ ਖਾਣਾ ਖਾਧਾ। ਬਾਅਦ ਵਿਚ ਉਹ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਅਦਾਲਤ ਵਿੱਚ ਗਏ ਅਤੇ ਅਦਾਲਤੀ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਦਿਨ ਦੇ ਅੰਤ ਵਿਚ ਵਿਦਿਆਰਥਣਾਂ ਅਤੇ ਡਿਪਟੀ ਕਮਿਸ਼ਨਰ ਵਿਚਕਾਰ ਇਕ ਖੁੱਲ੍ਹਾ ਸੰਵਾਦ ਸੈਸ਼ਨ ਹੋਇਆ, ਜਿਸ ਵਿਚ ਵਿਦਿਆਰਥਣਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਡਿਪਟੀ ਕਮਿਸ਼ਨਰ ਤੋਂ ਪ੍ਰੇਰਨਾਦਾਇਕ ਵਿਚਾਰ ਸੁਣੇ। ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਵਿਦਿਆਰਥਣਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਰੋਸ਼ਨ ਭਵਿੱਖ ਦੀ ਕਾਮਨਾ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰੋਗਰਾਮ ਨੇ ਵਿਦਿਆਰਥਣਾਂ ਨੂੰ ਨਾ ਕੇਵਲ ਸਰਕਾਰੀ ਪ੍ਰਸ਼ਾਸਨ ਦੇ ਕੰਮਕਾਜ਼ ਤੋਂ ਜਾਣੂ ਕਰਵਾਇਆ ਸਗੋਂ ਉਨ੍ਹਾਂ ਵਿੱਚ ਲੀਡਰਸ਼ਿਪ, ਅਨੁਸ਼ਾਸਨ ਅਤੇ ਲੋਕ ਸੇਵਾ ਦੀ ਭਾਵਨਾ ਵੀ ਭਰੀ। ਉਨ੍ਹਾਂ ਕਿਹਾ ਕਿ ‘ਇਕ ਦਿਨ ਡੀ.ਸੀ ਦੇ ਨਾਲ’ ਵਰਗੇ ਉਪਰਾਲੇ ਵਿਦਿਆਰਥੀਆਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਇਕ ਮੀਲ ਪੱਥਰ ਸਾਬਤ ਹੋ ਸਕਦੇ ਹਨ।
 ਇਸ ਮੌਕੇ ਮੈਰੀਟੋਰੀਅਸ ਸਕੂਲ ਘਾਬਦਾਂ ਦੀ ਵਿਦਿਆਰਥਣ ਆਕਾਸ਼ਦੀਪ ਕੌਰ 12ਵੀਂ ਜਮਾਤ ਜ਼ਿਲ੍ਹਾ ਸੰਗਰੂਰ ਵਿੱਚੋਂ 2 ਰੈਂਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਭਵਾਨੀਗੜ੍ਹ ਦੀ ਵਿਦਿਆਰਥਣ ਇਮਾਨਤ ਕੌਰ 12 ਵੀਂ ਜਮਾਤ ਜ਼ਿਲ੍ਹਾ ਸੰਗਰੂਰ ਵਿੱਚੋਂ ਤੀਜਾ ਰੈਂਕ ਅਤੇ ਸਰਕਾਰੀ ਹਾਈ ਸਕੂਲ ਮੰਗਵਾਲ ਦੀ ਵਿਦਿਆਰਥਣ ਜਸਦੀਪ ਕੌਰ 10ਵੀ ਜਮਾਤ ਜ਼ਿਲ੍ਹਾ ਸੰਗਰੂਰ ਵਿੱਚੋਂ 3 ਰੈਂਕ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਉਹਨਾਂ ਦੇ ਜੀਵਨ ਦਾ ਇਕ ਵਿਲੱਖਣ ਮੌਕਾ ਸੀ ਜਿਸ ਨੇ ਉਨ੍ਹਾਂ ਨੂੰ ਪ੍ਰਸ਼ਾਸਨਿਕ ਪ੍ਰਕਿਰਿਆ, ਲੀਡਰਸ਼ਿਪ ਅਤੇ ਜਨਤਕ ਸੇਵਾ ਦੀਆਂ ਬਾਰੀਕੀਆਂ ਨੂੰ ਸਮਝਣ ਦਾ ਮੌਕਾ ਦਿੱਤਾ। ਉਨ੍ਹਾਂ ਨੇ ਇਸ ਅਨੁਭਵ ਨੂੰ ਅਭੁੱਲ ਅਤੇ ਪ੍ਰੇਰਨਾਦਾਇਕ ਦੱਸਿਆ ਅਤੇ ਕਿਹਾ ਕਿ ਇਹ ਉਨ੍ਹਾਂ ਨੂੰ ਆਪਣੇ ਭਵਿੱਖ ਦੇ ਟੀਚੇ ਨਿਰਧਾਰਤ ਕਰਨ ਵਿਚ ਮਦਦ ਕਰੇਗਾ। ਬੱਚਿਆਂ ਦੇ ਮਾਪਿਆਂ ਨੇ ਵੀ ਇਸਨੂੰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਇਕ ਪ੍ਰੇਰਨਾਦਾਇਕ ਕਦਮ ਕਿਹਾ।

Related posts

ਪੰਜਾਬ ਵਿੱਚ ਹੜ੍ਹਾਂ ਨੇ 37 ਸਾਲਾਂ ਬਾਅਦ ਵੱਡੀ ਤਬਾਹੀ ਮਚਾਈ ਹੈ !

admin

ਪੰਜਾਬ ਦੇ 23 ਜਿਲ੍ਹੇ ਹੜ੍ਹਾਂ ਦੀ ਮਾਰ ਹੇਠ : ਦਿੱਲੀ ਵਿੱਚ ਵੀ ਹਾਲਾਤ ਗੰਭੀਰ !

admin

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin