ਯੇਰੂਸ਼ਲਮ – ਇਜ਼ਰਾਈਲ ਦੇ ਇਕ ਹੋਰ ਦੁਸ਼ਮਣ ਦੀ ਮੌਤ ਦੀ ਪੁਸ਼ਟੀ ਹੋਈ ਹੈ। ਅਸਲ ਵਿਚ ਇਜ਼ਰਾਈਲੀ ਫੌਜ ਨੇ ਵੀਰਵਾਰ ਨੂੰ ਕਿਹਾ ਕਿ ਹਮਾਸ ਦੇ ਫੌਜੀ ਵਿੰਗ ਦਾ ਮੁਖੀ ਮੁਹੰਮਦ ਡੇਫ ਜੁਲਾਈ ਵਿਚ ਗਾਜ਼ਾ ਵਿਚ ਹੋਏ ਹਵਾਈ ਹਮਲੇ ਵਿਚ ਮਾਰਿਆ ਗਿਆ ਸੀ। ਡੇਫ ਹੀ ਇਜ਼ਰਾਈਲ ’ਤੇ 7 ਅਕਤੂਬਰ ਨੂੰ ਹੋਏ ਹਮਲੇ ਦਾ ਮਾਸਟਰਮਾਈਂਡ ਸੀ। ਇਜ਼ਰਾਈਲ ਨੇ 13 ਜੁਲਾਈ ਨੂੰ ਦੱਖਣੀ ਗਾਜ਼ਾ ਸ਼ਹਿਰ ਖਾਨ ਯੂਨਿਸ ਦੇ ਬਾਹਰਵਾਰ ਇਲਾਕੇ ਵਿਚ ਸਥਿਤ ਇੱਕ ਅਹਾਤੇ ’ਤੇ ਹਮਲਾ ਕਰ ਕੇ ਡੇਫ ਨੂੰ ਨਿਸ਼ਾਨਾ ਬਣਾਇਆ, ਪਰ ਉਸ ਸਮੇਂ ਡੇਫ ਦੇ ਮਾਰੇ ਜਾਣ ਦੀ ਤੁਰੰਤ ਪੁਸ਼ਟੀ ਨਹੀਂ ਹੋਈ ਸੀ। ਗਾਜ਼ਾ ਦੇ ਸਿਹਤ ਅਧਿਕਾਰੀਆਂ ਨੇ ਉਸ ਸਮੇਂ ਕਿਹਾ ਕਿ ਹਮਲੇ ’ਚ ਨੇੜਲੇ ਤੰਬੂਆਂ ’ਚ ਵਿਸਥਾਪਿਤ ਨਾਗਰਿਕਾਂ ਸਮੇਤ 90 ਤੋਂ ਵੱਧ ਹੋਰ ਲੋਕ ਮਾਰੇ ਗਏ ਸਨ। ਵੀਰਵਾਰ ਨੂੰ ਇੱਕ ਬਿਆਨ ’ਚ ਇਜ਼ਰਾਈਲੀ ਫੌਜ ਨੇ ਕਿਹਾ ਕਿ ‘ਖੁਫੀਆ ਮੁਲਾਂਕਣ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਕਿ ਮੁਹੰਮਦ ਡੇਫ ਨੂੰ ਹਮਵੇ ’ਚ ਖ਼ਤਮ ਕਰ ਦਿੱਤਾ ਗਿਆ ਸੀ।’ 1990 ਦੇ ਦਹਾਕੇ ’ਚ ਹਮਾਸ ਦੇ ਫੌਜੀ ਵਿੰਗ, ਕਾਸਮ ਬਿ੍ਰਗੇਡਜ਼ ਦੇ ਸੰਸਥਾਪਕਾਂ ’ਚੋਂ ਇੱਕ ਡੇਫ ਨੇ ਦਹਾਕਿਆਂ ਤੱਕ ਯੂਨਿਟ ਦੀ ਅਗਵਾਈ ਕੀਤੀ। ਉਸਦੀ ਕਮਾਂਡ ਹੇਠ, ਇਸ ਨੇ ਬੱਸਾਂ ਤੇ ਕੈਫੇ ’ਚ ਇਜ਼ਰਾਈਲੀਆਂ ਦੇ ਵਿਰੁੱਧ ਦਰਜਨਾਂ ਆਤਮਘਾਤੀ ਬੰਬ ਧਮਾਕੇ ਕੀਤੇ ਤੇ ਰਾਕਟਾਂ ਦਾ ਇੱਕ ਜ਼ਬਰਦਸਤ ਹਥਿਆਰ ਬਣਾਇਆ ਜੋ ਇਜ਼ਰਾਈਲ ’ਚ ਡੂੰਘੇ ਹਮਲੇ ਕਰ ਸਕਦਾ ਸੀ ਅਤੇ ਅਕਸਰ ਕਰਦਾ ਸੀ।