ਮਿਲਾਨ – ਬੀਤੇ ਦਿਨੀਂ ਯੂਨੀਅਨ ਸਿੱਖ ਇਟਲੀ ਸੰਸਥਾ ਅਧੀਨ ਇਟਲੀ ਦੇ ਧਾਰਮਿਕ ਆਜ਼ਾਦੀ ਦੇ ਸੰਵਿਧਾਨਕ ਕਾਨੂੰਨ ਤਹਿਤ ਸਿੱਖ ਧਰਮ ਨੂੰ ਇਟਲੀ ਦੇਸ਼ ਵਿੱਚ ਕਾਨੂੰਨੀ ਤੌਰ ‘ਤੇ ਮਾਨਤਾ ਦੇਣ ਸਬੰਧੀ ਪ੍ਰਧਾਨ ਸਤਵਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਜ਼ਿਲ੍ਹਾ ਰਿਜੋ ਇਮੀਲੀਆ ਦੀ ਜ਼ਿਲ੍ਹਾ ਮੁਖੀ (ਪ੍ਰਫੈਤੋ) ਨਾਲ ਮੁਲਾਕਾਤ ਕੀਤੀ ਗਈ ਅਤੇ ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਅਰਜ਼ੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਮੁਖੀ ਸ੍ਰੀਮਤੀ ਡਾ. ਆਇਓਲਾਂਦਾ ਰੌਲੀ ਅਤੇ ਉਹਨਾਂ ਦੇ ਸਾਰੇ ਅਮਲੇ ਵੱਲੋਂ ਵਿਸ਼ੇਸ਼ ਤੌਰ ‘ਤੇ ਸੰਸਥਾ ਦੇ ਆਗੂਆਂ ਨੂੰ ਜੀ ਆਇਆਂ ਆਖਿਆ ਅਤੇ ਜ਼ਿਲ੍ਹਾ ਮੁਖੀ ਨੇ ਅਰਜ਼ੀ ਨੂੰ ਪ੍ਰਾਪਤ ਕੀਤਾ।
ਇਸ ਮੌਕੇ ਪ੍ਰਧਾਨ ਸ. ਬਾਜਵਾ ਨੇ ਕਿਹਾ ਕਿ ਫੈਡਰੇਸ਼ਨ ਯੂਨੀਅਨ ਸਿੱਖ ਇਟਲੀ 50 ਤੋਂ ਵੱਧ ਗੁਰਦੁਆਰਿਆਂ ਨੂੰ ਇਕੱਠਿਆਂ ਕਰਕੇ ਬਣਾਇਆ ਇੱਕ ਫੈਡਰਲ ਰੂਪੀ ਸੰਗਠਨ ਹੈ। ਸ. ਬਾਜਵਾ ਨੇ ਅੱਗੇ ਦੱਸਿਆ ਕਿ ਸਭ ਤੋਂ ਪਹਿਲਾਂ ਇਟਲੀ ਪੱਧਰ ਤੇ ਸਾਰਿਆਂ ਨੂੰ ਇਕੱਠਿਆਂ ਕਰਕੇ ਕਨੂੰਨ ਨੂੰ ਵਾਚਿਆ ਗਿਆ। ਫਿਰ ਅਸੀਂ ਇੱਕ ਸਾਂਝੀ ਫੈਡਰੇਸ਼ਨ ਬਣਾਈ। ਇਸ ਸੰਸਥਾ ਦਾ ਸੰਵਿਧਾਨ ਧਾਰਮਿਕ ਆਜ਼ਾਦੀ, ਸਿੱਖ ਧਰਮ ਦੀ ਮਰਿਯਾਦਾ ਅਤੇ ਇਟਾਲੀਅਨ ਸੰਵਿਧਾਨ ਦੇ ਸਿਧਾਂਤਾਂ ਮੁਤਾਬਿਕ ਬਣਾਇਆ ਗਿਆ ਹੈ। ਸ. ਬਾਜਵਾ ਨੇ ਅੱਗੇ ਕਿਹਾ ਕਿ ਇਟਲੀ ਵਿੱਚ ਨਿਵਾਸ ਕਰਦੇ ਇਮਾਨਦਾਰੀ ਦੀ ਕਿਰਤ ਕਮਾਈ ਕਰਕੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣ ਵਾਲੇ ਸਿੱਖ ਹੋਣ ਦੇ ਨਾਤੇ ਅਸੀਂ ਇੱਕ ਰਾਸ਼ਟਰੀ ਭਾਈਚਾਰੇ ਦਾ ਹਿੱਸਾ ਮਹਿਸੂਸ ਕਰਦੇ ਹਾਂ। ਜਿਸ ਦੇ ਕਾਨੂੰਨਾਂ ਪ੍ਰੰਪਰਾਵਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਅਤੇ ਜਿਸ ਵਿੱਚ ਅਸੀਂ ਆਪਣੀਆਂ ਧਾਰਮਿਕ ਪ੍ਰੰਪਰਾਵਾਂ ਦੇ ਗੁਣਾਂ ਨਾਲ ਯੋਗਦਾਨ ਪਾਉਣਾ ਚਾਹੁੰਦੇ ਹਾਂ। ਉਹਨਾਂ ਕਿਹਾ ਕਿ ਅਸੀਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਜ਼ਿਲ੍ਹਾ ਮੁਖੀ ਪ੍ਰਫੈਤੋ ਸਾਹਿਬਾ ਦੇ, ਇਟਲੀ ਦੇਸ਼ ਦੇ ਗ੍ਰਹਿ ਮੰਤਰਾਲੇ ਦੇ ਧਾਰਮਿਕ ਮਾਮਲਿਆਂ ਸਬੰਧੀ ਕੇਂਦਰੀ ਸਰਕਾਰ ਦੇ ਡਾਇਰੈਕਟਰ ਸਾਹਿਬ ਦੇ, ਨੋਵੇਲਾਰਾ ਸ਼ਹਿਰ ਦੀ ਮੇਅਰ ਸਾਹਿਬਾ ਸ੍ਰੀਮਤੀ ਡਾ. ਏਲੇਨਾ ਕਾਰਲੇਤੀ ਜੀ ਦੇ ਵੱਖ-ਵੱਖ ਇਟਾਲੀਅਨ ਯੂਨੀਵਰਸਿਟੀਆਂ ਦੇ ਨਿਆਂਇਕ ਵਿਗਿਆਨੀਆਂ ਅਤੇ ਕਾਨੂੰਨੀ ਮਾਹਿਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੰਸਥਾ ਨੂੰ ਇਹ ਅਰਜ਼ੀ ਤਿਆਰ ਕਰਨ ਵਿੱਚ ਪੂਰਨ ਸਹਿਯੋਗ ਦਿੱਤਾ। ਉਹਨਾਂ ਕਿਹਾ ਕਿ ਸੰਸਥਾ ਨੂੰ ਗੁਰੂ ਸਾਹਿਬਾਂ ਦੀ ਕਿਰਪਾ ਨਾਲ ਪੂਰਨ ਭਰੋਸਾ ਹੈ ਕਿ ਅਰਜ਼ੀ ਤੇਜ਼ੀ ਨਾਲ ਧਾਰਮਿਕ ਮਾਨਤਾ ਵੱਲ ਵਧੇਗੀ। ਫੈਡਰੇਸ਼ਨ ਯੂਨੀਅਨ ਸਿੱਖ ਇਟਲੀ ਇਟਾਲੀਅਨ ਸਮਾਜ ਦੇ ਸਭਿਆਚਾਰਕ, ਸਮਾਜਿਕ, ਧਾਰਮਿਕ ਖੇਤਰ ਅਤੇ ਜੀਵਨ ਵਿੱਚ ਪੂਰਾ ਯੋਗਦਾਨ ਪਾਉਣ ਲਈ ਕਾਬਲ ਹੋ ਸਕੇਗੀ।